ਬੱਚਿਆਂ ਕੋਲੋਂ ਜ਼ਬਰਦਸਤੀ ਭੀਖ ਮੰਗਵਾ ਰਿਹੈ ਮੰਗਤਾ ਗੈਂਗ

Monday, Dec 04, 2017 - 06:46 AM (IST)

ਅੰਮ੍ਰਿਤਸਰ,   (ਨੀਰਜ)-   ਇਕ ਪਾਸੇ ਜਿਥੇ ਗੁਰੂ ਨਗਰੀ 'ਚ ਭੀਖ ਮੰਗਣ ਤੇ ਬਾਲ ਮਜ਼ਦੂਰੀ ਕਰਨ 'ਤੇ ਜ਼ਿਲਾ ਨਿਆਂ ਅਧਿਕਾਰੀ ਵੱਲੋਂ ਰੋਕ ਲਾਈ ਗਈ ਹੈ ਤਾਂ ਦੂਜੇ ਪਾਸੇ ਬਾਹਰੀ ਰਾਜਾਂ ਤੋਂ ਆਇਆ ਇਕ ਮੰਗਤਾ ਗੈਂਗ ਭੀਖ ਮੰਗਣ ਲਈ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਾ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਪਾਸ਼ ਇਲਾਕੇ ਲਾਰੈਂਸ ਰੋਡ, ਮਾਲ ਰੋਡ, ਅੰਮ੍ਰਿਤਸਰ ਦੇ ਐਂਟਰੀ ਪੁਆਇੰਟ 'ਤੇ ਕੁਝ ਮੰਗਤੇ ਬੱਚਿਆਂ ਦੇ ਕੰਨ ਕੱਟ ਕੇ ਉਨ੍ਹਾਂ ਨੂੰ ਖੂਨ ਨਾਲ ਲਿਬੜਿਆ ਦਿਖਾ ਕੇ ਵਾਹਨ ਚਾਲਕਾਂ ਤੋਂ ਭੀਖ ਮੰਗ ਰਹੇ ਹਨ।
ਇਨ੍ਹਾਂ ਭਿਖਾਰੀਆਂ ਦੀਆਂ ਗਤੀਵਿਧੀਆਂ ਨੂੰ ਕਈ ਦਿਨਾਂ ਤੱਕ ਨੋਟਿਸ ਕਰਨ ਤੋਂ ਬਾਅਦ ਜਦੋਂ ਇਕ ਸਮਾਜ ਸੇਵਕ ਨੇ ਮੰਗਤੇ ਨੂੰ ਕਿਹਾ ਕਿ ਇਸ ਬੱਚੇ ਨੂੰ ਜੇਕਰ ਇਲਾਜ ਦੀ ਲੋੜ ਹੈ ਤਾਂ ਉਹ ਇਸ ਦਾ ਇਲਾਜ ਫ੍ਰੀ 'ਚ ਕਰਵਾ ਦਿੰਦੇ ਹਨ ਤੇ ਰੈੱਡ ਕਰਾਸ ਦਫਤਰ ਤੋਂ ਵੀ ਮਦਦ ਲਈ ਜਾ ਸਕਦੀ ਹੈ ਪਰ ਮੰਗਤੇ ਨੇ ਸਮਾਜ ਸੇਵਕ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਆਪਣੀ ਪੋਲ ਖੁੱਲ੍ਹਦੀ ਦੇਖ ਕੇ ਅੱਡਾ ਹੀ ਬਦਲ ਲਿਆ ਪਰ ਦੂਜੇ ਅੱਡੇ 'ਤੇ ਵੀ ਲੋਕਾਂ ਦੀ ਉਸ ਕਰੂਰ ਮੰਗਤੇ 'ਤੇ ਨਜ਼ਰ ਪੈ ਗਈ ਜੋ ਬੱਚਿਆਂ ਦੇ ਕੰਨ ਕੱਟ ਕੇ ਖੂਨ ਨਾਲ ਲਥਪਥ ਕਰ ਕੇ ਭੀਖ ਮੰਗ ਰਿਹਾ ਹੈ। ਵਿਸ਼ੇਸ਼ ਰੂਪ 'ਚ ਕਾਰ ਸਵਾਰਾਂ ਤੇ ਚਾਰ-ਪਹੀਆ ਵਾਹਨ ਚਾਲਕਾਂ ਵੱਲੋਂ ਬੱਚੇ ਦੇ ਇਲਾਜ ਲਈ ਆਰਥਿਕ ਮਦਦ ਮੰਗਣ ਦੀ ਆੜ 'ਚ ਭੀਖ ਮੰਗ ਰਿਹਾ ਹੈ। ਇਸ ਮੰਗਤਾ ਗੈਂਗ ਨੂੰ ਦੇਖਣ ਤੋਂ ਬਾਅਦ ਆਮ ਲੋਕਾਂ ਦਾ ਇਹੀ ਮੰਨਣਾ ਹੈ ਕਿ ਇਹ ਮੰਗਤਾ ਗੈਂਗ ਭੀਖ ਮੰਗਣ ਦੇ ਕੰਮ ਨੂੰ ਪੇਸ਼ੇ ਦੇ ਰੂਪ 'ਚ ਲੈ ਕੇ ਕੰਮ ਕਰ ਰਿਹਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੰਗਤਾ ਗੈਂਗ ਦੀ ਇਸ ਹਰਕਤ ਨਾਲ ਗੁਰੂ ਨਗਰੀ 'ਚ ਆਉਣ ਵਾਲੇ ਟੂਰਿਸਟਾਂ ਸਾਹਮਣੇ ਵੀ ਚੰਗਾ ਪ੍ਰਭਾਵ ਨਹੀਂ ਪੈਂਦਾ। ਜ਼ਿਲਾ ਪ੍ਰਸ਼ਾਸਨ ਤੇ ਪੁਲਸ ਨੂੰ ਇਸ ਮੰਗਤਾ ਗੈਂਗ ਨੂੰ ਫੜਨ ਦੀ ਲੋੜ ਹੈ।
ਅਣਮਨੁੱਖੀ ਢੰਗ ਨਾਲ ਛੋਟੇ ਬੱਚਿਆਂ ਨੂੰ ਪਿਲਾਈ ਜਾਂਦੀ ਹੈ ਬੇਹੋਸ਼ੀ ਦੀ ਦਵਾਈ
ਬੱਚਿਆਂ ਦੇ ਅੰਗ ਭੰਗ ਕਰ ਕੇ ਭੀਖ ਮੰਗਣ ਵਾਲੇ ਮੰਗਤਾ ਗੈਂਗ ਦੀ ਬੇਰਹਿਮੀ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। 2 ਤੋਂ 3 ਸਾਲ ਦੇ ਬੱਚੇ ਦੇ ਜਿਥੇ ਕੰਨ ਕੱਟ ਕੇ ਲਹੂ-ਲੁਹਾਨ ਕੀਤਾ ਜਾਂਦਾ ਹੈ ਤਾਂ ਉਥੇ ਹੀ ਬੱਚੇ ਨੂੰ ਬੇਹੋਸ਼ੀ ਦੀ ਦਵਾਈ ਪਿਲਾ ਕੇ ਬੇਹੋਸ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਨਾ ਤਾਂ ਚੀਕ ਸਕੇ ਤੇ ਨਾ ਹੀ ਰੋ ਸਕੇ। ਇਸ ਮੰਗਤਾ ਗੈਂਗ ਕੋਲ ਬੇਹੋਸ਼ੀ ਦੀ ਦਵਾਈ ਕਿਥੋਂ ਆਉਂਦੀ ਹੈ ਇਸ ਦੀ ਵੀ ਜਾਂਚ ਕਰਨ ਦੀ ਲੋੜ ਹੈ।
ਦਿੱਲੀ, ਮੁੰਬਈ ਤੇ ਹੋਰ ਵੱਡੇ ਰਾਜਾਂ 'ਚ ਬੱਚਿਆਂ ਦੇ ਅੰਗ ਕੀਤੇ ਜਾਂਦੇ ਹਨ ਭੰਗ
