ਸੰਘਣੇ ਕੋਹਰੇ ਨਾਲ ਮਾਨਸਾ ''ਚ ਵਿਛੀ ਬਰਫ ਵਰਗੀ ਚਿੱਟੀ ਚਾਦਰ, ਤਸਵੀਰਾਂ ''ਚ ਦੇਖ ਨਹੀਂ ਹੋਵੇਗਾ ਯਕੀਨ
Tuesday, Jan 17, 2023 - 06:32 PM (IST)
ਮਾਨਸਾ (ਅਮਰਜੀਤ) : ਪੰਜਾਬ, ਹਿਮਾਚਲ ਤੇ ਹਰਿਆਣਾ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਪੰਜਾਬ ਦੇ ਮਾਨਸਾ ਵਿਚ ਰਾਤ ਨੂੰ ਇੰਨਾ ਸੰਘਣਾ ਕੋਹਰਾ ਪਿਆ ਕਿ ਸਵੇਰੇ ਜ਼ਮੀਨ 'ਤੇ ਚਿੱਟੀ ਚਾਦਰ ਵਿਛੀ ਨਜ਼ਰ ਆਈ। ਇਸ ਕੋਹਰੇ ਕਾਰਨ ਕਣਕ ਦੀ ਫ਼ਸਲ, ਸਬਜ਼ੀਆਂ ਅਤੇ ਪਸ਼ੂਆ ਦਾ ਹਰਾ ਚਰਾ ਵੀ ਚਿੱਟੀ ਚਾਦਰ ਨਾਲ ਲਿਫਿਆ ਹੋਇਆ ਨਜ਼ਰ ਆਇਆ। ਇਸ ਕੋਹਰੇ ਕਾਰਣ ਜਿੱਥੇ ਸੜਕਾਂ ਤੇ ਫਸਲਾਂ ਸਫੈਦ ਚਾਦਰ ਨਾਲ ਢਕੀਆਂ ਨਜ਼ਰ ਆਈਆਂ ਉਥੇ ਹੀ ਇਸ ਨਾਲ ਠੰਡ ਦੇ ਵਧਣ ਦੇ ਵੀ ਅਸਾਰ ਹਨ। ਭਾਵੇਂ ਸੂਰਜ ਦੇਵਤਾ ਦੇ ਨਿਕਲਣ ਨਾਲ ਠੰਡ ਤੋਂ ਕੁਝ ਰਾਹਤ ਜ਼ਰੂਰ ਮਹਿਸੂਸ ਹੋਈ ਹੈ ਪਰ ਕੋਹਰੇ ਕਾਰਣ ਰਾਤ ਸਮੇਂ ਪਾਰਾ ਹੋਰ ਡਿੱਗ ਰਿਹਾ ਹੈ।
ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਧੁੰਦ ਪਈ ਸੀ ਪਰ ਹੁਣ ਤਿੰਨ ਦਿਨ ਤੋਂ ਪੈ ਰਹੇ ਕੋਹਰੇ ਦੇ ਕਾਰਨ ਸਬਜ਼ੀਆਂ, ਆਲੂ, ਸ਼ਿਮਲਾ ਮਿਰਚ, ਛੋਲੇ, ਸਰੌਂ ਅਤੇ ਫਲਦਾਰ ਬੂਟਿਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਜਦਕਿ ਇਸ ਨਾਲ ਕਣਕ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾ ਦੱਸਿਆ ਕਿ ਠੰਡ ਹੋਰ ਵਧੇਗੀ ਅਤੇ ਜੇਕਰ ਇਸੇ ਤਰ੍ਹਾਂ ਕੋਹਰਾ ਪੈਂਦਾ ਰਿਹਾ ਤਾਂ ਸਬਜ਼ੀਆਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।