ਐੱਸ. ਜੀ. ਆਰ. ਡੀ. ਏਅਰਪੋਰਟ ''ਤੇ ਜੰਮੂ-ਦਿੱਲੀ ਦੀਆਂ ਉਡਾਣਾਂ ਰੱਦ
Friday, Jan 26, 2018 - 07:03 AM (IST)
ਅੰਮ੍ਰਿਤਸਰ (ਇੰਦਰਜੀਤ) - ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀ 4.20 ਦੀ ਉਡਾਣ ਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਰਾਤ 22.40 ਦੀ ਉਡਾਣ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਕਤ ਦੋਵੇਂ ਉਡਾਣਾਂ ਇੰਡੀਗੋ ਏਅਰਲਾਈਨਸ ਦੀਆਂ ਹਨ। ਹਾਲਾਂਕਿ ਅੱਜ ਪੂਰਾ ਦਿਨ ਅੰਮ੍ਰਿਤਸਰ ਅਤੇ ਹੋਰ ਸ਼ਹਿਰਾਂ ਵਿਚ ਮੌਸਮ ਸਾਫ਼ ਰਿਹਾ ਪਰ ਇਸ ਦੇ ਬਾਵਜੂਦ ਦੋਵਾਂ ਉਡਾਣਾਂ ਦੇ ਰੱਦ ਹੋਣ ਦਾ ਕੋਈ ਠੋਸ ਕਾਰਨ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਸਵੇਰ ਦੇ ਸਮੇਂ ਭਾਰੀ ਧੁੰਦ ਕਾਰਨ ਅਜਿਹੀਆਂ ਸੂਚਨਾਵਾਂ ਮਿਲ ਰਹੀਆਂ ਸਨ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਉਡਾਣਾਂ ਲੇਟ ਅਤੇ ਰੱਦ ਹੋ ਗਈਆਂ ਹਨ ਪਰ ਇਨ੍ਹਾਂ ਅਫਵਾਹਾਂ ਬਾਰੇ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਸਵੇਰੇ ਭਾਰੀ ਧੁੰਦ ਦੇ ਬਾਵਜੂਦ ਇਕ ਦਿੱਲੀ ਦੀ ਉਡਾਣ ਜੋ ਏਅਰ ਇੰਡੀਆ ਦੀ ਸਵੇਰੇ 9.40 'ਤੇ ਆਉਣ ਵਾਲੀ ਸੀ, ਪਿੱਛਿਓਂ ਹੀ ਪੌਣਾ ਘੰਟਾ ਲੇਟ ਰਹੀ, ਜਦੋਂ ਕਿ ਸਵੇਰੇ 6.10 'ਤੇ ਆਉਣ ਵਾਲੀ ਉਡਾਣ 6.14 'ਤੇ ਪਹੁੰਚ ਕੇ ਸਿਰਫ 4 ਮਿੰਟ ਲੇਟ ਰਹੀ।
