ਜਲੰਧਰ ਦੇ ਇਨ੍ਹਾਂ ਘਰਾਂ ਨੂੰ ਦੇਖ ਪਏਗਾ ਕਸ਼ਮੀਰ ਦੀਆਂ ਵਾਦੀਆਂ ਦਾ ਭੁਲੇਖਾ (ਤਸਵੀਰਾਂ)
Friday, Mar 06, 2020 - 01:02 PM (IST)
ਜਲੰਧਰ (ਖੁਰਾਣਾ) - ਕੁਝ ਮਹੀਨੇ ਪਹਿਲਾਂ ਵਾਤਾਵਰਣ ਦੇ ਦੁਸ਼ਮਣਾਂ ਨੇ ਸਥਾਨਕ ਚਿੰਤਪੂਰਨੀ ਮੰਦਰ ਦੇ ਸਾਹਮਣੇ ਅਤੇ ਸੈਂਟਰਲ ਟਾਊਨ ਦੇ ਸਵ. ਮਨਮੋਹਨ ਕਾਲੀਆ ਪਾਰਕ ’ਚ 100 ਦੇ ਕਰੀਬ ਰੁੱਖਾਂ ਨੂੰ ਬੁਰੀ ਤਰ੍ਹਾਂ ਵੱਢ ਕੇ ਗ੍ਰੀਨਰੀ ਪ੍ਰਤੀ ਆਪਣੀ ਨਫਰਤ ਦਾ ਸਬੂਤ ਦਿੱਤਾ ਸੀ। ਇਸੇ ਸ਼ਹਿਰ ’ਚ ਵਾਤਾਵਰਣ ਨੂੰ ਪ੍ਰੇਮ ਕਰਨ ਵਾਲੇ ਵੀ ਬਥੇਰੇ ਹਨ, ਜਿਸ ਦੀ ਸੁਖਦ ਮਿਸਾਲ ਸਥਾਨਕ ਜੀ. ਟੀ. ਬੀ. ਨਗਰ ਦੇ ਨਾਲ ਲੱਗਦੀ ਹਾਊਸਿੰਗ ਬੋਰਡ ਕਾਲੋਨੀ ’ਚ ਜਾਂਦਿਆਂ ਹੀ ਦਿਸ ਜਾਂਦੀ ਹੈ। ਇਸ ਛੋਟੀ ਜਿਹੀ ਕਾਲੋਨੀ ਦੀਆਂ ਔਰਤਾਂ ਨੇ ਪਾਰਕ ਦੇ ਆਲੇ-ਦੁਆਲੇ ਦੇ ਘਰਾਂ ਨੂੰ ਫੁੱਲਾਂ ਨਾਲ ਇੰਝ ਲੱਦਿਆ ਹੋਇਆ ਹੈ, ਜਿਨ੍ਹਾਂ ਨੂੰ ਵੇਖਦਿਆਂ ਹੀ ਕਸ਼ਮੀਰ ਦੀਆਂ ਵਾਦੀਆਂ ਦਾ ਅਹਿਸਾਸ ਹੋਣ ਲੱਗਦਾ ਹੈ। ਅੱਜ ‘ਜਗ ਬਾਣੀ’ ਦੀ ਟੀਮ ਨੇ ਇਸ ਕਾਲੋਨੀ ਦਾ ਦੌਰਾ ਕੀਤਾ, ਜਿਥੇ ਰੰਗ-ਬਿਰੰਗੇ ਫੁੱਲਾਂ ਨੂੰ ਰੰਗ-ਬਿਰੰਗੇ ਗਮਲਿਆਂ ’ਚ ਉਗਾ ਕੇ 2 ਦਰਜਨ ਔਰਤਾਂ ਨੇ ਪੂਰੇ ਇਲਾਕੇ ਨੂੰ ਹੀ ਇਕ ਬਾਗ ਵਰਗੀ ਲੁੱਕ ਦਿੱਤੀ ਹੋਈ ਹੈ।
ਰਿਚਾ ਜੇਠੀ ਨੂੰ ਵੇਖ ਕੇ ਕਈਆਂ ਨੂੰ ਮਿਲੀ ਪ੍ਰੇਰਣਾ
