ਅਹਿਮ ਖ਼ਬਰ : ਹੜ੍ਹ ਨਾਲ ਪੰਜਾਬ ਦੀ ਮਾਲੀ ਹਾਲਤ ਨੂੰ ਲੱਗਾ ਵੱਡਾ ਧੱਕਾ, ਗੜਬੜਾ ਸਕਦਾ ਹੈ ਫ਼ਸਲੀ ਚੱਕਰ

Monday, Jul 31, 2023 - 10:25 AM (IST)

ਅਹਿਮ ਖ਼ਬਰ : ਹੜ੍ਹ ਨਾਲ ਪੰਜਾਬ ਦੀ ਮਾਲੀ ਹਾਲਤ ਨੂੰ ਲੱਗਾ ਵੱਡਾ ਧੱਕਾ, ਗੜਬੜਾ ਸਕਦਾ ਹੈ ਫ਼ਸਲੀ ਚੱਕਰ

ਚੰਡੀਗੜ੍ਹ (ਹਰੀਸ਼ਚੰਦਰ) : ਜੁਲਾਈ ਮਹੀਨੇ ਦੌਰਾਨ ਪਏ ਭਾਰੀ ਮੀਂਹ ਨਾਲ ਪੰਜਾਬ ਦੀ ਅਰਥ ਵਿਵਸਥਾ ਨੂੰ ਵੱਡਾ ਧੱਕਾ ਲੱਗਾ ਹੈ। ਪੰਜਾਬ ਦੇ ਕਣਕ-ਝੋਨੇ ਨੇ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲੋੜਾਂ 'ਚ ਲਗਾਤਾਰ ਯੋਗਦਾਨ ਦਿੱਤਾ ਹੈ ਪਰ ਇਸ ਵਾਰ ਮੀਂਹ ਨਾਲ ਆਏ ਹੜ੍ਹ ਅਤੇ ਕਈ ਜਗ੍ਹਾ ਨਹਿਰਾਂ 'ਚ ਆਈਆਂ ਤਰੇੜਾਂ ਕਾਰਨ ਪਾਣੀ ਭਰ ਜਾਣ ਨਾਲ ਪੰਜਾਬ ਦਾ ਝੋਨਾ ਕਿਸਾਨ ਸੰਕਟ 'ਚ ਹੈ। ਉਨ੍ਹਾਂ ਦੀ 60 ਫ਼ੀਸਦੀ ਖ਼ੇਤੀ ਯੋਗ ਜਮੀਨ ਪਾਣੀ 'ਚ ਡੁੱਬ ਚੁੱਕੀ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜਿੱਥੇ ਹੜ੍ਹ ਜਾਂ ਪਾਣੀ ਭਰ ਜਾਣ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੋਂ ਹੀ ਝੋਨੇ ਬੀਜਾਈ 'ਚ ਮੁਸ਼ਕਲ ਆਵੇਗੀ। ਪੰਜਾਬ 'ਚ ਮੁੱਖ ਤੌਰ ’ਤੇ ਖ਼ਰੀਫ ਸੀਜ਼ਨ 'ਚ ਚੌਲ, ਮੱਕੀ, ਗੰਨਾ, ਨਰਮਾ-ਕਪਾਹ ਆਦਿ ਦੀ ਖ਼ੇਤੀ ਹੁੰਦੀ ਹੈ ਅਤੇ ਜੋ ਹਾਲਾਤ ਬਣੇ ਹੋਏ ਹਨ, ਉਸ 'ਚ ਪੰਜਾਬ 'ਚ ਝੋਨੇ ਦੀ ਫ਼ਸਲ ਦੀ ਪੈਦਾਵਾਰ ਡਿੱਗਣ ਦਾ ਸ਼ੱਕ ਹੈ। ਜਿਸ ਦਾ ਅਸਰ ਦੇਸ਼ 'ਚ ਚੌਲਾਂ ਦੀ ਖ਼ਪਤ ’ਤੇ ਸਿੱਧੇ ਤੌਰ ’ਤੇ ਪਵੇਗਾ। ਜ਼ਿਕਰਯੋਗ ਹੈ ਕਿ 2021-22 ਖ਼ਰੀਦ ਸੀਜ਼ਨ 'ਚ ਪੰਜਾਬ ਨੇ ਕੇਂਦਰੀ ਪੂਲ 'ਚ 56.81 ਮਿਲੀਅਨ ਟਨ ਦੀ ਕੁੱਲ ਚੌਲਾਂ ਦੀ ਖਰੀਦ 