ਟਰੇਨਾਂ ''ਚ ਯਾਤਰੀਆਂ ਨੂੰ ਖਾਣਾ ਪਰੋਸਣਗੀਆਂ ਵਿਦੇਸ਼ੀ ਕੰਪਨੀਆਂ

Tuesday, Aug 22, 2017 - 05:36 AM (IST)

ਟਰੇਨਾਂ ''ਚ ਯਾਤਰੀਆਂ ਨੂੰ ਖਾਣਾ ਪਰੋਸਣਗੀਆਂ ਵਿਦੇਸ਼ੀ ਕੰਪਨੀਆਂ

ਲੁਧਿਆਣਾ, (ਵਿਪਨ)- ਭਾਰਤੀ ਨਿਯੰਤਰਕ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਵੱਲੋਂ ਟਰੇਨ ਵਿਚ ਸਫਰ ਦੌਰਾਨ ਯਾਤਰੀਆਂ ਨੂੰ ਮਿਲਣ ਵਾਲੇ ਖਾਧ ਪਦਾਰਥਾਂ ਦੇ ਮਿਆਰ ਦੇ ਘਟੀਆ ਹੋਣ ਸਬੰਧੀ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਇਸ ਦਿਸ਼ਾ ਵਿਚ ਸੁਧਾਰ ਲਿਆਉਣ ਲਈ ਰੋਜ਼ਾਨਾ ਅਹਿਮ ਨਿਰਣੇ ਲੈ ਰਿਹਾ ਹੈ।  ਇਸੇ ਕੜੀ ਤਹਿਤ ਹੁਣ ਰੇਲਵੇ ਫ੍ਰਾਂਸ ਦੀ ਇਕ ਫੂਡ ਕੰਪਨੀ ਨਾਲ ਕਰਾਰ ਕਰਨ ਜਾ ਰਹੀ ਹੈ ਜਿਸ ਦੇ ਸਿਰੇ ਚੜ੍ਹਨ ਤੋਂ ਬਾਅਦ ਇਹ ਕੰਪਨੀ ਟਰੇਨਾਂ ਵਿਚ ਯਾਤਰੀਆਂ ਨੂੰ ਸਾਫ (ਹਾਈਜੈਨਿਕ) ਅਤੇ ਉੱਚ ਕੁਆਲਿਟੀ ਦਾ ਖਾਣਾ ਮੁਹੱਈਆ ਕਰਵਾਏਗੀ ਅਤੇ ਟਰੇਨਾਂ ਦੀਆਂ ਪੈਂਟਰੀ ਕਾਰਾਂ ਵਿਚ ਖਾਣਾ ਬਣਾਉਣਾ ਬੰਦ ਕਰਵਾ ਦਿੱਤੇ ਜਾਣ ਦਾ ਨਿਰਣਾ ਵੀ ਰੇਲਵੇ ਲੈਣ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਲੰਬੀ ਦੂਰੀ ਦੀਆਂ ਪ੍ਰਮੁੱਖ ਟਰੇਨਾਂ ਜਿਨ੍ਹਾਂ ਵਿਚ ਯਾਤਰੀਆਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਰਸੋਈ ਭਾਵ (ਪੈਂਟਰੀ ਕਾਰ) ਲੱਗੀ ਹੁੰਦੀ ਹੈ, ਜਿੱਥੇ ਭੋਜਨ ਤਿਆਰ ਕਰ ਕੇ ਯਾਤਰੀਆਂ ਨੂੰ ਪਰੋਸਿਆ ਜਾਂਦਾ ਹੈ ਪਰ ਇਥੇ ਬਣਾਏ ਜਾਣ ਵਾਲੇ ਖਾਣੇ ਦਾ ਮਿਆਰ ਘਟੀਆ ਹੋਣ ਸਬੰਧੀ ਕਥਿਤ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਨ੍ਹਾਂ ਪੈਂਟਰੀ ਕਾਰਾਂ ਵਿਚ ਖਾਣਾ ਬਣਨਾ ਬੰਦ ਕਰਵਾ ਦਿੱਤਾ ਜਾਵੇਗਾ ਅਤੇ ਪੈਂਟਰੀ ਕਾਰ ਤੋਂ ਸਿਰਫ ਚਾਹ, ਕਾਫੀ ਜਾਂ ਹੋਰ ਪੀਣ ਵਾਲੇ ਪਦਾਰਥ ਹੀ ਮਿਲ ਸਕਣਗੇ।
ਫ੍ਰਾਂਸਿਸੀ ਕੰਪਨੀ ਸਟੇਸ਼ਨਾਂ 'ਤੇ ਬਣਾਏਗੀ ਆਪਣੇ ਬੇਸ ਕਿਚਨ
ਸੂਤਰ ਦੱਸਦੇ ਹਨ ਕਿ ਫ੍ਰਾਂਸ ਦੀ ਕੰਪਨੀ ਨਾਲ ਆਈ. ਆਰ. ਸੀ. ਟੀ. ਸੀ. ਵੱਲੋਂ ਕਰਾਰ ਕੀਤੇ ਜਾਣ ਤੋਂ ਬਾਅਦ ਸ਼ਤਾਬਦੀ, ਰਾਜਧਾਨੀ ਵਰਗੀਆਂ ਲੰਬੀ ਦੂਰੀ ਦੀਆਂ ਹੋਰ ਪ੍ਰਮੁੱਖ ਟਰੇਨਾਂ ਦੀ ਆਵਾਜਾਈ ਦੇ ਸਮੇਂ ਇਨ੍ਹਾਂ ਟਰੇਨਾਂ ਦੇ ਰੂਟ ਵਿਚ ਪੈਣ ਵਾਲੇ ਮੁੱਖ ਸਟੇਸ਼ਨਾਂ 'ਤੇ ਫ੍ਰਾਂਸ ਦੀ ਕੰਪਨੀ ਆਪਣਾ ਬੇਸ ਕਿਚਨ ਬਣਾ ਕੇ ਟਰੇਨਾਂ ਵਿਚ ਯਾਤਰੀਆਂ ਨੂੰ ਮੁਹੱਈਆ ਕਰਵਾਏ ਜਾਣ ਵਾਲਾ ਖਾਣਾ ਉਨ੍ਹਾਂ ਵਿਚ ਤਿਆਰ ਕਰਵਾਏਗੀ ਅਤੇ ਸਟੇਸ਼ਨ ਤੋਂ ਉਸ ਨੂੰ ਟਰੇਨਾਂ ਦੀ ਪੈਂਟਰੀ ਕਾਰ ਵਿਚ ਸਟੋਰ ਕਰ ਕੇ ਯਾਤਰੀਆਂ ਨੂੰ ਤੁਰੰਤ ਸਪਲਾਈ ਕਰ ਦਿੱਤਾ ਜਾਵੇਗਾ।
ਆਈ. ਆਰ. ਸੀ. ਟੀ. ਸੀ. ਹੋਰ ਫੂਡ ਕੰਪਨੀਆਂ ਨਾਲ ਵੀ ਕਰੇਗੀ ਸਮਝੌਤਾ
ਰੇਲਵੇ ਵੱਲੋਂ ਯਾਤਰੀਆਂ ਨੂੰ ਟਿਕਟ ਰਾਖਵਾਂਕਰਨ ਸਮੇਂ ਖਾਣਾ ਨਾ ਲੈਣ ਦੀ ਸਹੂਲਤ ਪ੍ਰਦਾਨ ਕਰਨ ਵਾਲਾ ਬਦਲ ਦੇਣ ਤੋਂ ਬਾਅਦ ਹੁਣ ਆਈ. ਆਰ. ਸੀ. ਟੀ. ਸੀ. ਉਨ੍ਹਾਂ ਨੂੰ ਸਹੂਲਤ ਦੇਣ ਲਈ ਦੇਸ਼-ਵਿਦੇਸ਼ ਵਿਚ ਫੂਡ ਚੇਨ ਚਲਾ ਰਹੀਆਂ ਕੰਪਨੀਆਂ ਨਾਲ ਸਮਝੌਤਾ ਕਰ ਰਹੀ ਹੈ ਤਾਂਕਿ ਯਾਤਰੀਆਂ ਨੂੰ ਟਰੇਨਾਂ ਵਿਚ ਉਨ੍ਹਾਂ ਦੀ ਮਨਪਸੰਦ ਦੇ ਵਿਸ਼ਵ ਪੱਧਰੀ ਖਾਧ-ਪਦਾਰਥ ਮੁਹੱਈਆ ਕਰਵਾਏ ਜਾ ਸਕਣ।
