ਨਿਰਮਾਣ ਅਧੀਨ ਫਲਾਈਓਵਰ ’ਤੇ ਭੁਲੇਖੇ ਨਾਲ ਚਾੜ੍ਹ ਦਿੱਤੀ ਕਾਰ, ਡਿੱਗੀ ਹੇਠਾਂ
Thursday, Aug 05, 2021 - 04:25 PM (IST)
ਮਖੂ (ਅਕਾਲੀਆਂਵਾਲਾ) : ਮੱਖੂ ਕੋਟ ਈਸੇ ਖਾਂ ਰੋਡ ’ਤੇ ਰਸੂਲਪੁਰ ਫਾਟਕ ’ਤੇ ਬਣ ਰਿਹਾ ਅਧੂਰਾ ਫਲਾਈਓਵਰ ਨੋਟਿਸ ਬੋਰਡ ਨਾ ਲੱਗਣ ਕਰਕੇ ਲੋਕਾਂ ਦੀ ਜਾਨ ਦਾ ਖੌਅ ਬਣ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਕੇ. ਯੂ. ਪੰਜਾਬ ਦੇ ਪੰਜਾਬ ਪ੍ਰਧਾਨ ਫੁਰਮਾਨ ਸਿੰਘ ਸੰਧੂ ਤੇ ਅਕਾਲੀ ਆਗੂ ਨੰਬਰਦਾਰ ਜਸਵੰਤ ਸਿੰਘ ਸੋਭਾ ਰਸੂਲਪੁਰ ਨੇ ਦੱਸਿਆ ਕਿ ਰੇਲਵੇ ਫਾਟਕ ਤੇ ਪਿਛਲੇ ਇਕ ਸਾਲ ਤੋਂ ਬਣ ਰਿਹਾ ਫਲਾਈਓਵਰ ਲਗਭਗ 80 ਫੀਸਦੀ ਪੂਰਾ ਹੋ ਚੁੱਕਾ ਹੈ ਪਰ ਦੋਨੋਂ ਪਾਸਿਓਂ ਜੋੜੇ ਨਾ ਜਾਣ ਕਾਰਨ ਅਣਜਾਣੇ ਵਿਚ ਬਹੁਤ ਮੰਦਭਾਗੀ ਘਟਨਾ ਵਾਪਰੀ ਜਦੋਂ ਮੱਖੂ ਵਾਲੇ ਪਾਸੇ ਇਕ ਵਿਅਕਤੀ ਆਪਣੀ ਜ਼ੈੱਨ ਕਾਰ ’ਤੇ ਮੋਗਾ ਕੋਲ ਪਿੰਡ ਕੋਕਰੀ ਜਾ ਰਿਹਾ ਸੀ ਤਾਂ ਉਸ ਦੀ ਜ਼ੈੱਨ ਕਾਰ ਪੁਲ਼ ਉਪਰੋਂ ਡਿੱਗ ਪਈ। ਕਾਰ ਦੇ ਡਰਾਇਵਰ ਨੂੰ ਗੰਭੀਰ ਸੱਟਾਂ ਲੱਗੀਆਂ।
ਪ੍ਰਾਪਤ ਜਾਣਕਾਰੀ ਮੁਤਾਬਕ ਉਸ ਨੂੰ ਮੋਗਾ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਉਸ ਦੀ ਜ਼ੈੱਨ ਕਾਰ ਬਿਲਕੁਲ ਨਸ਼ਟ ਹੋ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਇਸ ਪੁਲ਼ ਨੂੰ ਆਪਸ ਵਿਚ ਜੋੜਿਆ ਜਾਵੇ ਜਾਂ ਫਿਰ ਦੋਵੇਂ ਪਾਸੇ ਕੰਧਾਂ ਕੀਤੀਆਂ ਜਾਣ ਤਾਂ ਜੋ ਅਣਜਾਣੇ ਵਾਹਨ ਚਾਲਕ ਇਸ ਉੱਪਰ ਨਾ ਚੜਨ।