'ਚ 12.5 ਮਿਲੀਅਨ ਟਨ ਮਤਲਬ 21 ਫ਼ੀਸਦੀ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ। ਪੰਜਾਬ ਦਾ ਖੇਤਰਫਲ 50.33 ਲੱਖ ਹੈਕਟੇਅਰ ਹੈ, ਜਿਸ ਵਿਚੋਂ ਲਗਭਗ 41.27 ਲੱਖ ਹੈਕਟੇਅਰ ਦੀ ਵਰਤੋਂ ਖੇਤੀ ਲਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਚੱਲਦੀ ਟਰੇਨ 'ਚ ਫਾਇਰਿੰਗ, RPF ਜਵਾਨ ਤੇ 3 ਯਾਤਰੀਆਂ ਦੀ ਮੌਤ
ਗੜਬੜਾ ਸਕਦਾ ਹੈ ਖੇਤੀਬਾੜੀ ਕੈਲੰਡਰ
ਉਤਪਾਦਕਤਾ ਦੀ ਨਜ਼ਰ ਤੋਂ ਕਿਸਾਨਾਂ ਨੇ ਦੇਰੀ ਨਾਲ ਝੋਨੇ ਦੀ ਬੀਜਾਈ ਕੀਤੀ ਸੀ ਤਾਂ ਜੋ ਮਾਨਸੂਨ ਦੇ ਮੀਂਹ ਦਾ ਫ਼ਾਇਦਾ ਉਨ੍ਹਾਂ ਦੀ ਫ਼ਸਲ ਨੂੰ ਮਿਲ ਸਕੇ। ਪਰ ਅਨਿਯਮਿਤ ਮਾਨਸੂਨ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਹੁਣ ਦੁਬਾਰਾ ਜੇਕਰ ਝੋਨੇ ਦੀ ਬੀਜਾਈ ਕਰਦੇ ਹਨ ਤਾਂ ਇਸ ਸੀਜ਼ਨ 'ਚ ਫ਼ਸਲ ਕੈਲੰਡਰ ਦੇ ਗੜਬੜਾਉਣ ਦੇ ਆਸਾਰ ਹਨ। ਹਾਲੇ ਕਦੇ ਮਾਨਸੂਨ ਤਾਂ ਕਦੇ ਪੱਛਮੀ ਗੜਬੜ ਰੁਕ-ਰੁਕ ਕੇ ਮੀਂਹ ਪਾ ਰਹੀ ਹੈ। ਇਸ ਨਾਲ ਝੋਨੇ ਦੀ ਬੀਜਾਈ ਅਤੇ ਹੋਰ ਫ਼ਸਲਾਂ ਦੀ ਬੀਜਾਈ 'ਚ ਦੇਰੀ ਹੋ ਰਹੀ ਹੈ। ਅਜਿਹੀ ਵੀ ਉਮੀਦ ਹੈ ਕਿ ਪੰਜਾਬ ਦਾ ਝੋਨੇ ਕਿਸਾਨ ਮੱਕੀ ਵਰਗੀਆਂ ਛੋਟੀ ਮਿਆਦ ਦੀਆਂ ਫ਼ਸਲਾਂ ਵੱਲ ਰੁਖ਼ ਕਰੇ। ਹਾਲਾਂਕਿ ਇਹ ਬੇਹੱਦ ਮਾਮੂਲੀ ਬਦਲਾਅ ਹੋਵੇਗਾ। ਇਸ ਖ਼ਰੀਫ ਸੀਜ਼ਨ 'ਚ ਜੇਕਰ ਘੱਟ ਸਮੇਂ ਵਿਚ ਪੱਕਣ ਵਾਲੀਆਂ ਫ਼ਸਲਾਂ ਨਹੀਂ ਲੱਗੀਆਂ ਤਾਂ ਉਸਦਾ ਰਬੀ ਦੀ ਬੀਜਾਈ ’ਤੇ ਸਿੱਧਾ ਅਸਰ ਪਵੇਗਾ।
ਹੜ੍ਹ ਤੋਂ ਬਾਅਦ ਵੀ ਪ੍ਰਕੋਪ ਘੱਟ ਨਹੀਂ
