ਹੜ੍ਹ ''ਚ ਡੁੱਬਿਆ ਪਾਲਣਹਾਰ ਪੰਜਾਬ, ਪੀੜਤਾਂ ਨੂੰ ਰੋਟੀ ਦੀਆਂ ਦੋ ਬੁਰਕੀਆਂ ਦੀ ਉਡੀਕ

Monday, Aug 26, 2019 - 09:11 AM (IST)

ਜਲੰਧਰ(ਸੂਰਜ ਠਾਕੁਰ) : ਜਿਸ ਪੰਜਾਬ ਦੀ ਧਰਤੀ ਨੇ 1970 ਦੀ ਹਰਿਤ ਕ੍ਰਾਂਤੀ ਤੋਂ ਲੈ ਕੇ ਹੁਣ ਤਕ ਦੇਸ਼ ਦੇ ਲੋਕਾਂ ਦੀ ਭੁੱਖ ਮਿਟਾਉਣ ਲਈ ਅੰਨ ਦੇ ਭੰਡਾਰ ਦਿੱਤੇ ਤੇ ਕਿਸਾਨਾਂ ਨੇ ਖਾਦ ਲਈ ਰਸਾਇਣਾਂ ਕਾਰਣ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਆਪਣੀ ਜ਼ਿੰਦਗੀਆਂ 'ਚ ਮੁੱਲ ਲਈਆਂ। ਅੱਜ ਉਹੀ ਧਰਤੀ ਹੁਣ ਹੜ੍ਹ ਪੀੜਤ ਹੈ ਤਾਂ ਸਿਆਸਤਦਾਨ ਇਕਜੁੱਟ ਹੋਣ ਦੀ ਬਜਾਏ ਸਿਆਸੀ ਚੁੱਲ੍ਹਿਆਂ 'ਤੇ ਆਪਣੀਆਂ ਰੋਟੀਆਂ ਸੇਕਣ 'ਤੇ ਉਤਾਰੂ ਹਨ। ਹਾਲਾਤ ਅਜਿਹੇ ਹਨ ਕਿ ਕੈਪਟਨ ਸਰਕਾਰ ਜ਼ਮੀਨੀ ਪੱਧਰ 'ਤੇ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ 'ਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਕਈ ਸਾਲ ਪਹਿਲਾਂ ਤਕ ਪੰਜਾਬ ਦੀ ਸੱਤਾ ਸੰਭਾਲ ਚੁੱਕੇ ਅਕਾਲੀ ਸ਼੍ਰੋਮਣੀ ਦਲ ਦੇ ਚੋਟੀ ਦੇ ਆਗੂਆਂ ਨੇ ਤਰਕਸ਼ ਸ਼ਬਦਭੇਦੀ ਤੀਰਾਂ ਨਾਲ ਭਰੇ ਹਨ। ਸੂਬੇ 'ਚ ਤੀਜੇ ਫਰੰਟ ਦਾ ਸੁਪਨਾ ਪਾਲਣ ਵਾਲੀ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ। ਇਸ ਵਿਚਾਲੇ ਕੇਂਦਰ ਸਰਕਾਰ ਨੇ ਹੜ੍ਹ ਪੀੜਤ ਸੂਬਿਆਂ ਨੂੰ ਦੋ ਵਾਰ ਰਾਹਤ ਦੇਣ ਦਾ ਐਲਾਨ ਕੀਤਾ ਪਰ ਦੋਵੇਂ ਹੀ ਸੂਚੀਆਂ 'ਚ ਪੰਜਾਬ ਕਿਤੇ ਨਜ਼ਰ ਨਹੀਂ ਆਇਆ।

