ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ

11/20/2017 3:47:21 AM

ਹੁਸ਼ਿਆਰਪੁਰ, (ਘੁੰਮਣ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਵਣ ਰੇਂਜ ਦੀ ਮੀਟਿੰਗ ਰੇਂਜ ਪ੍ਰਧਾਨ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਰੇਂਜ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਦੌਰਾਨ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। 
ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 8-9 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂਨੂੰ ਆਰਥਿਕ ਤੰਗੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਵਣ ਮੰਡਲ ਅਫਸਰ ਅਤੇ ਰੇਂਜ ਅਧਿਕਾਰੀਆਂ ਨਾਲ ਮੀਟਿੰਗ ਕਰਨ 'ਤੇ ਵੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ। ਵਰਕਰਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਤਨਖਾਹਾਂ, ਸਾਲ 2016-17 ਦੀਆਂ ਮਨਰੇਗਾ ਦੀਆਂ ਪੇਮੈਂਟਾਂ ਅਤੇ ਹੋਰ ਮੰਗਾਂ ਦਾ ਨਿਪਟਾਰਾ 21 ਨਵੰਬਰ ਤੱਕ ਨਾ ਕੀਤਾ ਗਿਆ ਤਾਂ 23 ਨਵੰਬਰ ਨੂੰ ਰੇਂਜ ਪੱਧਰ 'ਤੇ ਧਰਨਾ ਅਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਉਪਰੰਤ 27 ਨਵੰਬਰ ਨੂੰ ਮੰਡਲ ਦਫਤਰ ਹੁਸ਼ਿਆਰਪੁਰ ਵਿਖੇ ਸਮੂਹ ਰੇਂਜਾਂ ਦੇ ਵਰਕਰਾਂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਰੋਸ ਰੈਲੀ ਕੀਤੀ ਜਾਵੇਗੀ, ਜੋ ਕਿ ਤਨਖਾਹਾਂ ਮਿਲਣ ਤੱਕ ਜਾਰੀ ਰਹੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਵਣ ਮੰਡਲ ਅਫਸਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜੁਗਿੰਦਰ ਸਿੰਘ, ਸੁਖਦੇਵ ਸਿੰਘ, ਤਾਰਾ ਚੰਦ, ਰਾਜ ਕੁਮਾਰ, ਸਤਨਾਮ ਸਿੰਘ, ਸੁੱਚਾ ਸਿੰਘ ਅਤੇ ਜੈਪਾਲ ਹਾਜ਼ਰ ਸਨ।


Related News