4 ਕਰੋੜ ਦਾ ਝੋਨਾਂ ਖੁਰਦ-ਬੁਰਦ ਕਰਨ ਦੇ ਦੋਸ਼ ''ਚ ਫੂਡ ਸਪਲਾਈ ਇੰ. ਗ੍ਰਿਫਤਾਰ
Monday, Jan 08, 2018 - 02:59 PM (IST)
ਗੁਰਦਾਸਪੁਰ (ਵਿਨੋਦ) - ਕਲਾਨੌਰ ਪੁਲਸ ਸਟੇਸ਼ਨ ਦੇ ਅਧੀਨ ਕਸਬਾ ਦੋਸਤਪੁਰ ਤੋਂ ਇਕ ਸ਼ੈਲਰ ਤੋਂ ਲਗਭਗ 4 ਕਰੋੜ ਰੁਪਏ ਦਾ ਝੋਨਾਂ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਕਲਾਨੌਰ ਪੁਲਸ ਨੇ ਜ਼ਿਲਾ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ 'ਚ ਸਾਫਲਤਾਂ ਹਾਸਲ ਕੀਤੀ ਹੈ, ਜਦਕਿ ਸ਼ੈਲਰ ਮਾਲਕ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ।
ਕਲਾਨੌਰ ਪੁਲਸ ਸਟੇਸ਼ਨ ਦੇ ਇੰਚਾਰਜ਼ ਮੱਖਣ ਸਿੰਘ ਨੇ ਦੱਸਿਆ ਕਿ ਸਾਲ 2015 'ਚ ਦੋਸਤਪੁਰ 'ਚ ਸਥਿਤ ਇਕ ਸ਼ੈਲਰ ਤੋਂ ਫੂਡ ਸਪਲਾਈ ਵਿਭਾਗ ਦਾ ਲਗਭਗ 4 ਕਰੋੜ ਰੁਪਏ ਦਾ ਝੋਨਾ ਖੁਰਦ-ਬੁਰਦ ਹੋ ਗਿਆ ਸੀ। ਇਸ ਸਬੰਧੀ ਜ਼ਿਲਾ ਫੂਡ ਸਪਲਾਈ ਕੰਟ੍ਰੋਲਰ ਗੁਰਦਾਸਪੁਰ ਹਰੀਮਨ ਦੀ ਸ਼ਿਕਾਇਤ 'ਤੇ ਸ਼ੈਲਰ ਮਾਲਕ ਮਨਜੀਤ ਸਿੰਘ ਪੁੱਤਰ ਮੋਹਨ ਸਿੰਘ ਨਿਵਾਸੀ ਦੋਸਤਪੁਰ ਵਿਰੁੱਧ 4 ਅਪ੍ਰੈਲ 2015 ਨੂੰ ਧਾਰਾ 420, 406, 409 ਅਧੀਨ ਕੇਸ ਦਰਜ ਕੀਤਾ ਗਿਆ ਹੈ ਪਰ ਸ਼ੈਲਰ ਮਾਲਕ ਨੇ ਆਪਣੇ ਵਿਰੁੱਧ ਕੇਸ ਦਰਜ ਨੂੰ ਗਲਤ ਦੱਸਦੇ ਹੋਏ ਉੱਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਇਹ ਕਹਿ ਕੇ ਕੀਤੀ ਸੀ ਕਿ ਇਹ ਝੋਨਾ ਉਸ ਸਮੇਂ ਕਲਾਨੌਰ 'ਚ ਜ਼ਿਲਾ ਫੂਡ ਸਪਲਾਈ ਵਿਭਾਗ ਇੰ. ਨੇ ਖੁਰਦ-ਬੁਰਦ ਕੀਤਾ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਵੱਖ-ਵੱਖ ਪੱਧਰ 'ਤੇ ਜਾਂਚ ਹੁੰਦੀ ਰਹੀ ਤੇ ਹਰੇਕ ਜਾਂਚ 'ਚ ਇਹ ਹੀ ਸਾਹਮਣੇ ਆਇਆ ਕਿ ਸਾਲ 2015 'ਚ ਕਲਾਨੌਰ 'ਚ ਵਿਭਾਗ ਦੇ ਤਾਇਨਾਤ ਇੰ. ਸੁਸ਼ੀਲ ਕੁਮਾਰ ਪੁੱਤਰ ਬਿਸ਼ਨ ਦਾਸ ਨਿਵਾਸੀ ਪਿੰਡ ਰਾਮਪੁਰ ਵੀ ਲਗਭਗ 4 ਕਰੋੜ ਰੁਪਏ ਦੇ ਝੋਨੇ ਨੂੰ ਖੁਰਦ-ਬੁਰਦ ਕਰਨ 'ਚ ਬਰਾਬਰ ਹਿੱਸੇਦਾਰ ਹੈ।
ਇਸ ਸਬੰਧੀ ਕਲਾਨੌਰ ਪੁਲਸ ਸਟੇਸ਼ਨ 'ਚ ਜਾਂਚ ਰਿਪੋਰਟ ਦੇ ਆਧਾਰ 'ਤੇ ਇੰ. ਸੁਸ਼ੀਵ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਤਹਿਤ ਅੱਜ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਨੂੰ ਅਦਾਲਤ 'ਚ ਪੇਸ਼ ਕਰ ਪੁਲਸ ਰਿਮਾਂਡ ਮੰਗਿਆ ਜਾਵੇਗਾ। ਸ਼ੈਲਰ ਮਾਲਕ ਮਨਜੀਤ ਸਿੰਘ ਨੂੰ ਅਜੇ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਤੇ ਉਸ ਦੀ ਤਲਾਸ਼ ਜਾਰੀ ਹੈ।