PunjabKesari

ਪੰਜਾਬ ਦੇ ਹਾਲਾਤ ਅਤੇ ਵਿਅੰਗ ਭਰੀ ਸਿਆਸਤ
ਭਾਖੜਾ ਡੈਮ ਦੇ ਗੇਟ ਖੋਲ੍ਹਣ ਨਾਲ ਪੰਜਾਬ ਦੇ ਸੈਂਕੜੇ ਪਿੰਡ ਪਾਣੀ 'ਚ ਡੁੱਬ ਗਏ ਹਨ। ਕਿਸਾਨ ਘਰਾਂ ਦੀਆਂ ਛੱਤਾਂ 'ਤੇ ਆਪਣੇ ਪਰਿਵਾਰਾਂ ਨਾਲ ਰੋਟੀ ਦੀਆਂ ਦੋ ਬੁਰਕੀਆਂ ਦੀ ਉਡੀਕ ਕਰ ਰਹੇ ਹਨ। ਮਵੇਸ਼ੀਆਂ ਅਤੇ ਘਰਾਂ 'ਚ ਅਨਾਜ ਦੇ ਸਟੋਰ ਪਾਣੀ 'ਚ ਡੁੱਬਣ ਨਾਲ ਪਿੰਡਾਂ 'ਚ ਬਦਬੂ ਫੈਲਣ ਲੱਗੀ ਹੈ। ਹੜ੍ਹ ਪੀੜਤ ਇਲਾਕਿਆਂ 'ਚ ਬੀਮਾਰੀਆਂ ਫੈਲਣ ਲੱਗੀਆਂ ਹਨ। ਸਰਕਾਰ ਅਤੇ ਸਵੈਮਸੇਵੀ ਸੰਸਥਾਵਾਂ ਵਲੋਂ ਲਾਏ ਜਾ ਰਹੇ ਮੈਡੀਕਲ ਕੈਂਪਾਂ 'ਚ ਬੀਮਾਰ ਦਿਹਾਤੀਆਂ ਦੀਆਂ ਕਤਾਰਾਂ ਲੰਬੀਆਂ ਹੋਣ ਲੱਗੀਆਂ ਹਨ। ਮੰਦੀ ਦੀ ਮਾਰ ਝੱਲ ਰਹੀ ਕੈਪਟਨ ਸਰਕਾਰ ਰਾਹਤ ਫੰਡ ਲਈ ਮੋਦੀ ਸਰਕਾਰ ਦੇ ਦਰ 'ਤੇ ਦਾਮਨ ਫੈਲਾ ਕੇ ਖੜ੍ਹੀ ਹੈ। ਪ੍ਰਸ਼ਾਸਨ ਨੂੰ ਪੀੜਤ ਦਿਹਾਤੀਆਂ ਦੀ ਮਦਦ ਕਰਦੇ-ਕਰਦੇ ਸਾਹ ਚੜ੍ਹਣ ਲੱਗਾ ਹੈ। ਅਜਿਹੇ 'ਚ ਵਿਰੋਧੀ ਧਰ 'ਚ ਬੈਠੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਅੰਗ ਭਰਿਆ ਬਿਆਨ ਆਉਂਦਾ ਹੈ ਕਿ ਕੇਂਦਰ ਤੋਂ ਮਦਦ ਇੰਝ ਨਹੀਂ ਮਿਲਦੀ ਹੈ, ਇਸ ਲਈ ਸਰਕਾਰ ਨੂੰ ਤਿਆਰੀ ਕਰਨੀ ਪੈਂਦੀ ਹੈ। ਇਥੇ ਤੁਹਾਨੂੰ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਬਾਦਲ ਜੋੜਾ ਬਤੌਰ ਕੈਬਨਿਟ ਮੰਤਰੀ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹਨ। ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਚੋਟੀ ਦੇ ਆਗੂ ਸਾਰੇ ਨੁਕਸਾਨ ਲਈ ਭਾਖੜਾ-ਬਿਆਸ ਪ੍ਰਬੰਧਨ ਬੋਰਡ ਨੂੰ ਦੋਸ਼ੀ ਠਹਿਰਾ ਰਹੇ ਹਨ। ਮਾਲੀਆ ਅਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬਾਰੇ 'ਚ ਤਾਂ ਇਥੋਂ ਤਕ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੰਤਰਾਲੇ ਦਾ ਗਿਆਨ ਹੀ ਨਹੀਂ ਹੈ।

