ਚੰਡੀਗੜ੍ਹ 'ਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਾਵਰ ਪਲਾਂਟ ਦੀ ਸ਼ੁਰੂਆਤ

Tuesday, Jan 24, 2023 - 10:19 AM (IST)

ਚੰਡੀਗੜ੍ਹ 'ਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਾਵਰ ਪਲਾਂਟ ਦੀ ਸ਼ੁਰੂਆਤ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਨੇ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਬਣਾਉਣ ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ। ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੋਮਵਾਰ ਨੂੰ ਸੈਕਟਰ-39 ਸਥਿਤ ਵਾਟਰ ਵਰਕਸ 2000 ਕੇ. ਡਬਲਿਊ. ਪੀ. ਅਤੇ ਧਨਾਸ ਝੀਲ 'ਚ ਫੁਹਾਰੇ ਦੀ ਸਹੂਲਤ ਦੇ ਨਾਲ 500 ਕੇ. ਡਬਲਿਊ. ਪੀ. ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਸਲਾਹਕਾਰ ਧਰਮਪਾਲ ਅਤੇ ਮੇਅਰ ਅਨੂਪ ਗੁਪਤਾ ਵੀ ਮੌਜੂਦ ਸਨ। ਵਾਟਰ ਵਰਕਸ ਸੈਕਟਰ-39 ਵਿਖੇ ਫਲੋਟਿੰਗ ਸੋਲਰ ਪਾਵਰ ਪਲਾਂਟ 11.70 ਕਰੋੜ ਰੁਪਏ ਦੀ ਲਾਗਤ ਨਾਲ 10 ਸਾਲਾਂ ਦੇ ਸੰਚਾਲਨ ਅਤੇ ਰੱਖ-ਰਖਾਅ ਨਾਲ ਸਥਾਪਿਤ ਕੀਤਾ ਗਿਆ ਹੈ, ਜਦ ਕਿ ਧਨਾਸ ਝੀਲ ਵਿਖੇ ਪਲਾਂਟ ਅਤੇ ਫੁਹਾਰਾ 3.34 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। 10 ਸਾਲਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਨਾਲ ਲਾਗੂ ਕੀਤਾ ਗਿਆ ਹੈ। ਇਹ ਪ੍ਰਾਜੈਕਟ ਕਰੈਸਟ (ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ) ਯੂ. ਟੀ. ਚੰਡੀਗੜ੍ਹ ਅਤੇ 20 ਫ਼ੀਸਦੀ ਮਾਡਿਊਲ ਕੁਸ਼ਲਤਾ ਨਾਲ ਪ੍ਰਤੀ ਸਾਲ ਘੱਟੋ-ਘੱਟ 35 ਲੱਖ ਯੂਨਿਟ (ਕੇ. ਡਬਲਿਊ. ਪੀ.) ਸੂਰਜੀ ਊਰਜਾ ਪੈਦਾ ਕਰੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ

ਇਸ ਮੌਕੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਧਨਾਸ ਝੀਲ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਸੁੰਦਰ ਫੁਹਾਰਿਆਂ ਨਾਲ ਸ਼ਹਿਰ ਦਾ ਇੱਕ ਹੋਰ ਸੈਰ ਸਪਾਟਾ ਸਥਾਨ ਬਣਾਉਣ ਲਈ ਕਰੈਸਟ ਅਤੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿਉਂਕਿ ਪਹਿਲਾਂ ਲੋਕ ਸੁਖ਼ਨਾ ਝੀਲ ਬਾਰੇ ਹੀ ਜਾਣਦੇ ਸਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦਫ਼ਤਰਾਂ ਦੀਆਂ ਇਮਾਰਤਾਂ, ਫੈਕਟਰੀਆਂ ਆਦਿ ਦੀਆਂ ਛੱਤਾਂ ’ਤੇ ਸੋਲਰ ਪਾਵਰ ਲਗਾਉਣ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਲਈ ਲਾਹੇਵੰਦ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣ। ਸੰਸਦ ਮੈਂਬਰ ਕਿਰਨ ਖੇਰ ਨੇ ਫਲੋਟਿੰਗ ਸੋਲਰ ਪਲਾਂਟ ਦੇ ਇਸ ਪ੍ਰਾਜੈਕਟ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਝੀਲ ਫੁਹਾਰਿਆਂ ਨਾਲ ਹੋਰ ਵੀ ਖੂਬਸੂਰਤ ਲੱਗਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਸੋਲਰ ਪਾਵਰ ਪ੍ਰਾਜੈਕਟ ਦਾ ਕੰਮ ਇਸੇ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਹੈ। ਸਲਾਹਕਾਰ ਧਰਮਪਾਲ ਨੇ ਇਨ੍ਹਾਂ ਵਿਲੱਖਣ ਫਲੋਟਿੰਗ ਪ੍ਰਾਜੈਕਟਾਂ ਦਾ ਉਦਘਾਟਨ ਕਰਨ ’ਤੇ ਕਰੈਸਟ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਉੱਤਰੀ ਭਾਰਤ 'ਚ ਆਪਣੀ ਕਿਸਮ ਦਾ ਇਕ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਚੰਡੀਗੜ੍ਹ ਜਲਦੀ ਹੀ 100 ਫ਼ੀਸਦੀ ਸੂਰਜੀ ਊਰਜਾ ਪ੍ਰਾਪਤ ਕਰਨ ਦਾ ਆਪਣਾ ਟੀਚਾ ਹਾਸਲ ਕਰ ਲਵੇਗਾ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ਨਾਲ ਜੁੜੇ ਰਾਮ ਰਹੀਮ ਸਬੰਧੀ ਬੀਬੀ ਜਗੀਰ ਕੌਰ ਨੇ CM ਮਾਨ ਨੂੰ ਕੀਤੀ ਇਹ ਅਪੀਲ
ਮਾਲੀਏ ਦਾ 70 ਫ਼ੀਸਦੀ ਪ੍ਰਸ਼ਾਸਨ ਅਤੇ 30 ਫ਼ੀਸਦੀ ਨਿਗਮ ਨੂੰ ਦਿੱਤਾ ਜਾਵੇਗਾ
ਵਿਗਿਆਨ ਅਤੇ ਤਕਨਾਲੋਜੀ ਸਕੱਤਰ ਦੇਬੇਂਦਰ ਦਲਾਈ ਨੇ ਦੱਸਿਆ ਕਿ ਧਨਾਸ ਝੀਲ ਵਿਚ ਸਥਾਪਤ ਕੀਤੇ ਗਏ ਪ੍ਰਾਜੈਕਟ ਰਾਹੀਂ ਜੰਗਲਾਤ ਵਿਭਾਗ ਦੀਆਂ ਸਾਰੀਆਂ ਇਮਾਰਤਾਂ ਅਤੇ ਦਫ਼ਤਰਾਂ ਦੀਆਂ ਊਰਜਾ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਸੈਕਟਰ-39 ਵਿਚ ਸਥਾਪਿਤ ਫਲੋਟਿੰਗ ਐੱਸ. ਪੀ. ਵੀ. ਪਾਵਰ ਪਲਾਂਟ ਤੋਂ ਹੋਣ ਵਾਲੇ ਮਾਲੀਏ ਦਾ 70 ਫ਼ੀਸਦੀ ਹਿੱਸਾ ਪ੍ਰਸ਼ਾਸਨ ਦੇ ਸਰਕਾਰੀ ਖ਼ਜ਼ਾਨੇ ਵਿਚ ਜਾਵੇਗਾ, ਜਦਕਿ ਬਾਕੀ 30 ਫ਼ੀਸਦੀ ਹਿੱਸਾ ਨਗਰ ਨਿਗਮ ਚੰਡੀਗੜ੍ਹ ਨੂੰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਇਕ ਲੈਂਡਲਾਕਡ ਸ਼ਹਿਰ ਹੈ ਅਤੇ ਸ਼ਹਿਰ ਵਿਚ ਸੂਰਜੀ ਊਰਜਾ ਲਈ ਰੂਫ਼ਟਾਪ ਸੋਲਰ ਹੀ ਇਕੋ ਇਕ ਵਿਕਲਪ ਹੈ, ਪਰ ਪ੍ਰਸ਼ਾਸਨ ਨੇ ਫਲੋਟਿੰਗ ਸੋਲਰ ਪਾਵਰ ਪਲਾਂਟਾਂ ਰਾਹੀਂ ਸੂਰਜੀ ਊਰਜਾ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਰਾਜਪਾਲ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ, ਗ੍ਰਹਿ ਸਕੱਤਰ ਨਿਤਿਨ ਯਾਦਵ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News