ਵਿਦੇਸ਼ੀ ਮਹਿਲਾ ਯਾਤਰੀ ਦਾ ਗੁੰਮ ਹੋਇਆ ਸਾਮਾਨ ਸੁਰੱਖਿਅਤ ਵਾਪਸ ਮਿਲਿਆ
Wednesday, Dec 20, 2023 - 04:10 PM (IST)
ਜੈਤੋ (ਪਰਾਸ਼ਰ) : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੇ ਅਧਿਕਾਰੀ ਨੇ ਦੱਸਿਆ ਕਿ 2 ਦਿਨ ਪਹਿਲਾਂ ਰੇਲ ਗੱਡੀ ਨੰਬਰ 14631 (ਚੰਡੀਗੜ੍ਹ ਤੋਂ ਅੰਮ੍ਰਿਤਸਰ) ਦੇ ਕੋਚ ਨੰਬਰ ਐੱਸ-2 ’ਚ ਇਕ ਵਿਦੇਸ਼ੀ ਮਹਿਲਾ ਯਾਤਰੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਯਾਤਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਟਰੇਨ ਤੋਂ ਹੇਠਾਂ ਉਤਰੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਸਾਮਾਨ ਟਰੇਨ ’ਚ ਹੀ ਰਹਿ ਗਿਆ ਸੀ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਿਰਾਸ਼ ਹੋ ਗਈ ਅਤੇ ਪਲੇਟਫਾਰਮ ’ਤੇ ਹੀ ਰੋਣ ਲੱਗੀ। ਯਾਤਰੀ ਤੋਂ ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੀ. ਆਈ. ਟੀ. ਬਲਵਿੰਦਰ ਸਿੰਘ ਸ਼ੰਮੀ ਨੇ ਤੁਰੰਤ ਹੋਰ ਸਟਾਫ ਦੀ ਮਦਦ ਨਾਲ ਸਾਮਾਨ ਦੀ ਤਲਾਸ਼ੀ ਲਈ ਅਤੇ ਯਾਤਰੀ ਦੇ ਗੁੰਮ ਹੋਏ ਸਾਮਾਨ ਦਾ ਪਤਾ ਲਾਇਆ ਅਤੇ ਜਾਂਚ ਤੋਂ ਬਾਅਦ ਅਗਲੇ ਦਿਨ ਯਾਤਰੀ ਨੂੰ ਵਾਪਸ ਕਰ ਦਿੱਤਾ।
ਮਹਿਲਾ ਨੇ ਦੱਸਿਆ ਕਿ ਉਹ ਜਰਮਨੀ ਦੀ ਵਸਨੀਕ ਹੈ ਅਤੇ ਉਸ ਦੇ ਬੈਗ ’ਚ ਗੋਪਰੋ ਕੈਮਰਾ, ਪਾਵਰ ਬੈਂਕ, ਨਕਦੀ, ਜਰਮਨ ਬੈਂਕ ਦੀ ਪਾਸ ਬੁੱਕ ਅਤੇ ਆਈ. ਡੀ. ਕਾਰਡ ਸਮੇਤ ਜ਼ਰੂਰੀ ਦਸਤਾਵੇਜ਼ ਸਨ, ਜਿਸ ’ਤੇ ਰੇਲਵੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਬਰਾਮਦ ਕਰ ਲਿਆ ਗਿਆ। ਸਾਮਾਨ ਵਾਪਸ ਲੈ ਕੇ ਉਹ ਭਾਰਤ ਪਰਤ ਆਈ। ਰੇਲਵੇ ਅਤੇ ਬਲਵਿੰਦਰ ਸਿੰਘ ਸ਼ੰਮੀ ਅਤੇ ਹੋਰ ਰੇਲਵੇ ਸਟਾਫ ਦਾ ਧੰਨਵਾਦ ਕੀਤਾ। ਮਹਿਲਾ ਯਾਤਰੀ ਨੇ ਪੂਰੇ ਟਿਕਟ ਚੈਕਿੰਗ ਸਟਾਫ ਅਤੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਨੇ ਬਲਵਿੰਦਰ ਸਿੰਘ ਸ਼ੰਮੀ (ਸਾਬਕਾ ਅੰਤਰਰਾਸ਼ਟਰੀ ਭਾਰਤੀ ਹਾਕੀ ਖਿਡਾਰੀ) ਨੂੰ ਇਸ ਸ਼ਲਾਘਾਯੋਗ ਕੰਮ ਲਈ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।