ਅੰਮ੍ਰਿਤਸਰ ਜ਼ਿਲੇ ਦੀ ਗੱਲ ਕਰੀਏ ਤਾਂ ਉਂਝ ਤਾਂ ਇਥੇ ਦਰਜਨਾਂ ਮੰਗਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ ਪਰ ਕਿਸੇ ਬੱਚੇ ਦੇ ਅੰਗ ਕੱਟ ਕੇ ਲਹੂ-ਲੁਹਾਨ ਕਰ ਕੇ ਸੜਕਾਂ 'ਤੇ ਘੁੰਮਕੇ ਭੀਖ ਮੰਗਦੇ ਮੰਗਤੇ ਵੱਡੇ ਨਗਰਾਂ ਦਿੱਲੀ, ਮੁੰਬਈ ਤੇ ਹੋਰ ਵੱਡੇ ਮਹਾਨਗਰਾਂ 'ਚ ਦੇਖੇ ਜਾਂਦੇ ਹਨ। ਇਨ੍ਹਾਂ ਰਾਜਾਂ 'ਚ ਸਰਗਰਮ ਮੰਗਤਾ ਗੈਂਗ ਬੜੀ ਹੀ ਬੇਰਹਿਮੀ ਨਾਲ ਬੱਚਿਆਂ ਦੇ ਅੰਗ ਲੱਤਾਂ, ਬਾਹਾਂ, ਅੱਖਾਂ ਆਦਿ ਕੱਢ ਦਿੰਦੇ ਹਨ ਤੇ ਫਿਰ ਉਨ੍ਹਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਪਰ ਹੁਣ ਇਸ ਤਰ੍ਹਾਂ ਦਾ ਸਟਾਈਲ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਦੇਖ ਕੇ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ।
ਕਿਡਨੈਪਿੰਗ ਕਰ ਕੇ ਭੀਖ ਦੇ ਕੰਮ 'ਚ ਲਾਉਂਦੇ ਹਨ ਬੱਚਿਆਂ ਨੂੰ
ਜਿਨ੍ਹਾਂ ਬੱਚਿਆਂ ਦੇ ਅੰਗ ਭੰਗ ਕਰ ਕੇ ਭੀਖ ਮੰਗਵਾਈ ਜਾਂਦੀ ਹੈ ਜਾਂ ਫਿਰ ਭੀਖ ਦੇ ਕੰਮ 'ਚ ਪ੍ਰਯੋਗ ਕੀਤਾ ਜਾਂਦਾ ਹੈ, ਉਹ ਬੱਚੇ ਭਿਖਾਰੀਆਂ ਦੇ ਆਪਣੇ ਨਹੀਂ ਹੁੰਦੇ ਹਨ ਸਗੋਂ ਕਿਡਨੈਪ ਕਰ ਕੇ ਇਨ੍ਹਾਂ ਬੱਚਿਆਂ ਨੂੰ ਭੀਖ ਦੇ ਕੰਮ 'ਚ ਲਾਇਆ ਜਾਂਦਾ ਹੈ। ਦੇਸ਼ ਦੇ ਵੱਡੇ ਮਹਾਨਗਰਾਂ 'ਚ ਪੁਲਸ ਵੱਲੋਂ ਕਈ ਮੰਗਤਾ ਗੈਂਗਸ ਨੂੰ ਫੜਿਆ ਗਿਆ ਹੈ, ਜੋ ਬੱਚਿਆਂ ਨੂੰ ਕਿਡਨੈਪ ਕਰ ਕੇ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ ਤੇ ਭੀਖ ਮੰਗਵਾਉਣ ਲਈ ਬੱਚਿਆਂ ਦੇ ਅੰਗ ਕੱਟ ਦਿੰਦੇ ਹਨ। ਅੰਮ੍ਰਿਤਸਰ 'ਚ ਬੱਚਿਆਂ ਦੇ ਅੰਗ ਕੱਟ ਕੇ ਭੀਖ ਮੰਗਣ ਵਾਲੇ ਮੰਗਤਾ ਗੈਂਗ ਨੂੰ ਫੜ ਕੇ ਬੱਚਿਆਂ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ। ਉਨ੍ਹਾਂ ਬੇਵੱਸ ਪਰਿਵਾਰਾਂ 'ਚ ਫਿਰ ਤੋਂ ਖੁਸ਼ੀ ਦੇ ਦੀਪ ਜਲਾਏ ਜਾ ਸਕਦੇ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਇਸ ਮੰਗਤਾ ਗੈਂਗ ਨੇ ਕਿਡਨੈਪ ਕੀਤਾ ਹੈ। ਜ਼ਿਲਾ ਪ੍ਰਸ਼ਾਸਨ ਤੇ ਪੁਲਸ ਨੂੰ ਇਸ ਮਾਮਲੇ ਦੀ ਗੰਭੀਰਤਾ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਮਾਸੂਮ ਬੱਚਿਆਂ ਨੂੰ ਇਸ ਅਪਰਾਧੀ ਪ੍ਰਵਿਰਤੀ ਦੇ ਭਿਖਾਰੀਆਂ ਦੇ ਚੁੰਗਲ ਤੋਂ ਛੁਡਾਉਣ ਦੀ ਸਖ਼ਤ ਲੋੜ ਹੈ।
10 ਸਾਲਾਂ 'ਚ 1 ਹਜ਼ਾਰ ਭਿਖਾਰੀਆਂ ਦਾ ਪੁਨਰਵਾਸ ਕਰ ਚੁੱਕਾ ਹੈ ਰੈਣ-ਬਸੇਰਾ
ਭਿਖਾਰੀਆਂ ਦੇ ਮਾਮਲੇ 'ਚ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਭਿਖਾਰੀਆਂ ਦੇ ਪੁਨਰਵਾਸ ਲਈ ਕਈ ਸਾਕਾਰਾਤਮਕ ਕਦਮ ਚੁੱਕੇ ਜਾ ਚੁੱਕੇ ਹਨ ਪਰ ਪੇਸ਼ੇਵਰ ਭਿਖਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਰਾਸ ਨਹੀਂ ਆਉਂਦੀਆਂ। ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ 'ਚ ਤਾਇਨਾਤ ਰਹੇ ਡੀ. ਸੀ. ਕਾਹਨ ਸਿੰਘ ਪੰਨੂ ਵੱਲੋਂ ਮੰਗਤਾ ਪੁਨਰਵਾਸ ਮੁਹਿੰਮ ਚਲਾਈ ਗਈ ਸੀ, ਜਿਸ ਵਿਚ ਭਿਖਾਰੀਆਂ ਨੂੰ ਫੜ ਕੇ ਉਨ੍ਹਾਂ ਲਈ ਰੈਣ-ਬਸੇਰਾ ਬਣਾਇਆ ਗਿਆ, ਜਿਥੇ ਭਿਖਾਰੀਆਂ ਨੂੰ ਖਾਣ-ਪੀਣ ਤੋਂ ਇਲਾਵਾ ਮੈਡੀਕਲ ਤੇ ਰਹਿਣ ਦੀ ਫ੍ਰੀ ਸਹੂਲਤਾਂ ਦਿੱਤੀਆਂ ਗਈਆਂ, ਇਥੋਂ ਤੱਕ ਕਿ ਭਿਖਾਰੀਆਂ ਨੂੰ ਰੁਜ਼ਗਾਰ ਵੀ ਦਿਵਾਇਆ ਗਿਆ। ਜੋ ਮੰਗਤੇ ਆਪਣੇ ਘਰ ਵਾਪਸੀ ਕਰਨਾ ਚਾਹੁੰਦੇ ਸਨ ਉਨ੍ਹਾਂ ਨੂੰ ਟਰੇਨ ਤੇ ਬੱਸਾਂ 'ਚ ਬਿਠਾ ਕੇ ਘਰ ਵਾਪਸੀ ਕਰਵਾਈ ਗਈ। ਸਾਬਕਾ ਗਠਜੋੜ ਸਰਕਾਰ ਦੇ 10 ਸਾਲ ਦੇ ਕਾਰਜਕਾਲ 'ਚ ਡੀ. ਸੀ. ਕਾਹਨ ਸਿੰਘ ਪੰਨੂ ਤੋਂ ਲੈ ਕੇ ਡੀ. ਸੀ. ਰਜਤ ਅਗਰਵਾਲ, ਡੀ. ਸੀ. ਰਵੀ ਭਗਤ, ਡੀ. ਸੀ. ਵਰੁਣ ਰੂਜਮ ਜਿਹੇ ਅਧਿਕਾਰੀਆਂ ਨੇ ਇਸ ਮੰਗਤਾ ਪੁਨਰਵਾਸ ਮੁਹਿੰਮ ਨੂੰ ਸਖਤੀ ਨਾਲ ਚਲਾਇਆ ਤੇ ਲਗਭਗ ਇਕ ਹਜ਼ਾਰ ਦੇ ਕਰੀਬ ਭਿਖਾਰੀਆਂ ਦਾ ਪੁਨਰਵਾਸ ਕੀਤਾ। ਇਸ ਕੰਮ 'ਚ ਰੈੱਡ ਕਰਾਸ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। 
ਹੁਣ ਮੌਜੂਦਾ ਸਮੇਂ 'ਚ ਲੋੜ ਹੈ ਇਸ ਮੁਹਿੰਮ ਨੂੰ ਫਿਰ ਤੋਂ ਸਖਤੀ ਨਾਲ ਚਲਾਉਣ ਦੀ ਕਿਉਂਕਿ ਜਿਸ ਤਰ੍ਹਾਂ ਨਵੇਂ-ਨਵੇਂ ਮੰਗਤਾ ਗੈਂਗਸ ਗੁਰੂ ਨਗਰੀ 'ਚ ਆ ਰਹੇ ਹਨ ਉਹ ਕਾਨੂੰਨ ਵਿਵਸਥਾ ਲਈ ਵੀ ਖਤਰਨਾਕ ਹਨ।
ਬੇਸਹਾਰਾ ਲੋਕਾਂ ਲਈ ਵਰਦਾਨ ਹੈ ਰੈਣ-ਬਸੇਰਾ
ਪ੍ਰਸ਼ਾਸਨ ਵੱਲੋਂ ਬਣਾਏ ਗਏ ਰੈਣ-ਬਸੇਰਾ ਦੀ ਗੱਲ ਕਰੀਏ ਤਾਂ ਬੇਸਹਾਰਾ, ਗਰੀਬ ਤੇ ਸਮਾਜ ਵੱਲੋਂ ਠੁਕਰਾਏ ਮਜਬੂਰ ਲੋਕਾਂ ਲਈ ਰੈਣ-ਬਸੇਰਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਸਾਰੇ ਮੰਗਤੇ ਅਪਰਾਧੀ ਨਹੀਂ ਹਨ। ਕੁਝ ਲੋਕ ਗਰੀਬੀ 'ਚ ਭੀਖ ਮੰਗਣ ਨੂੰ ਮਜਬੂਰ ਹੁੰਦੇ ਹਨ, ਕੁਝ ਬਜ਼ੁਰਗ ਲੋਕਾਂ ਨੂੰ ਉਨ੍ਹਾਂ ਦੇ ਬੱਚੇ ਜਾਂ ਪਰਿਵਾਰ ਵਾਲੇ ਘਰੋਂ ਕੱਢ ਦਿੰਦੇ ਹਨ, ਅਜਿਹੇ ਲੋਕਾਂ ਲਈ ਰੈਣ-ਬਸੇਰਾ ਇਕ ਵੱਡੀ ਸਹੂਲਤ ਹੈ, ਜਿਸ ਵਿਚ ਖਾਣ-ਪੀਣ ਤੇ ਰਹਿਣ ਦਾ ਫ੍ਰੀ ਪ੍ਰਬੰਧ ਹੈ। ਅੱਜ ਵੀ 2 ਦਰਜਨ ਦੇ ਕਰੀਬ ਮੰਗਤੇ ਇਸ ਵਿਚ ਰਹਿ ਰਹੇ ਹਨ ਪਰ ਪੇਸ਼ੇਵਰ ਮੰਗਤੇ ਰੈਣ-ਬਸੇਰਾ 'ਚ ਰਹਿਣ ਨੂੰ ਤਿਆਰ ਨਹੀਂ ਹਨ।


Related News