ਹੜ੍ਹਾਂ ਦੀ ਮਾਰ ਹੇਠ ਆਏ ਮਕਾਨਾਂ ਦੀ ਮੁੜ ਉਸਾਰੀ ਲਈ ਡਾਕਟਰ ਓਬਰਾਏ ਵੱਲੋਂ ਖਰਚੇ ਜਾਣਗੇ 15 ਕਰੋੜ ਰੁਪਏ

Saturday, Oct 21, 2023 - 06:13 PM (IST)

ਹੜ੍ਹਾਂ ਦੀ ਮਾਰ ਹੇਠ ਆਏ ਮਕਾਨਾਂ ਦੀ ਮੁੜ ਉਸਾਰੀ ਲਈ ਡਾਕਟਰ ਓਬਰਾਏ ਵੱਲੋਂ ਖਰਚੇ ਜਾਣਗੇ 15 ਕਰੋੜ ਰੁਪਏ

ਮੋਹਾਲੀ (ਪਰਦੀਪ) : ਕੁਝ ਸਮੇਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਕਈ ਘਰਾਂ ਦੇ ਘਰ ਢਹਿ ਗਏ ਸਨ ਅਤੇ ਕਈਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ। ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ, ਇਨ੍ਹਾਂ ਮਕਾਨਾਂ ਦੀ ਲੋੜੀਂਦੀ ਰਿਪੇਅਰ ਕਰਨ ਅਤੇ ਜੋ ਮਕਾਨ ਪੂਰੀ ਤਰ੍ਹਾਂ ਡਿੱਗ ਚੁੱਕੇ ਸਨ ਉਨ੍ਹਾਂ ਨੂੰ ਨਵੇਂ ਸਿਰਿਓਂ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਅੱਜ ਪਿੰਡ ਨਡਿਆਲੀ  ਮੋਹਾਲੀ) ਵਿਖੇ ਹੜ੍ਹਾਂ ਦੀ ਮਾਰ ਹੇਠ ਆਏ ਮਾਤਾ ਸ਼ਂਤੀ ਦੇਵੀ ਦੇ ਮਕਾਨ ਨੂੰ ਮੁੜ ਤੋਂ ਬਣਾਉਣ ਲਈ ਸ਼ੁਰੂਆਤ ਕੀਤੀ ਗਈ । ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਇਸ ਮਕਾਨ ਦੇ ਨਿਰਮਾਣ ਦੀ ਇੱਟ ਲਗਾ ਕੇ ਰਸਮੀ ਤੌਰ ’ਤੇ ਉਦਘਾਟਨ ਕੀਤਾ। 

ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਾਂਤੀ ਦੇ ਮਸੀਹਾ ਅਤੇ ਲੋਕ ਸੇਵਾ ਵਿਚ ਹਮੇਸ਼ਾ ਹੀ ਅਗਾਂਹ ਹੋ ਕੇ ਭੂਮਿਕਾ ਨਿਭਾਉਣ ਵਾਲੀ ਸ਼ਖਸ਼ੀਅਤ ਦਾ ਨਾਮ ਹੈ ਡਾਕਟਰ ਐੱਸ. ਪੀ. ਸਿੰਘ ਉਬਰਾਏ ਅਤੇ ਪੰਜਾਬ ਭਰ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਮਕਾਨਾਂ ਦੇ ਨਵ- ਨਿਰਮਾਣ ਲਈ ਅਤੇ ਜ਼ਰੂਰੀ ਲੋੜੀਂਦੀ ਮੁਰੰਮਤ ਕਰਨ ਲਈ ਡਾਕਟਰ ਓਬਰਾਏ ਵੱਲੋਂ 15 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਡਾਕਟਰ ਰਾਜ ਬਹਾਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਮਕਾਨਾਂ ਦੀ ਮੁੜ ਉਸਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਜਿਨ੍ਹਾਂ ਮਕਾਨਾਂ ਦੀ ਜ਼ਰੂਰੀ ਲੋੜੀਂਦੀ ਮੁਰੰਮਤ ਦਾ ਕੰਮ ਸੀ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 

ਇਸ ਮੌਕੇ ਡਾ. ਰਾਜ ਬਹਾਦੁਰ ਨਾਲ ਉਚੇਚੇ ਤੌਰ ’ਤੇ ਟਰੱਸਟ ਦੇ ਗੁਰਜੀਤ ਸਿੰਘ ਓਬਰਾਏ, ਟਰੱਸਟ ਪ੍ਰਧਾਨ ਜੱਸਾ ਸਿੰਘ, ਡਾ.  ਆਰ ਐਸ ਅਟਵਾਲ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੱਸਟ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਸਮਾਜ ਸੇਵਾ ਨੂੰ ਸਮਰਪਿਤ ਡਾ. ਐੱਸ. ਪੀ ਸਿੰਘ ਓਬਰਾਏ ਨੂੰ ਜਿਊਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਮਕਾਨਾਂ ਬਾਰੇ ਪਤਾ ਲੱਗਿਆ ਤਾਂ ਪੰਜਾਬ ਭਰ ਵਿਚ ਮਕਾਨਾਂ ਨੂੰ ਦੁਬਾਰਾ ਤੋਂ ਬਣਾਉਣ ਲਈ ਅਤੇ ਲੋੜੀਂਦੀ ਰਿਪੇਅਰ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਦੇ ਲਈ ਬਕਾਇਦਾ ਬਜਟ ਅਲਾਟ ਕਰ ਦਿੱਤਾ ਗਿਆ। ਕਮਲਜੀਤ ਸਿੰਘ ਰੋਬੀ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਵਿਚ 6 ਘਰਾਂ ਦੀ ਚੋਣ ਕੀਤੀ ਗਈ , ਜਿਨਾਂ ਦੇ ਵਿਚੋਂ ਇਕ ਪਿੰਡ ਨਡਿਆਲੀ ਅਤੇ 5 ਘਰ ਪਿੰਡ ਦਬਾਲੀ (ਮੋਹਾਲੀ) ਰੱਖੇ ਗਏ ਹਨ। ਜਿਨ੍ਹਾਂ ਵਿੱਚੋਂ ਕੁਝ ਮਕਾਨਾਂ ਦੀ ਰਿਪੇਅਰ ਕੀਤੀ ਜਾਣੀ ਹੈ ਅਤੇ ਜਿਹੜੇ ਮਕਾਨ ਪੂਰੀ ਤਰ੍ਹਾਂ ਢਹਿ ਚੁੱਕੇ ਸਨ, ਨੂੰ ਮੁੜ ਤੋਂ ਬਣਾਇਆ ਜਾਵੇਗਾ । 


author

Anuradha

Content Editor

Related News