ਜ਼ਿਲੇ ’ਚ ਹੜ੍ਹ ਸੁਰੱਖਿਆ ਪ੍ਰਬੰਧਾਂ ਦਾ ਕੰਮ ਅਗਲੇ ਹਫਤੇ ਤੱਕ ਹੋ ਜਾਵੇਗਾ ਸੰਪੰਨ : ਡੀ. ਸੀ.
Sunday, Jul 12, 2020 - 07:43 AM (IST)
ਜਲੰਧਰ, (ਚੋਪੜਾ)- ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਸਤਲੁਜ ਦਰਿਆ ਦੇ ਨਾਲ-ਨਾਲ ਹੜ੍ਹ ਸੁਰੱਖਿਆ ਦਾ ਪ੍ਰਬੰਧ ਅਗਲੇ ਹਫਤੇ ਦੇ ਅੰਤ ਤਕ ਸੰਪੰਨ ਹੋ ਜਾਵੇਗਾ। ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ’ਚ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦੇ ਦੱਸਿਆ ਕਿ ਚੋਮੋ ਅਤੇ ਜੰਡੂਸਿੰਘਾ ਡ੍ਰੇਨਾਂ ਦੀ ਸਫਾਈ ਤੋਂ ਇਲਾਵਾ ਮਿਓਵਾਲ, ਮਾਓ ਸਾਹਿਬ, ਲਸਾੜਾ, ਇਸਲਾਮਪੁਰ, ਜਾਨੀਆਂ ਵਿਖੇ ਵੱਡੇ ਪੱਧਰ ’ਤੇ ਹੜ੍ਹ ਤੋਂ ਸੁਰੱਖਿਆ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਨੂੰ ਕਰਵਾਉਣ ਵਾਲੀ ਏਜੰਸੀ ਵਲੋਂ ਸਤਲੁਜ ਦਰਿਆ ਦੇ ਨਾਲ-ਨਾਲ ਸਾਰੀਆਂ ਨਾਜ਼ੁਕ ਥਾਵਾਂ ’ਤੇ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਐੱਸ. ਡੀ. ਐੱਮਜ਼ ਵਲੋਂ ਰੋਜ਼ਾਨਾ ਪ੍ਰਬੰਧਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਸ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਜ਼ਿਲਾ ਪ੍ਰਸ਼ਾਸਨ ਵਲੋਂ ਹੜ੍ਹ ਵਰਗੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਹੜ੍ਹ ਪ੍ਰਬੰਧਾਂ ਸਬੰਧੀ ਸਥਾਪਤ ਕੰਟਰੋਲ ਰੂਮ ’ਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਦੀਆਂ ਡਿਊਟੀਆਂ ਸਬੰਧੀ ਰੋਸਟਰ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਸਟਾਫ ਦੀ ਨਿਗਰਾਨੀ ਲਈ ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਬਰਸਾਤੀ ਮੌਸਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਵਲੋਂ ਡ੍ਰੇਨੇਜ, ਨਗਰ ਨਿਗਮ ਅਤੇ ਪੁਲਸ ਵਿਭਾਗ ਵਲੋਂ ਹੜ੍ਹ ਆਉਣ ਦੀ ਸੂਰਤ ’ਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ’ਤੇ ਐੱਸ. ਡੀ. ਆਰ. ਐੱਫ. ਪੰਜਾਬ ਦੇ ਇੰਚਾਰਜ ਆਈ. ਜੀ. ਐੱਮ. ਐੱਫ. ਫਾਰੂਕੀ, ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਅਤੇ ਹੋਰ ਮੌਜੂਦ ਸਨ।