ਜੰਗਲ 'ਚ ਲੱਗੀ ਅੱਗ; ਜੰਗਲਾਤ ਵਿਭਾਗ ਨੇ ਪਾਇਆ ਕਾਬੂ
Friday, Apr 27, 2018 - 11:55 PM (IST)

ਭੱਦੀ, (ਚੌਹਾਨ)- ਨਜ਼ਦੀਕੀ ਪਿੰਡ ਜੋਗੇਵਾਲ ਵਿਖੇ ਜੰਗਲਾਤ ਦੇ ਰਕਬੇ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਪਿੰਡ ਥੋਪੀਆਂ ਅਤੇ ਜੋਗੇਵਾਲ ਦੇ ਵਿਚਕਾਰ ਲੱਗਭਗ 47 ਕਿੱਲੇ ਜੰਗਲਾਤੀ ਰਕਬੇ ਅੰਦਰ ਸਵੇਰ ਵੇਲੇ ਅਚਾਨਕ ਅੱਗ ਲੱਗ ਗਈ, ਜੋ ਤੇਜ਼ ਹਨੇਰੀ ਕਾਰਨ ਭਿਆਨਕ ਰੂਪ ਧਾਰਨ ਕਰ ਗਈ। ਇਲਾਕਾ ਵਾਸੀਆਂ ਵੱਲੋਂ ਇਸ ਸਬੰਧੀ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਵਿਭਾਗ ਦੇ ਕਰਮਚਾਰੀਆਂ ਨੇ ਰੇਂਜ ਅਫਸਰ ਬਲਾਚੌਰ ਅਮਰਜੀਤ ਸਿੰਘ, ਬਲਾਕ ਅਫਸਰ ਸੁਰਿੰਦਰ ਪਾਲ ਅਤੇ ਵਣ ਗਾਰਡ ਰਵਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਵੱਧ ਰਹੀ ਅੱਗ ਨੂੰ ਦੇਖ ਕੇ ਉਨ੍ਹਾਂ ਮੁੱਖ ਦਫਤਰ ਬਲਾਚੌਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪਾਣੀ ਵਾਲੇ ਟੈਂਕਰ ਸੱਦ ਕੇ ਇਲਾਕਾ ਵਾਸੀਆਂ ਦੀ ਮਦਦ ਨਾਲ ਵੱਡੀ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ।
ਜੰਗਲਾਤ ਵਿਭਾਗ ਦੀ ਤੁਰੰਤ ਕੀਤੀ ਕਾਰਵਾਈ ਸਦਕਾ ਕਿਸੇ ਤਰ੍ਹਾਂ ਦੇ ਵੀ ਜਾਨੀ-ਮਾਲੀ ਨੁਕਸਾਨ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਲੱਗਭਗ 8-10 ਕਿੱਲੇ ਜ਼ਮੀਨ ਅੱਗ ਦੀ ਲਪੇਟ 'ਚ ਆਈ ਹੈ। ਮੌਕੇ 'ਤੇ ਪਹੁੰਚੇ ਜੰਗਲਾਤ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨਾਜ਼ੁਕ ਸਮੇਂ ਦੌਰਾਨ ਕਿਸੇ ਕਿਸਮ ਦੀ ਵੀ ਲਾਪ੍ਰਵਾਹੀ ਨਾ ਵਰਤਣ ਅਤੇ ਜੇਕਰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਉਸ ਸਬੰਧੀ ਤੁਰੰਤ ਹੀ ਜੰਗਲਾਤ ਵਿਭਾਗ ਨੂੰ ਸੂਚਿਤ ਕਰਨ।
ਇਸ ਮੌਕੇ ਪ੍ਰਸ਼ੋਤਮ ਲਾਲ, ਕਮਲ ਦੇਵ, ਕਾਲਾ ਆਦੋਆਣਾ, ਮਾ. ਤੀਰਥ ਰਾਮ, ਚਮਨ ਲਾਲ, ਸਿਰੀ ਰਾਮ ਬਾਜੂ, ਅਸ਼ੋਕ ਕੁਮਾਰ, ਬਾਵਾ ਸਿੰਘ, ਰਕੇਸ਼ ਕੁਮਾਰ, ਜਗਤ ਸਿੰਘ, ਹਰਮੇਸ਼ ਲਾਲ ਅਤੇ ਇਲਾਕਾ ਵਾਸੀ ਹਾਜ਼ਰ ਸਨ ।