ਧੁੰਦ ਤੇ ਕੋਹਰੇ ਅੱਗੇ ਰੇਲ ਵਿਭਾਗ ਬੇਵੱਸ, ਟ੍ਰੇਨਾਂ ਲੇਟ ਚੱਲਣ ਕਾਰਨ ਯਾਤਰੀ ਪ੍ਰੇਸ਼ਾਨ

Friday, Jan 06, 2023 - 06:06 PM (IST)

ਧੁੰਦ ਤੇ ਕੋਹਰੇ ਅੱਗੇ ਰੇਲ ਵਿਭਾਗ ਬੇਵੱਸ, ਟ੍ਰੇਨਾਂ ਲੇਟ ਚੱਲਣ ਕਾਰਨ ਯਾਤਰੀ ਪ੍ਰੇਸ਼ਾਨ

ਲੁਧਿਆਣਾ (ਗੌਤਮ) : ਉੱਤਰ ਭਾਰਤ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਸਰਦੀ ਦੇ ਮੌਸਮ ਵਿਚ ਪੈਣ ਵਾਲੀ ਧੁੰਦ ਅਤੇ ਕੋਹਰੇ ਅੱਗੇ ਰੇਲ ਵਿਭਾਗ ਬੇਵੱਸ ਦਿਖਾਈ ਦੇ ਰਿਹਾ ਹੈ। ਕੋਹਰੇ ਅਤੇ ਧੁੰਦ ਕਾਰਨ ਟ੍ਰੇਨਾਂ ਦੀ ਰਫਤਾਰ ਰੁਕ ਗਈ ਹੈ। ਹਾਲਾਂਕਿ ਸਰਦੀ ਦੇ ਮੌਸਮ ਦੀ ਸ਼ੁਰੂਆਤ ਵਿਚ ਰੇਲ ਵਿਭਾਗ ਵੱਲੋਂ ਕੋਹਰੇ ਅਤੇ ਧੁੰਦ ਨਾਲ ਨਜਿੱਠਣ ਲਈ ਫਾਗ ਡਿਵਾਈਸ ਅਤੇ ਹੋਰ ਯੰਤਰ ਵਰਤ ਕੇ ਰਫਤਾਰ ਨੂੰ ਆਮ ਰੱਖਣ ਦਾ ਦਾਅਵਾ ਕੀਤਾ ਗਿਆ ਸੀ ਪਰ ਫਿਰ ਵੀ ਜ਼ਿਆਦਾਤਰ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੀ ਚੱਲ ਰਹੀਆਂ ਹਨ। ਜਦੋਂਕਿ ਟ੍ਰੇਨਾਂ ਦੇ ਸਮੇਂ ਸਬੰਧੀ ਵਿਭਾਗ ਨੇ ਕਈ ਦਰਜਨ ਟ੍ਰੇਨਾਂ ਰੱਦ ਵੀ ਕੀਤੀਆਂ ਹੋਈਆਂ ਹਨ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵੱਲੋਂ ਆਉਣ ਵਾਲੀਆਂ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਪੱਛੜ ਕੇ ਚੱਲ ਰਹੀਆਂ ਹਨ, ਜਦੋਂਕਿ ਜੰਮੂ ਅਤੇ ਅੰਮ੍ਰਿਤਸਰ ਵੱਲੋਂ ਆਉਣ ਵਾਲੀਆਂ ਟ੍ਰੇਨਾਂ ਆਪਣੇ ਸਮੇਂ ਤੋਂ ਕੁਝ ਹੀ ਮਿੰਟ ਦੀ ਦੇਰ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਬਿਹਾਰ, ਯੂ.ਪੀ. ਅਤੇ ਗੁਵਾਹਾਟੀ ਵੱਲ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੀ ਦੂਰੀ ਦਾ ਸਫਰ ਕਰਨ ਵਾਲੇ ਯਾਤਰੀ ਇਥੇ ਟ੍ਰੇਨ ਆਉਣ ਦੇ ਸਮੇਂ ਤੋਂ ਪਹਿਲਾਂ ਹੀ ਪੁੱਜ ਜਾਂਦੇ ਹਨ ਪਰ ਉਨ੍ਹਾਂ ਨੂੰ ਠੰਢ ਵਿਚ ਬੈਠ ਕੇ ਟ੍ਰੇਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ । ਠੰਢ ਕਾਰਨ ਬੱਚਿਆਂ, ਔਰਤਾਂ ਦੀ ਹਾਲਤ ਖਰਾਬ ਬਣੀ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਹੀ ਮੌਸਮ ਕਾਰਨ ਟ੍ਰੇਨਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵੱਲੋਂ ਆਉਣ ਵਾਲੀਆਂ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 3 ਤੋਂ 8 ਘੰਟੇ ਦੀ ਦੇਰ ਨਾਲ ਚੱਲ ਰਹੀਆਂ ਸਨ। ਅਧਿਕਾਰਤ ਸੂਤਰਾਂ ਦੇ ਮੁਤਾਬਕ ਸ਼ਨੀਵਾਰ ਨੂੰ ਵੀ ਇਹੀ ਟ੍ਰੇਨਾਂ ਨਿਰਧਾਰਤ ਸਮੇਂ ਤੋਂ ਦੇਰ ਨਾਲ ਚੱਲਣਗੀਆਂ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮਾਲਵਾ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ, ਕੋਚੀਵਲੀ ਐਕਸਪ੍ਰੈੱਸ, ਗੋਵਾਹਾਟੀ ਜੰਮੂ ਤਵੀ, ਵਨਾਰਸ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਸਹਰਸਾ ਅੰਮ੍ਰਿਤਸਰ ਐੱਕਸਪ੍ਰੈੱਸ, ਨਵੀਂ ਦਿੱਲੀ-ਅੰਮ੍ਰਿਤਸਰ ਐੱਕਸਪ੍ਰੈੱਸ, ਸਰਯੂ ਯਮੁਨਾ ਐੱਕਸਪ੍ਰੈੱਸ, ਜੈ ਨਗਰ ਤੋਂ ਇਲਾਵਾ ਹੋਰ ਟ੍ਰੇਨਾਂ ਵੀ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ। 


author

Gurminder Singh

Content Editor

Related News