ਟਰੇਨ ਵਿਚ ਖਾਣੇ ਦਾ ਆਰਡਰ ਕਰਨ 'ਤੇ ਮਿਲੇਗਾ ਫੂਡ ਪਲਾਜ਼ਾ ਦਾ ਬਣਿਆ ਖਾਣਾ
ਸੂਤਰ ਦੱਸਦੇ ਹਨ ਕਿ ਰੇਲਵੇ ਵੱਲੋਂ ਯਾਤਰੀਆਂ ਨੂੰ ਟਰੇਨ ਵਿਚ ਖਾਣਾ ਲੈਣ ਜਾਂ ਨਾ ਲੈਣ ਦਾ ਬਦਲ ਦੇਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਯਾਤਰੀਆਂ ਵੱਲੋਂ ਆਨਲਾਈਨ ਟਿਕਟ ਬੁਕਿੰਗ ਕਰਵਾਉਂਦੇ ਸਮੇਂ ਖਾਣਾ ਆਰਡਰ ਕਰਨ 'ਤੇ ਨਵੀਂ ਸਹੂਲਤ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਖਾਣੇ ਵਿਚ ਆਪਣਾ ਕਿਹੜਾ ਮਨਪਸੰਦ ਖਾਣਾ ਕਿਸ ਸਟੇਸ਼ਨ 'ਤੇ ਚਾਹੀਦਾ ਹੈ। ਇਹ ਦਰਜ ਕਰਵਾਉਣ 'ਤੇ ਟਰੇਨ ਵਿਚ ਉਸ ਦੇ ਮਨ ਮੁਤਾਬਕ ਸਟੇਸ਼ਨ (ਜੇਕਰ ਉਥੇ ਸਹੂਲਤ ਮੁਹੱਈਆ ਹੋਵੇ) 'ਤੇ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਟਰੇਨ ਦੀ ਪੈਂਟ੍ਰੀ ਕਾਰ ਵਿਚ ਨਹੀਂ ਬਲਕਿ ਕਿਸੇ ਨਾਮੀ ਫੂਡ ਚੇਨ ਚਲਾ ਰਹੀ ਕੰਪਨੀ ਦੇ ਰੇਸਤਰਾਂ ਜਾਂ ਫੂਡ ਪਲਾਜ਼ਾ (ਜਿਨ੍ਹਾਂ ਵਿਚ ਆਈ. ਆਰ. ਸੀ. ਟੀ. ਸੀ. ਨਾਲ ਕਰਾਰ ਹੋਵੇਗਾ) ਤੋਂ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਯਾਤਰੀ ਨੂੰ ਆਪਣੇ ਆਰਡਰ ਕੀਤੇ ਖਾਣੇ ਦਾ ਭੁਗਤਾਨ ਟਿਕਟ ਬੁੱਕ ਕਰਵਾਉਂਦੇ ਸਮੇਂ ਕਰਨਾ ਹੋਵੇਗਾ। ਪਹਿਲੇ ਪੜਾਅ ਵਿਚ ਇਸ ਸਹੂਲਤ ਦਾ ਲਾਭ ਸਿਰਫ ਆਨਲਾਈਨ ਟਿਕਟ ਬੁੱਕ ਕਰਵਾਉਣ 'ਤੇ ਮਿਲੇਗਾ ਪਰ ਬਾਅਦ ਵਿਚ ਹੌਲੀ-ਹੌਲੀ ਇਸ ਸਹੂਲਤ ਨੂੰ ਰਾਖਵਾਂਕਰਨ ਕੇਂਦਰਾਂ ਤੋਂ ਟਿਕਟ ਰਾਖਵੀਂ ਕਰਵਾਉਣ 'ਤੇ ਵੀ ਲਾਗੂ ਕਰ ਦਿੱਤਾ ਜਾਵੇਗਾ।


Related News