ਹੜ੍ਹ ਅਤੇ ਜਲਭਰਾਵ ਕਾਰਣ ਸੂਬੇ 'ਚ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਪਟਿਆਲਾ ਦੀ ਡਾ. ਹਰਸ਼ਿੰਦਰ ਕੌਰ ਦੱਸਦੇ ਹਨ ਕਿ ਲੂ ਦੀਆਂ ਸ਼ਿਕਾਇਤਾਂ ਵੱਧਣ ਲੱਗੀਆਂ ਹਨ। ਇਸ ਤੋਂ ਇਲਾਵਾ ਚਮੜੀ, ਦਸਤ-ਉਲਟੀਆਂ, ਮਲੇਰੀਆ, ਡੇਂਗੂ, ਪੀਲੀਆ, ਹੈਪੇਟਾਈਟਿਸ ਏ ਅਤੇ ਈ, ਹੁੰਮਸ ਕਾਰਣ ਸਾਹ ਲੈਣ 'ਚ ਮੁਸ਼ਕਲ, ਦਮਾ, ਨਿਮੋਨੀਆ ਅਤੇ ਟਾਈਫਾਈਡ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਬੀਮਾਰੀਆਂ ਬੱਚਿਆਂ ਅਤੇ ਵੱਡਿਆਂ ਕਿਸੇ ਨੂੰ ਵੀ ਹੋ ਸਕਦੀਆਂ ਹਨ ਪਰ ਬੱਚਿਆਂ ਦੀ ਖ਼ਾਸ ਦੇਖਭਾਲ ਦੀ ਲੋੜ ਹੈ।       

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਸੀਲ ਕੀਤਾ ਗਿਆ ਇਲਾਕਾ
6 ਲੱਖ ਏਕੜ ਖੇਤ ਪਾਣੀ 'ਚ ਡੁੱਬੇ ਹਨ
ਕਿਸਾਨਾਂ ਦੀ ਮੰਨੀਏ ਤਾਂ ਸੂਬੇ ਦੇ 19 ਜ਼ਿਲ੍ਹਿਆਂ 'ਚ ਭਾਰੀ ਮੀਂਹ, ਹੜ੍ਹ ਅਤੇ ਜਲਭਰਾਵ ਨਾਲ ਲਗਭਗ 6 ਲੱਖ ਏਕੜ ਖੇਤ ਪਾਣੀ 'ਚ ਡੁੱਬੇ ਹੋਏ ਸਨ। ਇਨ੍ਹਾਂ ਵਿਚੋਂ 2 ਲੱਖ ਏਕੜ 'ਚ ਝੋਨੇ ਦੀ ਦੁਬਾਰਾ ਬੀਜਾਈ ਮੁਸ਼ਕਲ ਹੈ। ਕੁੱਲ ਮਿਲਾ ਕੇ ਖ਼ਰੀਫ ਫ਼ਸਲਾਂ ਦਾ ਉਤਪਾਦਨ ਇਸ ਨੁਕਸਾਨ ਕਾਰਨ 25 ਫ਼ੀਸਦੀ ਤੱਕ ਡਿੱਗ ਸਕਦਾ ਹੈ। ਕਿਸਾਨਾਂ ਦਾ ਨੁਕਸਾਨ ਇਸ ਲਈ ਜ਼ਿਆਦਾ ਹੋਇਆ ਹੈ ਕਿਉਂਕਿ ਕਰੀਬ 90 ਫ਼ੀਸਦੀ ਝੋਨਾ ਲੱਗ ਚੁੱਕਿਆ ਸੀ।
ਨਦੀਆਂ ਦੀ ਸਫ਼ਾਈ ਨਾ ਹੋਣ ਕਾਰਨ ਵੱਧਦਾ ਹੈ ਖ਼ਤਰਾ
ਸੂਬੇ 'ਚ ਹੜ੍ਹ ਦਾ ਖ਼ਤਰਾ ਇਸ ਲਈ ਜ਼ਿਆਦਾ ਵਧਦਾ ਹੈ ਕਿਉਂਕਿ ਨਹਿਰਾਂ ਦੀ ਸਫ਼ਾਈ ’ਤੇ ਧਿਆਨ ਨਹੀਂ ਦਿੱਤਾ ਜਾਂਦਾ। 2019 'ਚ ਆਏ ਹੜ੍ਹ ਤੋਂ ਬਾਅਦ ਪੰਜਾਬ ਸਰਕਾਰ ਦੇ ਮਾਈਨਜ਼ ਅਤੇ ਜੀਓਲਾਜੀ ਡਿਪਾਰਟਮੈਂਟ ਨੇ 2020 'ਚ ਇੱਕ ਰਿਪੋਰਟ ਦਿੱਤੀ ਸੀ। ਇਸ ਮੁਤਾਬਕ ਨਦੀਆਂ ਪਹਾੜਾਂ ਤੋਂ ਆਉਂਦੇ ਹੋਏ ਨਾਲ ਗਾਰ ਲਿਆਉਂਦੀਆਂ ਹਨ। ਗਾਰ ਆ ਕੇ ਮੈਦਾਨੀ ਇਲਾਕੇ ਵਿਚ ਨਦੀ 'ਚ ਜਮ੍ਹਾਂ ਹੋਣ ਲੱਗਦੀ ਹੈ ਅਤੇ ਇਸ ਨਾਲ ਨਦੀ ਦੀ ਸਮਰੱਥਾ ਹਰ ਸਾਲ ਘੱਟ ਹੁੰਦੀ ਜਾਂਦੀ ਹੈ। ਇਸ ਦੇ ਚੱਲਦੇ ਪੰਜਾਬ 'ਚ ਨਦੀਆਂ ਦਾ ਪਾਣੀ-ਵਹਿਣ ਸਮਰੱਥਾ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਨਦੀਆਂ ਦੇ ਤਲ 'ਚ 5 ਤੋਂ 12 ਫੁੱਟ ਤੱਕ ਗਾਰ ਜਮ੍ਹਾਂ ਹੋ ਗਈ ਹੈ। ਨਾਲ ਹੀ ਨਦੀਆਂ 'ਚ ਚੌਥਾਈ ਤੱਕ ਚੌੜਾਈ 'ਚ 7000 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਰੇਤ, ਬਜਰੀ ਅਤੇ ਟੁੱਟੇ ਪੱਥਰ ਪਏ ਹਨ। ਜੇਕਰ ਇਸ ਨੂੰ ਹਟਾ ਦਿੱਤਾ ਜਾਵੇ ਤਾਂ ਨਦੀ ਦੀ ਸਮਰੱਥਾ 15,000 ਤੋਂ 50,000 ਕਿਊਸਿਕ ਤੱਕ ਵੱਧ ਸਕਦੀ ਹੈ। ਨਦੀ ਦੀ ਖ਼ੁਦਾਈ ਨਾਲ ਨਦੀ ਦੇ ਵਹਾਅ ਦੀ ਦਿਸ਼ਾ ਬਦਲਣ ਅਤੇ ਤਟਬੰਨ੍ਹਾਂ ਨੂੰ ਨੁਕਸਾਨ ਤੋਂ ਵੀ ਰੋਕਿਆ ਜਾ ਸਕਦਾ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਹੋਇਆ ਜ਼ਿਆਦਾ ਨੁਕਸਾਨ
ਮੋਹਾਲੀ, ਰੋਪੜ, ਮੋਗਾ, ਸੰਗਰੂਰ, ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮਾਨਸਾ, ਕਪੂਰਥਲਾ, ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ ਫ਼ਸਲ ਨੂੰ ਜਿਆਦਾ ਨੁਕਸਾਨ ਹੋਇਆ ਹੈ। ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ 'ਚ ਮੀਂਹ ਤਾਂ ਘੱਟ ਹੋਇਆ ਫਰ ਘੱਗਰ ਦੇ ਪਾਣੀ ਨੇ ਮਾਨਸਾ ਜ਼ਿਲ੍ਹੇ ਅਤੇ ਸਤਲੁਜ ਨੇ ਫਾਜ਼ਿਲਕਾ 'ਚ ਨੁਕਸਾਨ ਕੀਤਾ। ਇੱਕ ਅਨੁਮਾਨ ਅਨੁਸਾਰ ਪੰਜਾਬ 'ਚ 74 ਲੱਖ ਏਕੜ ਤੋਂ ਜ਼ਿਆਦਾ 'ਚ ਝੋਨਾ ਬੀਜਿਆ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News