ਤਿੰਨ ਸੂਬਿਆਂ ਨੂੰ ਜਾਰੀ ਹੋਏ 4,432 ਕਰੋੜ, ਪੰਜਾਬ ਨੂੰ ਜ਼ੀਰੋ
ਪੰਜਾਬ 'ਚ ਹੜ੍ਹ ਵਰਗੇ ਹਾਲਾਤ ਸਾਹਮਣੇ ਆਉਣ 'ਤੇ ਕੈਪਟਨ ਸਰਕਾਰ ਨੇ ਆਪਣੇ ਪੱਧਰ 'ਤੇ 100 ਕਰੋੜ ਰੁਪਏ ਦੀ ਰਾਹਤ ਰਕਮ ਜਾਰੀ ਅਤੇ ਮਾਲੀਆ ਮੰਤਰਾਲੇ ਨੇ ਪ੍ਰਭਾਵਿਤ ਕਿਸਾਨਾਂ ਨੂੰ ਫੌਰੀ ਤੌਰ 'ਤੇ 2 ਹਜ਼ਾਰ ਰੁਪਏ ਦਾ ਐਲਾਨ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਅਨੁਮਾਨ ਮੁਤਾਬਿਕ ਜਾਣਕਾਰੀ ਦਿੱਤੀ ਕਿ ਸੂਬੇ 'ਚ ਲਗਭਗ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਜਾਣੂ ਕਰਵਾਇਆ ਅਤੇ ਸੂਬੇ 'ਚ ਰਾਹਤ ਲਈ 1000 ਕਰੋੜ ਰੁਪਏ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਦੀ ਉਮੀਦ ਹਫਤੇ ਭਰ ਤੋਂ ਪਹਿਲਾਂ ਉਸ ਸਮੇਂ ਢਹਿ-ਢੇਰੀ ਹੋ ਗਈ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਸੰਗਠਿਤ ਉੱਚ ਪੱਧਰੀ ਕਮੇਟੀ ਨੇ ਓਡਿਸ਼ਾ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਨੂੰ ਕੇਂਦਰ ਸਰਕਾਰ ਵੱਲੋਂ 4,432 ਕਰੋੜ ਰੁਪਏ ਜਾਰੀ ਕੀਤੇ ਜਾਣ ਦਾ ਖੁਲਾਸਾ ਕੀਤਾ।

11 ਸੂਬਿਆਂ ਨੂੰ ਜਲਦੀ ਜਾਰੀ ਹੋਵੇਗੀ ਰਾਹਤ ਰਾਸ਼ੀ, ਸੂਚੀ 'ਚ ਪੰਜਾਬ ਦਾ ਨਾਂ ਨਹੀਂ
ਇਸ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਜਲਦੀ ਹੀ ਪੰਜਾਬ ਨੂੰ ਰਾਹਤ ਪ੍ਰਦਾਨ ਕਰੇਗੀ ਅਤੇ ਹੜ੍ਹ ਪੀੜਤ ਇਲਾਕਿਆਂ ਲਈ ਕੋਈ ਰਾਹਤ ਜਾਂ ਪੈਕੇਜ ਮਿਲੇਗਾ। ਉਸ ਦੀ ਇਹ ਉਮੀਦ ਵੀ ਜਾਂਦੀ ਰਹੀ ਜਦੋਂ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲਾ ਅਧੀਨ ਗਠਿਤ ਇੰਟਰ-ਮਨਿਸਟਰੀਅਲ ਸੈਂਟ੍ਰਲ ਟੀਮ (ਆਈ. ਐੈੱਮ. ਸੀ. ਟੀ.) ਦੀ ਸੂਚੀ 'ਚ ਵੀ ਪੰਜਾਬ ਦਾ ਨਾਂ ਨਹੀਂ ਸੀ। ਆਈ.ਐੈੱਮ. ਸੀ. ਟੀ. ਨੂੰ 19 ਅਗਸਤ ਨੂੰ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ 11 ਸੂਬਿਆਂ 'ਚ ਸਪਾਟ 'ਤੇ ਜਾ ਕੇ ਨੁਕਸਾਨ ਦਾ ਮੁਲਾਂਕਣ ਕਰਨ ਦੇ ਹੁਕਮ ਜਾਰੀ ਕੀਤੇ ਹਨ। ਆਈ. ਐੈੱਮ. ਟੀ. ਦੀ ਆਖਰੀ ਸਿਫਾਰਿਸ਼ ਤੋਂ ਬਾਅਦ ਹੀ ਇਨ੍ਹਾਂ ਸੂਬਿਆਂ ਨੂੰ ਰਾਹਤ ਰਕਮ ਪ੍ਰਦਾਨ ਕੀਤੀ ਜਾਏਗੀ। ਇਨ੍ਹਾਂ ਸੂਬਿਆਂ 'ਚ ਮੇਘਾਲਿਆ, ਆਸਾਮ, ਤ੍ਰਿਪੁਰਾ, ਬਿਹਾਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। ਇਨ੍ਹਾਂ ਸੂਬਿਆਂ ਨੂੰ ਜਲਦੀ ਹੀ ਕਰੋੜਾਂ ਦੀ ਆਫਤ ਰਾਸ਼ੀ ਜਾਰੀ ਹੋਣ ਵਾਲੀ ਹੈ।

ਊਠ ਦੇ ਮੂੰਹ 'ਚ ਜ਼ੀਰਾ ਪਾਉਣ ਦੀ ਕੋਸ਼ਿਸ਼ ਵੀ ਨਾਕਾਮ
ਪੰਜਾਬ ਦੇ ਮਾਲਵਾ ਅਤੇ ਦੋਆਬਾ ਦੇ ਕਈ ਜ਼ਿਲੇ ਹੜ੍ਹ ਦੀ ਮਾਰ ਹੇਠ ਹਨ। ਇਨ੍ਹਾਂ ਇਲਾਕਿਆਂ ਦੇ 200 ਤੋਂ ਜ਼ਿਆਦਾ ਪਿੰਡਾਂ ਦੀ ਹਾਲਤ ਹੋਰ ਬਦਤਰ ਹੁੰਦੀ ਜਾ ਰਹੀ ਹੈ। ਜਲੰਧਰ ਰੋਪੜ-ਅਨੰਦਪੁਰ ਸਾਹਿਬ, ਫਿਰੋਜ਼ਪੁਰ, ਕਪੂਰਥਲਾ ਦੇ ਕਈ ਪਿੰਡਾਂ ਦੀ ਹਾਲਤ ਬਹੁਤ ਖਰਾਬ ਹੈ। ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਪਿੰਡਾਂ 'ਚ ਵੀ ਆਫਤ 'ਚ ਹੈ। ਜਲੰਧਰ ਜ਼ਿਲੇ ਦੀ ਗੱਲ ਕਰੀਏ ਤਾਂ ਇਥੇ ਕਰੀਬ 2 ਲੱਖ ਲੋਕ ਹੜ੍ਹ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਜ਼ਮੀਨੀ ਪੱਧਰ ਤੋਂ ਆ ਰਹੀ ਮੀਡੀਆ ਰਿਪੋਰਟਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪੀੜਤਾਂ ਨੂੰ ਦਿੱਤੀ ਜਾ ਰਹੀ ਰਾਹਤ ਊਠ ਦੇ ਮੂੰਹ 'ਚ ਜ਼ੀਰਾ ਹੈ। ਅਜਿਹਾ ਨਹੀਂ ਹੈ ਕਿ ਸ਼ਾਸਨ ਅਤੇ ਪ੍ਰਸ਼ਾਸਨ ਹੱਥ-ਪੈਰ ਨਹੀਂ ਮਾਰ ਰਿਹਾ ਹੈ। ਪੀੜਤ ਲੋਕਾਂ ਤਕ ਖਾਣਾ, ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਪਹੁੰਚਾਉਣ 'ਚ ਪ੍ਰਸ਼ਾਸਨਿਕ ਅਮਲੇ ਅਤੇ ਐੈੱਨ. ਡੀ. ਆਰ. ਐੈੱਫ. ਦੀਆਂ ਟੀਮਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੈੱਨ. ਡੀ. ਆਰ. ਐੈੱਫ. ਦੀਆਂ ਕਿਸ਼ਤੀਆਂ ਛੋਟੀਆਂ ਹਨ, ਜਿਸ 'ਚ ਖਾਧ ਸਮੱਗਰੀ ਥੋੜ੍ਹੀ ਮਾਤਰਾ 'ਚ ਲਿਜਾਣੀ ਪੈ ਰਹੀ ਹੈ। ਪਾਣੀ 'ਚ ਡੁੱਬੀ ਝੋਨੇ ਦੀ ਫਸਲ ਕਿਸ਼ਤੀਆਂ ਦੇ ਖੰਭਾਂ 'ਚ ਫਸ ਕੇ ਉਨ੍ਹਾਂ ਨੂੰ ਖਰਾਬ ਕਰ ਰਹੀ ਜਿਸ ਤੋਂ ਬਾਅਦ ਇਨ੍ਹਾਂ ਬੋਟਸ ਨੂੰ ਚੱਪੂਆਂ ਦੇ ਸਹਾਰੇ ਚਲਾ ਕੇ ਲੋਕਾਂ ਤਕ ਪਹੁੰਚਾਇਆ ਜਾ ਰਿਹਾ ਹੈ। ਲੋਕਾਂ 'ਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਹੈ ਪਰ ਆਲੇ-ਦੁਆਲੇ ਦੇ ਪਿੰਡਾਂ ਅਤੇ ਸਵੈਮਸੇਵੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕਰ ਰਹੇ ਹਨ।

