ਵਿਦੇਸ਼ ਮੰਤਰਾਲੇ ਦੀ ਯੂਰਪੀਅਨ ਵੈਸਟ ਡਵੀਜ਼ਨ ਰਾਹੀਂ ਕੀਤਾ ਖੁਲਾਸਾ, ਇੰਗਲੈਂਡ ਸਰਕਾਰ ਨੇ ਸ਼ਹੀਦ ਊਧਮ ਸਿੰਘ ਦਾ ਸਾਮਾਨ ਵਾਪਿਸ ਦੇਣ ਤੋਂ ਕੀਤਾ ਸੀ ਇਨਕਾਰ

07/31/2017 2:38:13 PM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)-ਸੱਤ ਸਮੁੰਦਰ ਪਾਰ ਜਾ ਕੇ ਅੰਗਰੇਜ਼ਾਂ ਨੂੰ ਵੰਗਾਰਨ ਵਾਲੇ ਊਧਮ ਸਿੰਘ ਨੇ 77 ਸਾਲ ਪਹਿਲਾਂ 31 ਜੁਲਾਈ 1940 ਨੂੰ ਲੰਡਨ ਵਿਚ ਫਾਂਸੀ ਨੂੰ ਚੁੰਮਿਆ ਸੀ । ਦੇਸ਼ ਦੇ ਨਾਂ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸੁਨਾਮ ਵਿਚ ਜਨਮੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੀ ਫਾਂਸੀ ਸਮੇਂ ਇੰਗਲੈਂਡ ਦੀ ਮੈਟਰੋਪੋਲੀਟਨ ਪੁਲਸ ਕੋਲ ਪਏ ਸਾਮਾਨ ਨੂੰ ਇੰਗਲੈਂਡ ਸਰਕਾਰ ਨੇ ਵਾਪਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।
ਇਸ ਗੱਲ ਦਾ ਖੁਲਾਸਾ ਸੂਚਨਾ ਅਧਿਕਾਰ ਕਾਰਕੁੰਨ ਜਤਿੰਦਰ ਜੈਨ ਵੱਲੋਂ ਸੂਚਨਾ ਅਧਿਕਾਰ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਿਆਂ ਤੋਂ ਪੁੱਛੇ ਸਵਾਲ ਤੋਂ ਹੋਇਆ । ਜਿਸ ਵਿਚ ਜਤਿੰਦਰ ਜੈਨ ਨੇ ਪੁੱਛਿਆ ਸੀ ਕਿ ਇੰਗਲੈਂਡ/ਲੰਡਨ ਵਿਚ ਸ਼ਹੀਦ ਦੇ ਸਾਮਾਨ ਵਿਚ ਕੀ ਕੁਝ ਹੈ? ਇਸ ਨੂੰ ਵਾਪਿਸ ਲਿਆਉਣ ਲਈ ਭਾਰਤ ਸਰਕਾਰ ਨੇ ਕੀ-ਕੀ ਯਤਨ ਕੀਤੇ ਅਤੇ ਇਸ ਲਈ ਲਿਖੇ ਪੱਤਰਾਂ ਦੀਆਂ ਕਾਪੀਆਂ ਦਿੱਤੀਆਂ ਜਾਣ । ਜਤਿੰਦਰ ਜੈਨ ਵਲੋਂ ਮੰਗੀ ਜਾਣਕਾਰੀ ਸਬੰਧੀ ਵਿਦੇਸ਼ ਮੰਤਰਾਲੇ ਦੀ ਯੂਰਪੀਅਨ ਵੈਸਟ ਡਵੀਜ਼ਨ, ਜੋ ਕਿ ਯੂ. ਕੇ. ਅਤੇ ਸਪੇਨ ਦੇ ਕੰਮਾਂ ਨੂੰ ਦੇਖਦੀ ਹੈ, ਨੇ ਲੰਡਨ ਵਿਚ ਭਾਰਤ ਦੇ ਹਾਈ ਕਮਿਸ਼ਨ ਦਾ ਹਵਾਲਾ ਦਿੰਦਿਆਂ ਆਪਣੇ ਪੱਤਰ ਨੰਬਰ ਡਬਲਯੂ ਆਈ(ਏ)551/03/2014 ਤਹਿਤ ਲਿਖਿਆ ਕਿ ਯੂ. ਕੇ. ਸਰਕਾਰ ਨੇ ਮੰਨਿਆ ਕਿ ਸ਼ਹੀਦ ਊਧਮ ਸਿੰਘ ਦੀ ਰਿਵਾਲਵਰ, ਕੋਬਲਰ ਚਾਕੂ, ਡਾਇਰੀ ਤੇ ਹੋਰ ਸਾਮਾਨ, ਜਿਸ ਵਿਚ ਗੋਲਾ ਬਾਰੂਦ ਸ਼ਾਮਲ ਹੈ, ਮੈਟਰੋਪੋਲੀਟਨ ਪੁਲਸ ਕੋਲ ਹਨ ਕਿਉਂਕਿ ਊਧਮ ਸਿੰਘ ਵੱਲੋਂ ਗੋਲੀ ਮਾਰਨ ਖ਼ਿਲਾਫ਼ ਚਲਾਏ ਕੇਸ ਵਿਚ ਉਕਤ ਸਾਮਾਨ ਕੇਸ ਪ੍ਰਾਪਰਟੀ ਦੇ ਰੂਪ ਵਿਚ ਹੈ। ਇਸ ਲਈ ਯੂ. ਕੇ. ਸਰਕਾਰ ਦੇ ਨਿਯਮ ਅਨੁਸਾਰ ਇਸ ਨੂੰ ਵਾਪਿਸ ਨਹੀਂ ਕੀਤਾ ਜਾ ਸਕਦਾ । 
ਸ਼ਹੀਦ ਦੇ ਸਾਮਾਨ ਨੂੰ ਵਾਪਿਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਲਿਖੇ ਪੱਤਰ ਦੀਆਂ ਕਾਪੀਆਂ ਦੇਣ ਬਾਬਤ ਵਿਦੇਸ਼ ਮੰਤਰਾਲਿਆਂ ਨੇ ਮਨ੍ਹਾ ਕਰ ਦਿੱਤਾ । ਸ਼ਹੀਦ ਦੀ ਖੈਰਖਵਾਹ ਕਹਾਉਣ ਵਾਲੀ ਪੰਜਾਬ ਸਰਕਾਰ ਦੀ ਵੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਵਿਦੇਸ਼ ਮੰਤਰਾਲਿਆਂ ਤੋਂ ਸ਼ਹੀਦ ਦੇ ਫੜੇ ਜਾਣ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਸਾਮਾਨ ਇੰਗਲੈਂਡ ਤੋਂ ਲਿਆਉਣ ਲਈ ਲਿਖੇ ਪੱਤਰਾਂ ਬਾਬਤ ਪੁੱਛਿਆ ਗਿਆ। ਵਿਦੇਸ਼ ਮੰਤਰਾਲਿਆਂ ਨੇ ਇਸੇ ਪੱਤਰ ਤਹਿਤ ਖੁਲਾਸਾ ਕੀਤਾ ਕਿ ਸਾਲ 2004 ਵਿਚ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲਿਆਂ ਨੂੰ ਪੱਤਰ ਲਿਖ ਕੇ ਸ਼ਹੀਦ ਦੇ ਸਾਮਾਨ ਨੂੰ ਯੂ. ਕੇ. ਸਰਕਾਰ ਤੋਂ ਵਾਪਿਸ ਮੰਗਵਾਉਣ ਲਈ ਬੇਨਤੀ ਕੀਤੀ ਸੀ । ਇਸ ਖੁਲਾਸੇ ਤੋਂ ਸਾਫ਼ ਹੋ ਗਿਆ ਕਿ ਹਰ ਸਾਲ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇ ਦਿਨ ਰਾਜ ਪੱਧਰੀ ਸਮਾਗਮ ਵਿਚ ਸ਼ਹੀਦ ਦੇ ਸਾਮਾਨ ਨੂੰ ਵਾਪਿਸ ਲਿਆਣ ਲਈ ਕੋਸ਼ਿਸ਼ ਕੀਤੇ ਜਾਣ ਦੀ ਗੱਲ ਕਹਿ ਕੇ ਸ਼ਹੀਦ ਦੇ ਸ਼ਹਿਰ ਵਾਸੀਆਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਗੁੰਮਰਾਹ ਕਰ ਰਹੀਆਂ ਹਨ ।  ਜਤਿੰਦਰ ਜੈਨ ਨੇ ਕਿਹਾ ਕਿ ਸ਼ਹੀਦ ਦਾ ਸਾਮਾਨ ਭਾਰਤ ਲਿਆਉਣਾ ਹੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।


Related News