ਹੜ੍ਹ ਦਾ ਕਹਿਰ, ਬੇਜ਼ੁਬਾਨਾਂ ਲਈ ਰੱਬ ਬਣ ਕੇ ਬਹੁੜੀ 'ਯਾਰਾਂ ਦੀ ਟੋਲੀ' (ਵੀਡੀਓ)
Sunday, Aug 25, 2019 - 03:42 PM (IST)
ਜਲੰਧਰ (ਸੋਨੂੰ)— ਦੇਸ਼-ਦੁਨੀਆ ਦੇ ਕਿਸੇ ਵੀ ਕੋਨੇ 'ਚ ਜਦੋਂ ਭੀੜ ਪੈਂਦੀ ਹੈ ਤਾਂ ਪੀੜਤਾਂ ਦੀ ਬਾਂਹ ਫੜਣ 'ਚ ਪੰਜਾਬੀ ਮੋਹਰੀ ਹੁੰਦੇ ਹਨ। ਅੱਜ ਜਦੋਂ ਖੁਦ ਪੰਜਾਬ 'ਤੇ ਹੜ੍ਹ ਦੀ ਮੁਸੀਬਤ ਪਈ ਹੈ ਤਾਂ ਵੀ ਇਕ ਪੰਜਾਬੀ, ਦੂਜੇ ਦਾ ਸਹਾਰਾ ਬਣ ਕੇ ਖੜ੍ਹਾ ਹੈ। ਇਕ ਪਾਸੇ ਜਿੱਥੇ ਹੜ੍ਹ ਪ੍ਰਭਾਵਿਤਾਂ ਨੂੰ ਲੰਗਰ ਪਾਣੀ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ, ਉਥੇ ਹੀ ਹੜ੍ਹ ਦੇ ਮਾਰੇ ਬੇਜ਼ੁਬਾਨ ਜਾਨਵਰਾਂ ਲਈ ਯਾਰਾਂ ਦੀ ਟੋਲੀ ਰੱਬ ਬਣ ਕੇ ਬਹੁੜੀ ਹੈ।
ਫਿਰੋਜ਼ਪੁਰ ਦੇ ਮੁੰਡਿਆਂ ਦਾ ਇਕ ਟੋਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਸੇਵਾ ਨਿਭਾਅ ਰਿਹਾ ਹੈ। ਸਵੇਰ ਤੋਂ ਇਹ ਨੌਜਵਾਨ ਪੱਠੇ ਅਤੇ ਤੂੜੀ ਇਕੱਠੇ ਕਰਕੇ ਉਨ੍ਹਾਂ ਨੂੰ ਕੁਤਰ ਕੇ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਨਸਾਨ ਤਾਂ ਆਪਣੀ ਭੁੱਖ ਦਾ ਇਜ਼ਹਾਰ ਕਰ ਲੈਂਦਾ ਹੈ ਪਰ ਪਸ਼ੂ ਨਹੀਂ ਇਨ੍ਹਾਂ ਬੇਜ਼ੁਬਾਨਾਂ ਦੀਆਂ ਸਿਰਫ ਨਜ਼ਰਾਂ ਹੀ ਇਨ੍ਹਾਂ ਦੀ ਭੁੱਖ ਬਿਆਨ ਕਰਦੀਆਂ ਹਨ। ਇਹ ਟੋਲੀ ਖੁਦ ਪਤਾ ਲਗਾ ਕੇ ਲੋੜਵੰਦ ਘਰ 'ਚ ਚਾਰਾ ਪਹੁੰਚਾਉਂਦੀ ਹੈ ਅਤੇ ਕਈ ਥਾਈਂ ਲੋਕ ਵੀ ਇਨ੍ਹਾਂ ਨੂੰ ਫੋਨ ਕਰਕੇ ਬੁਲਾਉਂਦੇ ਹਨ।
ਦੱਸ ਦੱਈਏ ਕਿ ਜਲੰਧਰ ਦੇ ਲੋਹੀਆਂ ਪਿੰਡ ਸਣੇ ਕਈ ਹੋਰ ਇਲਾਕੇ 8 ਫੁੱਟ ਤੱਕ ਹੜ੍ਹ ਦੇ ਪਾਣੀ 'ਚ ਡੁੱਬ ਗਏ ਸਨ ਅਤੇ ਹੋਰ ਨੁਕਸਾਨ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਨਸ਼ਟ ਹੋ ਗਿਆ ਹੈ। ਅਜਿਹੇ 'ਚ ਬੇਜ਼ੁਬਾਨਾਂ ਲਈ ਪੱਠਿਆਂ ਦਾ ਪ੍ਰਬੰਧ ਕਰ ਰਹੀ ਯਾਰਾਂ ਦੀ ਇਸ ਟੋਲੀ ਦੇ ਚਰਚੇ ਗਿੱਦੜਪਿੰਡੀ ਤੋਂ ਲੈ ਕੇ ਲੋਹੀਆਂ ਤੱਕ ਹੋ ਰਹੇ ਹਨ।