ਵਿਆਹ-ਸ਼ਾਦੀਆਂ ਤੇ ਚੋਣਾਂ ਦੇ ਸੀਜ਼ਨ ਨੇ ਵਧਾਈ ''ਫੁੱਲਾਂ'' ਦੀ ਮੰਗ, ਹੋ ਰਿਹੈ ਦੁੱਗਣਾ ਮੁਨਾਫ਼ਾ
Wednesday, Dec 29, 2021 - 04:13 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਫ਼ਸਲੀ ਵਿਭਿੰਨਤਾ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਹੁਣ ਪੰਜਾਬ ਅੰਦਰ ਫੁੱਲਾਂ ਦੀ ਖੇਤੀ ਦਾ ਰਿਵਾਜ਼ ਵੀ ਵੱਧਣ ਲੱਗਾ ਹੈ। ਖ਼ਾਸ ਕਰਕੇ ਤਿਓਹਾਰੀ ਸੀਜ਼ਨ ਤੋਂ ਬਾਅਦ ਹੁਣ ਵਿਆਹ-ਸ਼ਾਦੀਆਂ ਅਤੇ ਚੋਣਾਂ ਦੇ ਕਰਕੇ ਫੁੱਲਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਥੋਕ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਨਾ ਸਿਰਫ਼ ਫੁੱਲ ਵਿਕਰੇਤਾਵਾਂ ਨੂੰ ਹੋ ਰਿਹਾ ਹੈ, ਸਗੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਖੇਤੀ ਤੋਂ ਦੁੱਗਣਾ ਮੁਨਾਫ਼ਾ ਕਮਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਾ. ਆਰ. ਕੇ. ਦੁਬੇ ਨੇ ਦੱਸਿਆ ਕਿ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਲੁਧਿਆਣਾ ਦੇ ਇਲਾਕਿਆਂ 'ਚ ਹੁਣ ਫੁੱਲਾਂ ਦੀ ਵੱਡੀ ਖੇਤੀ ਹੋਣ ਲੱਗੀ ਹੈ।
ਕਿਹੜੇ ਸੀਜ਼ਨ 'ਚ ਕਿਹੜੇ ਫੁੱਲ
ਡਾ. ਆਰ. ਕੇ. ਦੁਬੇ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਪੂਰਾ ਸਾਲ ਹੁੰਦੀ ਹੈ। ਕਈ ਫੁੱਲਾਂ ਦੀਆਂ ਕਿਸਮਾਂ ਅਜਿਹੀਆਂ ਹਨ, ਜਿਨ੍ਹਾਂ ਤੋਂ ਕਈ ਝਾੜ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਗੇਂਦੇ ਦੇ ਫੁੱਲ ਦੀਆਂ ਵੀ ਕਈ ਕਿਸਮਾਂ ਆ ਗਈਆਂ ਹਨ। ਖ਼ਾਸ ਕਰਕੇ ਲੱਡੂ ਗੇਂਦੇ ਦੀ ਨਵੀਂ ਕਿਸਮ ਯੂਨੀਵਰਸਿਟੀ ਵੱਲੋਂ ਈਜਾਦ ਕੀਤੀ ਗਈ ਹੈ, ਜਿਸ ਦੀ ਮੰਗ ਧਾਰਮਿਕ ਸਥਾਨਾਂ 'ਤੇ ਵਧੇਰੇ ਹੁੰਦੀ ਹੈ। ਡਾ. ਦੁਬੇ ਨੇ ਦੱਸਿਆ ਕਿ ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਵਿਚ ਨਵੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਜੋ ਨਰਸਰੀ ਸਥਾਪਿਤ ਕੀਤੀ ਗਈ ਹੈ, ਉਸ ਨੂੰ ਤਿੰਨ ਤੋਂ ਚਾਰ ਦਹਾਕੇ ਹੋ ਚੁੱਕੇ ਹਨ। ਇੱਥੋਂ ਤੱਕ ਕਿ ਕਈ ਬੂਟੇ 30-40 ਸਾਲ ਤੱਕ ਪੁਰਾਣੇ ਹਨ, ਜਿਨ੍ਹਾਂ ਤੋਂ ਕਲਮਾਂ ਤਿਆਰ ਕਰਕੇ ਅਤੇ ਬੀਜ ਤਿਆਰ ਕਰਕੇ ਉਹ ਅੱਗੇ ਵੇਚਦੇ ਹਨ। ਇਨ੍ਹਾਂ ਨਾਲ ਫੁੱਲਾਂ ਦੀ ਚੰਗੀ ਖੇਤੀ ਹੁੰਦੀ ਹੈ। ਡਾ. ਦੁਬੇ ਨੇ ਦੱਸਿਆ ਕਿ ਫੁੱਲਾਂ ਦੀ ਫ਼ਸਲ ਤਿੰਨ ਤੋਂ ਚਾਰ ਮਹੀਨੇ ਵਿੱਚ ਹੀ ਹੋ ਜਾਂਦੀ ਹੈ। ਪਹਿਲੀ ਫ਼ਸਲ ਤਿਆਰ ਹੋਣ ਨੂੰ ਤਿੰਨ ਤੋਂ ਚਾਰ ਮਹੀਨੇ ਲੱਗਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਗੇਂਦੇ ਦੇ ਫੁੱਲਾਂ ਤੋਂ ਇਸ ਦੀ ਸ਼ੁਰੂਆਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸਾਲ ਕਿਸੇ ਵੀ ਸੀਜ਼ਨ ਵਿੱਚ ਫੁੱਲ ਲਾਏ ਜਾ ਸਕਦੇ ਹਨ।