ਫੂਡ ਸੇਫਟੀ ਐਕਟ ਤਹਿਤ ਖਾਧ ਪਦਾਰਥਾਂ ਦੇ ਸੈਂਪਲ ਭਰੇ
Friday, Jul 07, 2017 - 03:20 AM (IST)
ਹੁਸ਼ਿਆਰਪੁਰ, (ਘੁੰਮਣ)- ਫੂਡ ਸੇਫਟੀ ਐਕਟ ਨੂੰ ਸਖਤੀ ਨਾਲ ਲਾਗੂ ਕਰ ਕੇ ਆਮ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਹੋਣ ਸਬੰਧੀ ਕਾਰਵਾਈ ਕਰਦਿਆਂ ਫੂਡ ਸੇਫਟੀ ਸਹਾਇਕ ਕਮਿਸ਼ਨਰ ਸੁਖਰਾਓ ਸਿੰਘ ਨੇ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ਤੋਂ 20 ਸੈਂਪਲ ਭਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਖਾਣਯੋਗ ਵਸਤੂਆਂ ਦੀ ਕੁਆਲਟੀ ਵਿਚ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਭ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਨਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹੋ ਰਿਹਾ ਹੈ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਫਲਾਂ, ਮਠਿਆਈਆਂ ਅਤੇ ਕਰਿਆਨੇ ਨਾਲ ਸਬੰਧਿਤ ਹੋਰ ਖਾਧ ਪਦਾਰਥਾਂ ਦੇ ਵੱਡੀ ਮਾਤਰਾ ਵਿਚ ਸੈਂਪਲ ਭਰੇ ਗਏ ਹਨ ਅਤੇ ਲੰਘੀ ਹੋਈ ਤਰੀਕ ਦੀਆਂ ਵੇਚਣ ਨੂੰ ਰੱਖੀਆਂ ਵਸਤੂਆਂ ਨੂੰ ਸੀਲ ਕੀਤਾ ਗਿਆ। ਇਨ੍ਹਾਂ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਚੰਡੀਗੜ੍ਹ ਵਿਖੇ ਭੇਜਿਆ ਗਿਆ ਹੈ। ਜਾਂਚ ਦੌਰਾਨ ਕੋਈ ਵੀ ਸਾਮਾਨ ਮਿਲਾਵਟੀ ਜਾਂ ਉਚਿਤ ਗੁਣਵੱਤਾ ਵਾਲਾ ਨਹੀਂ ਪਾਇਆ ਜਾਂਦਾ ਤਾਂ ਸਬੰਧਿਤ ਦੁਕਾਨਦਾਰ ਜਾਂ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਤਹਿਤ ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨਾ ਵੀ ਹੋ ਸਕਦਾ ਹੈ।
ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਖਾਧ ਪਦਾਰਥਾਂ ਨਾਲ ਸਬੰਧਿਤ ਕਿਸੇ ਵੀ ਸਮੱਗਰੀ ਦੀ ਖਰੀਦੋ-ਫਰੋਖ਼ਤ ਕਰਨ ਵੇਲੇ ਉਨ੍ਹਾਂ ਦੀ ਕੁਆਲਟੀ ਦਾ ਖਾਸ ਧਿਆਨ ਰੱਖਿਆ ਜਾਵੇ। ਗਲੇ-ਸੜੇ ਅਤੇ ਬਾਸੀ ਫਲਾਂ ਸਬਜ਼ੀਆਂ ਦੀ ਖਰੀਦ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਜੋ ਬਦਲਦੇ ਮੌਸਮ ਵਿਚ ਇਨ੍ਹਾਂ ਦੇ ਸੇਵਨ ਕਾਰਨ ਉਲਟੀ, ਦਸਤ ਅਤੇ ਹੋਰ ਪੇਟ ਦੇ ਵਿਕਾਰਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਪਾਏ ਜਾਣ 'ਤੇ ਇਸ ਦੀ ਸੂਚਨਾ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਜਾ ਸਕਦੀ ਹੈ। ਛਾਪੇਮਾਰੀ ਦੌਰਾਨ ਟੀਮ ਵਿਚ ਨਸੀਬ ਅਤੇ ਅਸ਼ੋਕ ਵੀ ਮੌਜੂਦ ਸਨ।
