ਫ਼ੂਡ ਸੇਫਟੀ ਵਿਭਾਗ ਦੀ ਰੇਡ! ਕਈ ਕੁਇੰਟਲ ਮਿਠਾਈ ਜ਼ਬਤ

Thursday, Aug 20, 2026 - 06:14 PM (IST)

ਫ਼ੂਡ ਸੇਫਟੀ ਵਿਭਾਗ ਦੀ ਰੇਡ! ਕਈ ਕੁਇੰਟਲ ਮਿਠਾਈ ਜ਼ਬਤ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਆਉਣ ਵਾਲੇ ਦਿਨਾਂ 'ਚ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟੀ ਅਤੇ ਘਟੀਆ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਫਿਰੋਜ਼ਪੁਰ 'ਚ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਵਿਭਾਗ ਦੀ ਟੀਮ ਵੱਲੋਂ ਬੁੱਧਵਾਰ ਦੇਰ ਸ਼ਾਮ ਨੂੰ ਸ਼ਹਿਰ ਦੀ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਬਹਿਲ ਡੇਅਰੀ ਵਿਖੇ ਛਾਪੇਮਾਰੀ ਕਰਕੇ ਕਈ ਕੁਇੰਟਲ ਮਿਠਾਈ ਜ਼ਬਤ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਾ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਤੋਂ ਪਤੀਸਾ, ਬਰਫ਼ੀ ਤੇ ਹੋਰ ਮਿਠਾਈਆਂ ਘਟੀਆ ਕੁਆਲਿਟੀ ਦੀਆਂ ਮੰਗਵਾ ਕੇ ਦੁਕਾਨ ਤੇ ਵੇਚੀਆਂ ਜਾ ਰਹੀਆਂ ਸਨ, ਜਿਸ ਨੂੰ ਵਿਭਾਗੀ ਟੀਮ ਵੱਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀਆਂ ਮਿਠਾਈਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਤੀਸਾ ਤੇ ਹੋਰ ਮਠਿਆਈਆਂ ਮੋਗਾ ਅਤੇ ਬਠਿੰਡਾ ਸ਼ਹਿਰ ਤੋਂ ਮੰਗਵਾ ਕੇ ਵੇਚੀਆਂ ਜਾ ਰਹੀਆਂ ਸਨ ਤੇ ਇਸ ਦਾ ਨਾ ਕੋਈ ਬਿੱਲ ਹੈ ਤੇ ਨਾ ਹੀ ਕੋਈ ਉੱਪਰ ਐਕਸਪਾਇਰੀ ਡੇਟ ਲਿਖੀ ਹੋਈ ਹੈ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ 'ਚ ਇਸੇ ਤਰ੍ਹਾਂ ਚੈਕਿੰਗ ਜਾਰੀ ਰਹੇਗੀ। ਸ਼ਹਿਰ 'ਚ ਵਿਭਾਗ ਦੀ ਇਸ ਕਾਰਵਾਈ ਨਾਲ ਮਿਠਾਈ ਵਿਕਰੇਤਾਵਾਂ ਵਿਚ ਹਲਚਲ ਪਾਈ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਗਰ ਜੇ ਕੋਈ ਦੁਕਾਨਦਾਰ ਮਿਲਾਵਟੀ ਮਿਠਾਈਆਂ ਵੇਚਦਾ ਫੜਾ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ  ਕਾਰਵਾਈ ਕੀਤੀ ਜਾਵੇ।


author

Anmol Tagra

Content Editor

Related News