ਸ਼ਾਮ ਹੁੰਦਿਆਂ ਹੀ ਧੂੰਏਂ ਦੀ ਚਿੱਟੀ ਚਾਦਰ 'ਚ ਲਿਪਟ ਜਾਂਦੈ ਸ਼ਾਹੀ ਸ਼ਹਿਰ

Sunday, Nov 05, 2017 - 08:21 AM (IST)

ਸ਼ਾਮ ਹੁੰਦਿਆਂ ਹੀ ਧੂੰਏਂ ਦੀ ਚਿੱਟੀ ਚਾਦਰ 'ਚ ਲਿਪਟ ਜਾਂਦੈ ਸ਼ਾਹੀ ਸ਼ਹਿਰ


ਪਟਿਆਲਾ  (ਬਲਜਿੰਦਰ) - ਪੂਰੀ ਦੁਨੀਆ ਵਿਚ ਬਾਗਾਂ ਅਤੇ ਦਰਵਾਜ਼ਿਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸ਼ਾਹੀ ਸ਼ਹਿਰ ਪਟਿਆਲਾ ਸ਼ਾਮ ਹੁੰਦਿਆਂ ਹੀ ਧੂੰਏਂ ਦੀ ਚਿੱਟੀ ਚਾਦਰ 'ਚ ਲਿਪਟ ਜਾਂਦਾ ਹੈ। ਅੱਜ ਤੋਂ 25 ਦਿਨ ਪਹਿਲਾਂ ਜਿਥੇ ਪੂਰਾ ਆਸਮਾਨ ਸਾਫ ਹੁੰਦਾ ਸੀ, ਉਹ ਆਸਮਾਨ ਅੱਜ ਧੂੰਏਂ ਚਿੱਟੀ ਚਾਦਰ 'ਚ ਲਿਪਟ ਚੁੱਕਿਆ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਮੌਸਮ ਵਿਚ ਠੰਡਕ ਵਧਣ ਦੇ ਨਾਲ ਇਹ ਧੂੰਆਂ ਉੱਪਰ ਵੀ ਨਹੀਂ ਜਾ ਰਿਹਾ ਅਤੇ ਥੱਲੇ ਹੀ ਰਹਿ ਗਿਆ ਹੈ, ਜਿਸ ਨਾਲ ਇਸ ਸਮੇਂ ਹਵਾ ਸਭ ਤੋਂ ਜ਼ਿਆਦਾ ਜ਼ਹਿਰੀਲੀ ਹੋ ਚੁੱਕੀ ਹੈ, ਜਿਸ ਕਾਰਨ ਸਾਹ ਅਤੇ ਦਮੇ ਦੀਆਂ ਬੀਮਾਰੀਆਂ ਦੇ ਨਾਲ-ਨਾਲ ਡੇਂਗੂ ਤੋਂ ਇਲਾਵਾ ਕਈ ਤਰ੍ਹਾਂ ਵਾਇਰਲ ਬੁਖਾਰ ਵੀ ਫੈਲ ਰਹੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਟਿਆਲਾ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਫਤਰ ਹੈ, ਜੋ ਕਿ ਸਿਰਫ ਪ੍ਰਦੂਸ਼ਣ ਵਧਣ ਦੇ ਅੰਕੜੇ ਹੀ ਜਾਰੀ ਕਰ ਰਿਹਾ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਉਹ ਵੀ ਕੋਈ ਠੋਸ ਕਾਰਵਾਈ ਨਹੀਂ ਕਰ ਰਿਹਾ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੂੰ ਲਾਗੂ ਕਰਨ 'ਚ ਪ੍ਰਸ਼ਾਸਨ ਫੇਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਦਾ ਪ੍ਰਸ਼ਾਸਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਵਿਚ ਬੁਰੀ ਤਰ੍ਹਾਂ ਫੇਲ ਰਿਹਾ ਹੈ। ਹਾਲਾਂਕਿ ਤਿਆਰੀ ਵੱਡੇ ਪੱਧਰ 'ਤੇ ਕੀਤੀ ਗਈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਬਿਆਨ ਤੋਂ ਬਾਅਦ ਸਾਰੀ ਕਾਰਵਾਈ ਧਰੀ -ਧਰਾਈ ਰਹਿ ਗਈ। ਬਾਅਦ ਵਿਚ ਤਾਂ ਹਾਲਾਤ ਇਹ ਹੋ ਗਏ ਕਿ ਪ੍ਰਸ਼ਾਸਨ ਨੇ ਇਸ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ।
ਪ੍ਰਦੂਸ਼ਿਤ ਹੋਈ ਹਵਾ, ਨਿਰਧਾਰਿਤ ਮਾਤਰਾ ਤੋਂ 200 ਗੁਣਾ ਜ਼ਿਆਦਾ ਪ੍ਰਦੂਸ਼ਣ
ਪੰਜਾਬ ਦੀ ਹਵਾ 'ਚ ਪ੍ਰਦੂਸ਼ਣ ਨਿਰਧਾਰਤ ਮਾਤਰਾ ਤੋਂ 200 ਗੁਣਾ ਜ਼ਿਆਦਾ ਹੋ ਚੁੱਕਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਸ਼ੁੱਧ ਹਵਾ ਲਈ ਏਅਰ ਕੁਆਲਿਟੀ ਇੰਡੈਕਸ 100 ਹੋਣਾ ਚਾਹੀਦਾ ਹੈ, ਜੋ ਕਿ ਇਸ ਸਮੇਂ 300 ਤੋਂ ਜ਼ਿਆਦਾ ਚੱਲ ਰਿਹਾ ਹੈ। ਬੋਰਡ ਦੇ ਬੁਲਾਰੇ ਮੁਤਾਬਕ ਇਸ ਦੇ ਪਿੱਛੇ ਵੱਡਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਜਾਂਦੀ ਅੱਗ ਹੈ, ਜਿਸ ਕਾਰਨ ਹਵਾ ਵਿਚਲੇ ਮੁਹੀਨ ਕਣਾਂ ਦੀ ਮਾਤਰਾ 100 ਦੀ ਹੱਦ ਦੇ ਮੁਕਾਬਲੇ ਔਸਤਨ 329 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਅਤੇ ਅਤਿ ਮੁਹੀਨ ਕਣਾਂ ਦੀ ਮਾਤਰਾ 60 ਦੇ ਮੁਕਾਬਲੇ ਔਸਤਨ 166 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਚੁੱਕੀ ਹੈ। ਇਕ ਟਨ ਪਰਾਲੀ ਸਾੜਨ ਨਾਲ 3 ਕਿਲੋ ਧੂੜ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ ਡਾਈਆਕਸਾਈਡ ਅਤੇ 2 ਕਿਲੋ ਸਲਫ਼ਰ ਡਾਈਆਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਵਾਢੀ ਅਤੇ ਬਿਜਾਈ ਦੇ ਵਕਫ਼ੇ ਦਰਮਿਆਨ 130 ਲੱਖ ਟਨ ਪਰਾਲੀ ਨੂੰ ਸਾੜੇ ਜਾਣ ਤੋਂ ਪੈਦਾ ਹੋਈਆਂ ਗੈਸਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ, ਜਿਸ ਕਾਰਨ ਪੰਜਾਬ ਇਕ ਗੈਸ ਚੈਂਬਰ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ।


Related News