FCI ਦੇ ਚੇਅਰਮੈਨ ਅੱਜ ਤੋਂ 2 ਦਿਨਾ ਦੇ ਪੰਜਾਬ ਦੌਰੇ 'ਤੇ, ਝੋਨੇ ਦੀ ਖ਼ਰੀਦ ਸਬੰਧੀ ਹੋਵੇਗੀ ਸਮੀਖਿਆ
Wednesday, Oct 12, 2022 - 10:41 AM (IST)
ਜਲੰਧਰ (ਨਰਿੰਦਰ ਮੋਹਨ)– ਭਾਰਤੀ ਖਾਦ ਨਿਗਮ (ਐੱਫ਼. ਸੀ. ਆਈ.) ਦੇ ਚੇਅਰਮੈਨ/ਐੱਮ. ਡੀ. ਅਸ਼ੋਕ ਮੀਨਾ 12 ਅਕਤੂਬਰ ਤੋਂ 2 ਦਿਨਾਂ ਦੇ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹ ਪੰਜਾਬ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ, ਖ਼ਰੀਦ ਕੇਂਦਰਾਂ ਦਾ ਦੌਰਾ ਕਰਨਗੇ ਅਤੇ ਐੱਫ਼. ਸੀ. ਆਈ. ਦੇ ਝੋਨੇ ਦੀ ਖਰੀਦ ਦੇ ਆਪ੍ਰੇਸ਼ਨ ਦੀ ਸਮੀਖਿਆ ਕਰਨਗੇ। ਅਜਿਹੀ ਸੰਭਾਵਨਾ ਹੈ ਕਿ ਉਹ ਕਿਸਾਨ ਸੰਗਠਨਾਂ ਅਤੇ ਆੜ੍ਹਤੀ ਸੰਗਠਨਾਂ ਨਾਲ ਵੀ ਬੈਠਕ ਕਰ ਸਕਦੇ ਹਨ। ਪੰਜਾਬ ਦੇ ਅਨਾਜ ਘਪਲੇ ਤੋਂ ਬਾਅਦ ਚੇਅਰਮੈਨ ਦੇ ਦੌਰੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਅਜੇ ਝੋਨੇ ਦੀ ਆਮਦ ਸੂਬੇ ਦੇ ਮਾਝਾ ਖੇਤਰ ਵਿਚ ਜ਼ਿਲ੍ਹਾ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਕਪੂਰਥਲਾ ਵਿਚ ਹੀ ਵਧ ਹੋ ਰਹੀ ਹੈ, ਜਦਕਿ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਝੋਨੇ ਦੀ ਆਮਦ ਬਹੁਤ ਘੱਟ ਹੈ। ਆਉਂਦੇ ਹਫ਼ਤੇ ਤੋਂ ਝੋਨੇ ਦੀਆਂ ਮੰਡੀਆਂ ਵਿਚ ਆਮਦ ਵੱਧ ਹੋ ਜਾਵੇਗੀ। ਝੋਨੇ ਦੀ ਸਟੋਰੇਜ ਵੀ ਹਰ ਵਾਰ ਵਾਂਗ ਬੈਠਕ ਦਾ ਮੁੱਦਾ ਰਹਿਣਗੇ। ਇਸ ਵਾਰ ਪੰਜਾਬ ਵਿਚ ਅਨਾਜ ਦੇ ਗੋਦਾਮਾਂ ਦੀ ਸਥਿਤੀ ਕੁਝ ਵੱਖਰੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਗਿਲਜ਼ੀਆਂ ਦੇ ਭਤੀਜੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਜਾਣੋ ਪੂਰਾ ਮਾਮਲਾ
ਕੋਰੋਨਾ ਕਾਲ ਤੋਂ ਬਾਅਦ ਅਤੇ ਗਰੀਬ ਕਲਿਆਣ ਯੋਜਨਾ ਕਾਰਨ ਪੰਜਾਬ ਦੇ ਗੋਦਾਮਾਂ ਤੋਂ ਝੋਨੇ ਅਤੇ ਕਣਕ ਦੀ ਨਿਕਾਸੀ ਹੋਰਨਾਂ ਸੂਬਿਆਂ ਵਾਂਗ ਹੋਈ ਹੈ। ਬੀਤੇ ਵਿਚ ਪੰਜਾਬ ਦੇ ਗੋਦਾਮਾਂ ਵਿਚ ਝੋਨੇ ਦਾ ਸਟਾਕ 100 ਲੱਖ ਮੀਟ੍ਰਿਕ ਟਨ ਰਿਹਾ ਹੈ ਪਰ ਪਹਿਲੀ ਵਾਰ ਇਹ ਸਟਾਕ 75 ਲੱਖ ਮੀਟ੍ਰਿਕ ਟਨ ਤੋਂ ਵੀ ਹੇਠਾਂ ਹੈ। ਇਸ ਵਾਰ ਸੂਬੇ ਵਿਚ 31 ਲੱਖ ਹੈਕਟੇਅਰ ਭੂਮੀ ’ਤੇ ਝੋਨੇ ਦੀ ਬਿਜਾਈ ਹੋਈ ਹੈ, ਜਿਸ ਵਿਚ 5 ਲੱਖ ਹੈਕਟੇਅਰ ਬਾਸਮਤੀ ਹੈ ਅਤੇ ਇਸ ਵਾਰ 127 ਲੱਖ ਮੀਟ੍ਰਿਕ ਟਨ ਝੋਨਾ ਆਉਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਚੇਅਰਮੈਨ ਮੀਨਾ ਕਲ ਚੰਡੀਗੜ੍ਹ ਪੁੱਜਣਗੇ, ਜਿਥੇ ਉਨ੍ਹਾਂ ਦੀ ਬੈਠਕ ਪੰਜਾਬ ਫੂਡ ਸਕੱਤਰ ਨਾਲ ਤੈਅ ਹੈ ਅਤੇ ਇਸ ਤੋਂ ਬਾਅਦ ਉਹ ਝੋਨੇ ਦੇ ਖਰੀਦ ਕੇਂਦਰਾਂ ਦਾ ਦੌਰਾ ਕਰਨਗੇ। 13 ਅਕਤੂਬਰ ਨੂੰ ਉਹ ਪੰਜਾਬ ਖੇਤਰ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਹੋ ਰਹੇ ਆਪ੍ਰੇਸ਼ਨ ਦੀ ਸਮੀਖਿਆ ਕਰਨਗੇ। ਉਸੇ ਦਿਨ ਉਹ ਐੱਫ਼. ਸੀ. ਆਈ. ਦੇ ਵੱਖ-ਵੱਖ ਡਿਪੂਆਂ ਦਾ ਦੌਰਾ ਵੀ ਕਰਨਗੇ। ਇਸੇ ਦੌਰਾਨ ਉਨ੍ਹਾਂ ਦੀ ਕਿਸਾਨ ਸੰਗਠਨਾਂ ਅਤੇ ਵਪਾਰੀ ਸੰਗਠਨਾਂ ਦੇ ਨਾਲ ਬੈਠਕ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