ਹੜ੍ਹ 'ਚ ਫਸੀ 3 ਮਹੀਨਿਆਂ ਦੀ ਨੰਨ੍ਹੀ ਜਾਨ, ਰੈਸਕਿਊ ਕਰਕੇ ਕੁਝ ਇਸ ਤਰ੍ਹਾਂ ਬਚਾਇਆ
Monday, Aug 26, 2019 - 12:21 PM (IST)
ਜਲੰਧਰ (ਪੁਨੀਤ)— ਪੰਜਾਬ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਕੁਝ ਪਿੰਡਾਂ 'ਚ ਅਜੇ ਵੀ ਸਥਿਤੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਇਕ ਪਾਸੇ ਜਿੱਥੇ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਉਥੇ ਹੀ ਆਮ ਜਨਤਾ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਹੜ੍ਹ 'ਚ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਫਸਣ 'ਤੇ ਰੈਸਕਿਊ ਟੀਮ ਨੇ ਸਖਤ ਮੁਸ਼ੱਕਤ ਤੋਂ ਬਾਅਦ ਉਸ ਦੀ ਜਾਨ ਬਚਾਈ। ਮਿਲੀ ਜਾਣਕਾਰੀ ਮੁਤਾਬਕ ਹੜ੍ਹ ਦੇ ਫਸੇ ਲੋਕਾਂ ਨੂੰ ਬਚਾਉਣ 'ਚ ਲੱਗੀ ਰੈਸਕਿਊ ਟੀਮ ਨੂੰ ਸੂਚਨਾ ਮਿਲੀ ਸੀ ਕਿ ਗਿੱਦੜਪਿੰਡੀ 'ਚ ਹੜ੍ਹ ਦੇ ਪਾਣੀ 'ਚ 3 ਮਹੀਨਿਆਂ ਦੀ ਬੱਚੀ ਪਰਿਵਾਰ ਦੇ ਨਾਲ ਇਕ ਡੇਰੇ 'ਚ ਫਸੀ ਪਈ ਹੈ, ਜਿਸ ਨੂੰ ਰੈਸਕਿਊ ਕਰਨ ਦੀ ਲੋੜ ਹੈ।
ਇਸ ਤੋਂ ਬਾਅਦ ਟੀਮ ਜਦੋਂ ਮੌਕੇ 'ਤੇ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਬੱਚੀ ਦੇ ਨਾਲ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਸੂਚਨਾ ਮਿਲਣ 'ਤੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਦੀ ਅਗਵਾਈ 'ਚ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ 3 ਮਹੀਨਿਆਂ ਦੀ ਬੱਚੀ ਜਪਲੀਨ, ਉਸ ਦੇ ਪਿਤਾ ਪਵਨਦੀਪ ਸਿੰਘ ਸਮੇਤ ਪਰਿਵਾਰ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਇਲਾਕਿਆਂ 'ਚ ਪਾਣੀ ਹੇਠਾਂ ਨਹੀਂ ਗਿਆ ਹੈ, ਉਥੇ ਰਾਹਤ ਟੀਮਾਂ ਨੂੰ ਕਿਸ਼ਤੀਆਂ 'ਚ ਭੇਜਿਆ ਜਾ ਰਿਹਾ ਹੈ ਤਾਂਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਕਈ ਇਲਾਕਿਆਂ 'ਚ ਲੋਕ ਘਰਾਂ 'ਚੋਂ ਬਾਹਰ ਆਉਣ ਨੂੰ ਤਿਆਰ ਨਹੀਂ ਹਨ।