ਬਕਾਇਆ ਰਾਸ਼ੀ ਨਾ ਮਿਲਣ ਕਾਰਨ ਪਨਸਪ ਦੇ ਚੱਕਰ ਲਾਉਣ ਨੂੰ ਮਜ਼ਬੂਰ ਸ਼ੈਲਰ ਮਾਲਕ

09/23/2017 11:36:13 AM


ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਰੇ ਵਿਭਾਗਾਂ ਨੂੰ ਲੋਕਾਂ ਦੇ ਕੰਮ ਸਮੇਂ 'ਤੇ ਕਰਨ ਦੇ ਹੁਕਮ ਆਏ ਦਿਨ ਜਾਰੀ ਕੀਤੇ ਜਾਂਦੇ ਹਨ, ਉੱਥੇ ਹੀ ਦੂਸਰੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਦਫਤਰੀ ਅਧਿਕਾਰੀ ਅਜੇ ਵੀ ਲੋਕਾਂ ਦੇ ਕੰਮ ਸਮੇਂ 'ਤੇ ਨਹੀਂ ਕਰ ਰਹੇ, ਜਿਸ ਕਾਰਨ ਸਰਕਾਰੀ ਵਿਭਾਗਾਂ 'ਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰੂ ਨਾਨਕ ਰਾਈਸ ਮਿੱਲਜ਼ ਬੁੱਟਰ ਕਲਾਂ ਦਾ, ਜਿਸ ਦਾ ਮਾਲਕ ਹਰਬੰਸ ਸਿੰਘ ਭੋਲਾ ਵਿਭਾਗ ਵੱਲੋਂ ਭੇਜੇ ਬਕਾਇਆ ਰਾਸ਼ੀ ਸਬੰਧੀ ਆਪਣਾ ਕੰਮ ਕਰਵਾਉਣ ਲਈ ਪਿਛਲੇ 4 ਦਿਨਾਂ ਤੋਂ ਜ਼ਿਲੇ ਦੇ ਪਨਸਪ ਦਫਤਰ ਦੇ ਚੱਕਰ ਲਾ ਰਿਹਾ ਹੈ ਪਰ ਅਧਿਕਾਰੀਆਂ ਦੇ ਨਾ ਹੋਣ ਕਾਰਨ ਉਸ ਨੂੰ ਰੋਜ਼ਾਨਾ ਬਿਨਾਂ ਕੰਮ ਕਰਵਾਏ ਹੀ ਵਾਪਸ ਜਾਣਾ ਪੈ ਰਿਹਾ ਹੈ।  ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੈਲਰ ਮਾਲਕ ਇਸ ਕੰਮ ਕਰ ਕੇ ਵਾਰ-ਵਾਰ ਅਧਿਕਾਰੀਆਂ ਨੂੰ ਫੋਨ ਵੀ ਕਰਦਾ ਹੈ ਪਰ ਫਿਰ ਵੀ ਇੱਥੇ ਉਸ ਦੀ ਸੁਣਵਾਈ ਨਹੀਂ ਹੋ ਰਹੀ। ਅੱਜ ਇੱਥੇ ਜ਼ਿਲਾ ਪਨਸਪ ਦਫਤਰ ਵਿਚ ਅਧਿਕਾਰੀਆਂ ਵੱਲੋਂ ਭੇਜੇ ਗਏ 3 ਲੱਖ 68 ਹਜ਼ਾਰ 294 ਰੁਪਏ ਦਾ ਪੱਤਰ ਦਿਖਾਉਂਦੇ ਭੋਲਾ ਬੁੱਟਰ ਨੇ ਦੱਸਿਆ ਕਿ ਉਸ ਨੇ 2 ਲੱਖ 89 ਹਜ਼ਾਰ 265 ਰੁਪਏ ਦੀ ਰਾਸ਼ੀ ਲੈਣੀ ਹੈ ਅਤੇ ਉਹ ਇਨ੍ਹਾਂ ਦੋਵਾਂ ਰਾਸ਼ੀਆਂ ਦਾ ਕੱਟ-ਕਟਾਅ ਕਰ ਕੇ ਬਣਦੀ ਰਾਸ਼ੀ ਜਮ੍ਹਾ ਕਰਵਾਉਣ ਲਈ ਅਤੇ ਹੋਰ ਹਿਸਾਬ ਲਈ ਦਫਤਰ ਆ ਰਿਹਾ ਹੈ ਪਰ ਅਧਿਕਾਰੀਆਂ ਦਾ ਕਥਿਤ ਤੌਰ 'ਤੇ ਦਫਤਰ ਵਿਚ ਨਾ ਹੋਣ ਕਾਰਨ ਉਸ ਦਾ ਕੰਮ ਨਹੀਂ ਹੋ ਰਿਹਾ। ਉਸ ਨੇ ਕਿਹਾ ਕਿ ਪੱਤਰ ਰਾਹੀਂ ਸਖਤ ਹਦਾਇਤ ਹੈ ਕਿ ਉਹ ਜਲਦੀ ਦਫਤਰ ਵਿਚ ਰਾਸ਼ੀ ਜਮ੍ਹਾ ਕਰਵਾਏ ਪਰ ਅਧਿਕਾਰੀਆਂ ਦੇ ਨਾ ਹੋਣ ਕਾਰਨ ਉਸ ਦੇ ਕੰਮ ਵਿਚ ਦੇਰੀ ਹੋ ਰਹੀ ਹੈ। 
ਉਸ ਨੇ ਦੋਸ਼ ਲਾਇਆ ਕਿ ਵਿਭਾਗ ਦਾ ਸਟਾਫ ਕਥਿਤ ਤੌਰ 'ਤੇ ਬਿਨਾਂ ਵਜ੍ਹਾ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਪਨਸਪ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮਾਮਲੇ ਸਬੰਧੀ ਜਦੋਂ ਪਨਸਪ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਲਗਾਤਾਰ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।


Related News