ਇਹ ਹੈ ਸਿਆਸੀ ਦਲਾਂ ਦਾ ਹਾਲ
ਪੰਜਾਬ ਦੇ ਇਲਾਕੇ ਹੜ੍ਹ ਦੀ ਮਾਰ 'ਚ ਕੀ ਆਏ ਸਿਆਸੀ ਦਲਾਂ ਨੂੰ ਇਕ ਵੱਡਾ ਮੁੱਦਾ ਨਜ਼ਰ ਆਇਆ। ਇੰਝ ਕਹਿ ਲਓ ਕਿ ਜਿਵੇਂ ਅੰਨ੍ਹੇ ਹੱਥ ਬਟੇਰ ਲਗ ਗਿਆ ਹੋਵੇ। ਸੂਬੇ ਦੇ ਮੁਖੀ ਕੈਪਟਨ ਅਮਰਿੰਦਰ ਦੀ ਹਾਲਤ ਅਜਿਹੀ ਹੈ ਕਿ ਕੇਂਦਰ ਸਰਕਾਰ ਅੱਗੇ ਪੀੜਤਾਂ ਲਈ ਝੋਲੀ ਫੈਲਾ ਕੇ ਘੁੰਮ ਰਹੇ ਹਨ। ਹੜ੍ਹ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀ ਸਾਖ ਨੂੰ ਦਾਗ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ, ਇੰਝ ਕਿਹਾ ਜਾ ਸਕਦਾ ਹੈ ਕਿ ਪੀੜਤਾਂ ਨੂੰ ਰਾਹਤ ਪਹੁੰਚਾ ਕੇ ਕੈਪਟਨ ਜਿਥੇ ਸਰਕਾਰ ਦੀ ਸਾਖ ਬਚਾਉਣ 'ਚ ਜੁਟੇ ਹਨ, ਉਥੇ ਸ਼੍ਰੋਮਣੀ ਅਕਾਲੀ ਦੇ ਸੁਪਰੀਮੋ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰ ਕੇ ਜਨਤਾ 'ਚ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਵੀ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ ਅਤੇ ਪਿਛਲੀ ਅਕਾਲੀ ਤੇ ਮੌਜੂਦਾ ਕੈਪਟਨ ਸਰਕਾਰ ਨੂੰ ਕੋਸ ਰਹੇ ਹਨ।

ਅਖੀਰ 'ਚ ਅਜਿਹੇ ਹਾਲਾਤ
ਇਹ ਸਾਰੀਆਂ ਗੱਲਾਂ ਨਾਲ ਹੜ੍ਹ ਵਰਗੇ ਹਾਲਾਤ ਨਾਲ ਜੂਝ ਰਹੇ ਕਿਸਾਨਾਂ ਲਈ ਹੁਣ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਹਾਲਾਤ ਆਮ ਜਲ ਪੱਧਰ ਦੇ ਹੋਣਗੇ। ਉਨ੍ਹਾਂ ਦੀ ਜ਼ਿੰਦਗੀ ਦੇਸ਼ ਦੇ ਲੋਕਾਂ ਦੀ ਰਫਤਾਰ ਤੋਂ ਬਹੁਤ ਜ਼ਿਆਦਾ ਪੱਛੜ ਗਈ ਹੈ? ਇਸ ਵਿਚਾਲੇ ਕੇਂਦਰ ਤੋਂ ਅਕਾਲੀ ਸ਼੍ਰੋਮਣੀ ਦਲ ਪੰਜਾਬ ਲਈ ਸਹਾਇਤਾ ਲਿਆਉਣ 'ਚ ਕਾਰਗਰ ਸਾਬਿਤ ਹੋ ਸਕਦਾ ਹੈ। ਬਾਦਲ ਜੋੜਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਐੈੱਨ. ਡੀ. ਏ. ਸਰਕਾਰ ਦੇ ਸਹਿਯੋਗੀ ਸੰਸਦ ਮੈਂਬਰ ਅਤੇ ਮੰਤਰੀ ਹਨ, ਇਸ ਲਈ ਉਹ ਆਪਣੇ ਹਿਸਾਬ ਨਾਲ ਕੇਂਦਰ ਸਰਕਾਰ ਤੋਂ ਰਾਹਤ ਹਾਸਲ ਕਰ ਕੇ ਜਨਤਾ ਅਤੇ ਕੈਪਟਨ ਨੂੰ ਅਹਿਸਾਸ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਿਆਰੀ 'ਚ ਹੈ।


cherry

Content Editor

Related News