ਬਾਰਡਰ ਪੱਟੀ ਦੀਆਂ ਢਾਣੀਆਂ ''ਤੇ ਪਹੁੰਚਿਆਂ ਹੜ੍ਹਾਂ ਦਾ ਪਾਣੀ

Monday, Aug 14, 2017 - 01:20 AM (IST)

ਬਾਰਡਰ ਪੱਟੀ ਦੀਆਂ ਢਾਣੀਆਂ ''ਤੇ ਪਹੁੰਚਿਆਂ ਹੜ੍ਹਾਂ ਦਾ ਪਾਣੀ

ਜਲਾਲਾਬਾਦ, (ਸੇਤੀਆ)— ਹਰੀਕੇ ਹੈੱਡ ਤੋਂ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਓਵਰ ਹੋਣ ਕਾਰਨ ਸੀਮਾਪੱਟੀ 'ਤੇ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਸੀਮਾਪੱਟੀ 'ਤੇ ਪੈਂਦੀਆਂ ਢਾਣੀਆਂ ਨੱਥਾ ਸਿੰਘ ਅਤੇ ਢਾਣੀ ਫੂਲਾ ਸਿੰਘ 'ਚ ਪੈਂਦੀਆਂ ਫਾਟਾਂ 'ਚ ਦਰਿਆਈ ਪਾਣੀ ਲੰਘਣਾ ਸ਼ੁਰੂ ਹੋ ਗਿਆ ਹੈ। ਪਾਣੀ ਦੇ ਕਾਰਨ ਬਾਰਡਰ ਪੱਟੀ 'ਤੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕਿਸਾਨਾਂ ਦਾ ਕਾਫੀ ਏਕੜ ਝੋਨੇ ਅਤੇ ਹਰੇ ਚਾਰੇ ਦੀ ਫਸਲ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ। ਓਧਰ ਦੂਜੇ ਪਾਸੇ ਐੱਸ. ਡੀ. ਐੱਮ. ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਜਦ ਪਿੱਛੋਂ ਪਾਣੀ ਦਾ ਜਲ ਪੱਧਰ ਵਧਿਆ ਹੁੰਦਾ ਹੈ ਤਾਂ ਹਰੀਕੇ ਹੈੱਡ ਦਾ ਪਾਣੀ ਇਨ੍ਹਾਂ ਇਲਾਕਿਆਂ ਵਿਚ ਜ਼ਰੂਰ ਪਹੁੰਚਦਾ ਹੈ ਪਰ ਫਿਲਹਾਲ ਅਜੇ ਸਥਿਤੀ ਕੰਟਰੋਲ ਵਿਚ ਹੈ। 
ਜਾਣਕਾਰੀ ਦਿੰਦਿਆਂ ਕਿਸਾਨ ਜੋਗਿੰਦਰ ਸਿੰਘ, ਸੰਦੀਪ ਸਿੰਘ, ਕੁਲਵੀਰ ਸਿੰਘ, ਬਲਵੀਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਫਾਟ ਵਿਚ ਪਾਣੀ ਆਉਣ ਕਾਰਨ ਉਨ੍ਹਾਂ ਦੀ ਝੋਨੇ ਅਤੇ ਹਰੇ ਚਾਰੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਜੇਕਰ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਇਹ ਪਾਣੀ ਆਸ-ਪਾਸ ਉਨ੍ਹਾਂ ਦੀਆਂ ਢਾਣੀਆਂ ਨੂੰ ਪ੍ਰਭਾਵਿਤ ਕਰੇਗਾ ਅਤੇ ਮਜਬੂਰਨ ਸਾਨੂੰ ਇਥੋਂ ਪਲਾਇਨ ਕਰਨਾ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਥੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।
ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
ਇਸ ਸਬੰਧੀ ਐੱਸ. ਡੀ. ਐੱਮ. ਬਲਬੀਰ ਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਆਤੂ ਵਾਲਾ ਅਤੇ ਹੋਰ ਨਾਲ ਲੱਗਦੀਆਂ ਢਾਣੀਆਂ ਦਾ ਦੌਰਾ ਕੀਤਾ ਹੈ ਪਰ ਵਰਤਮਾਨ ਸਮੇਂ ਅੰਦਰ ਅਜੇ ਸਥਿਤੀ ਕੰਟਰੋਲ ਵਿਚ ਹੈ। ਪਿੱਛੋਂ ਪਾਣੀ ਦਾ ਜਲ ਪੱਧਰ ਵਧਿਆ ਹੋਣ ਕਾਰਨ ਹੈੱਡ ਦਾ ਪਾਣੀ ਇਨ੍ਹਾਂ ਇਲਾਕਿਆਂ 'ਚ ਬਣੀ ਫਾਟ 'ਚ ਲੰਘ ਰਿਹਾ ਹੈ।
ਇਸ ਤੋਂ ਇਲਾਵਾ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜੇਕਰ ਪਾਣੀ ਵਧਦਾ ਹੈ ਤਾਂ ਆਮ ਲੋਕਾਂ ਲਈ ਥਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੂੰ ਜਦ ਪੁੱਛਿਆ ਗਿਆ ਕਿ ਨਹਿਰੀ ਵਿਭਾਗ ਵੱਲੋਂ ਨਹਿਰਾਂ ਵਿਚ ਪਾਣੀ ਨਹੀਂ ਛੱਡਿਆ ਗਿਆ, ਜੇਕਰ ਛੱਡਿਆ ਜਾਂਦਾ ਤਾਂ ਕਾਫੀ ਪਾਣੀ ਇਨ੍ਹਾਂ ਨਹਿਰਾਂ ਰਾਹੀਂ ਆਉਣ ਕਰ ਕੇ ਕੰਟਰੋਲ ਵਿਚ ਹੋ ਜਾਣਾ ਸੀ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਨਹਿਰੀ ਵਿਭਾਗ ਦਾ ਹੈ ਅਤੇ ਇਸ ਨੂੰ ਨਹਿਰੀ ਵਿਭਾਗ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਕਿਸ ਹਾਲਤ ਵਿਚ ਨਹਿਰਾਂ ਵਿਚ ਪਾਣੀ ਛੱਡਣਾ ਹੈ। 


Related News