ਹਾਊਸਿੰਗ ਬੋਰਡ ਕਾਲੋਨੀ ਦੇ ਦਰਜਨ ਘਰ ਪਹਿਲਾਂ ਵੀ ਫੁੱਲ ਉਗਾਉਂਦੇ ਰਹੇ ਹੋਣ ਪਰ ਇਸ ਲੈਵਲ ’ਤੇ ਘਰਾਂ ’ਚ ਫੁੱਲਾਂ ਨੂੰ ਉਗਾਉਣ ਦਾ ਸਿਲਸਿਲਾ ਕਾਲੋਨੀ ਦੀ ਹੀ ਇਕ ਔਰਤ ਰਿਚਾ ਜੇਠੀ ਨੂੰ ਵੇਖ ਕੇ ਕਈਆਂ ਨੇ ਸ਼ੁਰੂ ਕੀਤਾ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਇਥੇ ਸ਼ਿਫਟ ਹੋਏ ਜੇਠੀ ਪਰਿਵਾਰ ਨੇ ਆਪਣੇ ਘਰ ਨੂੰ ਫੁੱਲਾਂ ਅਤੇ ਆਕਰਸ਼ਕ ਗਮਲਿਆਂ ਅਤੇ ਕਲਾਕ੍ਰਿਤੀਆਂ ਨਾਲ ਜਿਸ ਤਰ੍ਹਾਂ ਸਜਾਇਆ, ਉਸ ਨੂੰ ਵੇਖ ਕੇ ਆਂਢ-ਗੁਆਂਢ ’ਚ ਵੀ ਬੂਟਿਆਂ ਅਤੇ ਫੁੱਲਾਂ ਪ੍ਰਤੀ ਪ੍ਰੇਮ ਵਧਿਆ। ਦੇਖਾ-ਦੇਖੀ ਪਾਰਕ ਦੇ ਆਸ-ਪਾਸ ਲਗਭਗ ਹਰ ਘਰ ਨੇ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪੂਰੇ ਇਲਾਕੇ ਦੀ ਨੁਹਾਰ ਹੀ ਬਦਲ ਗਈ। ਇਸ ਕੰਮ ਵਿਚ ਕਾਲੋਨੀ ਦੀਆਂ ਔਰਤਾਂ ਸ਼ਬਨਮ, ਨੋਮਿਤਾ, ਪਿੰਕੂ ਆਦਿ ਨੇ ਸ਼ਲਾਘਾਯੋਗ ਕੰਮ ਕਰ ਕੇ ਵਿਖਾਇਆ।
ਵੇਸਟ ਮਟੀਰੀਅਲ ਤੱਕ ਦੀ ਕੀਤੀ ਬਿਹਤਰ ਵਰਤੋਂ
ਕਾਲੋਨੀ ਦੀਆਂ ਔਰਤਾਂ ਨੇ ਇਕ-ਦੂਜੇ ਦੀ ਦੇਖਾ-ਦੇਖੀ ਫੁੱਲ ਅਤੇ ਬੂਟੇ ਉਗਾਉਣ ਲਈ ਵੇਸਟ ਮਟੀਰੀਅਲ ਤੱਕ ਨੂੰ ਗਮਲਿਆਂ ਦਾ ਰੂਪ ਦੇ ਦਿੱਤਾ। ਪਲਾਸਟਿਕ ਦੀਆਂ 2 ਲਿਟਰ ਵਾਲੀਆਂ ਖਾਲੀ ਬੋਤਲਾਂ ਵਿਚ ਪਲਾਂਟ ਲਾ ਕੇ ਉਨ੍ਹਾਂ ਨੂੰ ਰੰਗ-ਰੋਗਨ ਕਰ ਕੇ ਅਤੇ ਟੰਗ ਕੇ ਆਕਰਸ਼ਕ ਲੁੱਕ ਦਿੱਤੀ ਗਈ। ਕਈ ਥਾਵਾਂ ’ਤੇ ਵੱਡੇ ਰੁੱਖਾਂ ’ਤੇ ਵੀ ਗਮਲੇ ਆਦਿ ਲਟਕਾਏ ਗਏ। ਇਸ ਕੰਮ ਵਿਚ ਫਾਈਬਰ ਪਲਾਸਟਿਕ ਤੋਂ ਇਲਾਵਾ ਰਾਜਸਥਾਨੀ ਸਜਾਵਟੀ ਅਤੇ ਆਮ ਸੀਮੈਂਟ ਅਤੇ ਮਿੱਟੀ ਦੇ ਗਮਲਿਆਂ ਦੀ ਵਰਤੋਂ ਕੀਤੀ ਗਈ। ਕਾਲੋਨੀ ਦਾ ਨਜ਼ਾਰਾ ਇੰਨਾ ਦਿਲਕਸ਼ ਲੱਗਦਾ ਹੈ ਕਿ ਕਈ ਲੋਕ ਰਸਤਾ ਬਦਲ ਕੇ ਫੁੱਲਾਂ ਨਾਲ ਲੱਦੇ ਘਰ ਵੇਖਣ ਲਈ ਇਧਰੋਂ ਹੋ ਕੇ ਲੰਘਦੇ ਹਨ।