ਜੀਵਨ ਸਾਥੀ ਨੇ ਵਿਆਹ ਤੋਂ ਪਹਿਲਾਂ ਹੀ ਕੀਤੀ ਜ਼ਬਰਦਸਤੀ
Sunday, Aug 12, 2018 - 06:03 AM (IST)

ਲੁਧਿਆਣਾ, (ਰਾਮ)- ਇਕ ਲਡ਼ਕੀ ਨੂੰ ਆਨਲਾਈਨ ਆਪਣਾ ਜੀਵਨ ਸਾਥੀ ਲੱਭਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਲਡ਼ਕੀ ਨੂੰ ਆਪਣੇ ਘਰ ਬੁਲਾ ਕੇ ਸਾਜ਼ਿਸ਼ ਤਹਿਤ ਉਸਦੇ ਹੋਣ ਵਾਲੇ ਜੀਵਨ ਸਾਥੀ ਨੇ ਲਡ਼ਕੀ ਨਾਲ ਕਥਿਤ ਜ਼ਬਰਦਸਤੀ ਕਰਦੇ ਹੋਏ ਸਰੀਰਕ ਸਬੰਧ ਬਣਾਏ। ਜਿਸਦੇ ਬਾਅਦ ਥਾਣਾ ਮੋਤੀ ਨਗਰ ਦੀ ਪੁਲਸ ਨੇ ਸ਼ਿਕਾਇਤ ਮਿਲਣ ਦੇ ਬਾਅਦ ਲਡ਼ਕੇ ਤੇ ਉਸ ਦੀ ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਲਡ਼ਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਪਾਸੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਵੀਨ ਰਣਦੇਵ ਨੇ ਦੱਸਿਆ ਕਿ ਬਠਿੰਡਾ ਦੇ ਇਕ ਪਿੰਡ ਦੀ ਰਹਿਣ ਵਾਲੀ ਪੀਡ਼ਤ ਲਡ਼ਕੀ ਨੇ ਆਪਣੇ ਬਿਆਨਾਂ ’ਚ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ਾਦੀ ਡਾਟ ਕਾਮ ’ਤੇ ਆਪਣੇ ਵਿਆਹ ਲਈ ਇਸ਼ਤਿਹਾਰ ਦੇ ਕੇ ਜੀਵਨ ਸਾਥੀ ਦੀ ਤਲਾਸ਼ ਸ਼ੁਰੂ ਕੀਤੀ ਸੀ। ਜਿਥੋਂ ਇਕ ਰਜਿੰਦਰ ਸਿੰਘ ਵਾਸੀ ਹੀਰਾ ਨਗਰ, ਲੁਧਿਆਣਾ ਦੇ ਰਹਿਣ ਵਾਲੇ ਲਡ਼ਕੇ ਨੇ ਉਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਜਿਸਦੇ ਬਾਅਦ ਉਸਦੇ ਪਰਿਵਾਰ ਜਿਸ ’ਚ ਉਹ ਅਤੇ ਉਸਦੀ ਮਾਤਾ ਹੀ ਹਨ। ਜਦਕਿ ਲਡ਼ਕੇ ਦੇ ਪਰਿਵਾਰ ’ਚ ਵੀ ਲਡ਼ਕਾ ਅਤੇ ਉਸਦੀ ਮਾਤਾ ਚਰਨਜੀਤ ਕੌਰ ਹਨ। ਦੋਵਾਂ ਪਰਿਵਾਰਾਂ ’ਚ ਗੱਲਬਾਤ ਚੱਲੀ। ਫਿਰ 10 ਜੂਨ 2018 ਨੂੰ ਰਜਿੰਦਰ ਨੇ ਫੋਨ ਕਰ ਕੇ ਲੁਧਿਆਣਾ ਬੁਲਾਇਆ। ਜੋ ਉਸ ਨੂੰ ਬੱਸ ਸਟੈਂਡ ਤੋਂ ਆਪਣੇ ਘਰ ਲੈ ਗਿਆ। ਜਿਥੇ ਉਸਦੀ ਮਾਤਾ ਨੇ ਉਸਨੂੰ ਸ਼ਗਨ ਵੀ ਦਿੱਤਾ ਅਤੇ ਇੰਝ ਜਤਾਇਆ ਕਿ ਮੈਂ ਉਨ੍ਹਾਂ ਦੇ ਘਰ ਦੀ ਨੂੰਹ ਬਣਨ ਵਾਲੀ ਹਾਂ। ਫਿਰ ਸ਼ਾਮ ਨੂੰ ਕਰੀਬ 6 ਵਜੇ ਰਜਿੰਦਰ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਜਾ ਰਹੀ ਹੈ। ਜਿਸਦੇ ਬਾਅਦ ਰਜਿੰਦਰ ਨੇ ਉਸਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਫਿਰ ਰਾਤ ਨੂੰ ਵੀ ਉਸਦੀ ਮਾਤਾ ਘਰ ਨਹੀਂ ਆਈ। ਜਿਸਦਾ ਫਾਇਦਾ ਉਠਾ ਕੇ ਰਜਿੰਦਰ ਨੇ ਫਿਰ ਤੋਂ ਰਾਤ ਨੂੰ ਉਸਦੇ ਨਾਲ ਜ਼ਬਰਦਸਤੀ ਸਬੰਧ ਬਣਾਏ। ਇਸਦੇ ਬਾਅਦ ਜਦੋਂ ਉਸਨੇ ਰਜਿੰਦਰ ਤੇ ਉਸਦੀ ਮਾਤਾ ਚਰਨਜੀਤ ਨੂੰ ਵਾਰ-ਵਾਰ ਵਿਆਹ ਲਈ ਕਿਹਾ ਤਾਂ ਉਨ੍ਹਾਂ ਨੇ ਟਾਲ-ਮਟੋਲ ਕਰਦੇ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਪੀਡ਼ਤਾ ਨੇ ਦੋਸ਼ ਲਾਇਆ ਕਿ ਉਕਤ ਲਡ਼ਕਾ ਅਤੇ ਉਸਦੀ ਮਾਤਾ ਨੇ ਹਮਮਸ਼ਵਰਾ ਹੋ ਕੇ ਸਭ ਕੁਝ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਰਜਿੰਦਰ ਸਿੰਘ ਤੇ ਉਸਦੀ ਮਾਤਾ ਚਰਨਜੀਤ ਕੌਰ ਨੂੰ ਨਾਮਜ਼ਦ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਜਿਸਦੇ ਬਾਅਦ ਪੁਲਸ ਨੇ ਰਜਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।