15 ਦੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਸ਼ਹਿਰ ''ਚ ਪੁਲਸ ਨੇ ਕੱਢਿਆ ਫਲੈਗ ਮਾਰਚ

Saturday, Aug 12, 2017 - 12:16 AM (IST)

15 ਦੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਸ਼ਹਿਰ ''ਚ ਪੁਲਸ ਨੇ ਕੱਢਿਆ ਫਲੈਗ ਮਾਰਚ

ਗੁਰਦਾਸਪੁਰ,   (ਵਿਨੋਦ)-  15 ਅਗਸਤ ਦੇ ਗੁਰਦਾਸਪੁਰ 'ਚ ਸੂਬਾ ਪੱਧਰੀ ਸਵਤੰਤਰਤਾ ਦਿਵਸ ਪ੍ਰੋਗਰਾਮ, ਜਿਸ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਰਾਸ਼ਟਰੀ ਝੰਡਾ ਲਹਿਰਾਉਣ ਲਈ ਆ ਰਹੇ ਹਨ। ਇਸ ਸਬੰਧੀ ਅੱਜ ਜ਼ਿਲਾ ਪੁਲਸ ਗੁਰਦਾਸਪੁਰ ਨੇ ਸ਼ਹਿਰ 'ਚ ਲੋਕਾਂ ਦਾ ਮਨੋਬਲ ਉੱਚਾ ਬਣਾਈ ਰੱਖਣ ਲਈ ਫਲੈਗ ਮਾਰਚ ਕੱਢਿਆ ਅਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ 'ਤੇ ਜਾ ਕੇ ਬੱਸਾਂ ਤੇ ਰੇਲਗੱਡੀਆਂ 'ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। 
ਅੱਜ ਸਥਾਨਕ ਪੁਲਸ ਲਾਈਨ ਤੋਂ ਇਹ ਫਲੈਗ ਮਾਰਚ ਪੁਲਸ ਨੇ ਸ਼ੁਰੂ ਕੀਤਾ, ਜਿਸ ਦੀ ਅਗਵਾਈ ਸਿਟੀ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ, ਟ੍ਰੈਫਿਕ ਪੁਲਸ ਇੰਚਾਰਜ ਵਿਸ਼ਵਾਨਾਥ, ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਮੱਖਣ ਸਿੰਘ, ਤਿੱਬੜ ਪੁਲਸ ਸਟੇਸ਼ਨ ਇੰਚਾਰਜ ਅਵਤਾਰ ਸਿੰਘ ਸਮੇਤ ਸਹਾਇਕ ਪੁਲਸ ਇੰਸਪੈਕਟਰ ਜਸਵਿੰਦਰ ਸਿੰਘ, ਕੁਲਦੀਪ ਕੁਮਾਰ ਕਰ ਰਹੇ ਸਨ। 
ਇਸ ਫਲੈਗ ਮਾਰਚ 'ਚ ਐਂਟੀ ਸੈਬੋਟੇਸ ਟੀਮ, ਡਾਕ ਸਕੁਐਡ ਦੇ ਦਸਤੇ ਵੀ ਸ਼ਾਮਲ ਸਨ। ਇਹ ਫਲੈਗ ਮਾਰਚ ਪੁਲਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕਰ ਲਾ ਕੇ ਫਿਰ ਪੁਲਸ ਲਾਈਨ 'ਚ ਜਾ ਕੇ ਸਮਾਪਤ ਹੋਇਆ। 
ਇਸ ਤਰ੍ਹਾਂ ਅੱਜ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਜਾ ਕੇ ਬੱਸਾਂ ਤੇ ਰੇਲਗੱਡੀਆਂ 'ਚ ਸਾਮਾਨ ਦੀ ਤਲਾਸ਼ੀ ਲਈ ਅਤੇ ਦਸਤਿਆਂ ਦੀ ਕੋਸ਼ਿਸ਼ ਰਹੀ ਕਿ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਪੇਸ਼ ਆਏ।
ਕੀ ਕਹਿੰਦੇ ਹਨ ਜ਼ਿਲਾ ਪੁਲਸ ਮੁਖੀ ਭੁਪਿੰਦਰ ਸਿੰਘ?
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਭੁਪਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਸ ਤਰ੍ਹਾਂ ਦੇ ਫਲੈਗ ਮਾਰਚ ਲੋਕਾਂ ਦਾ ਮਨੋਬਲ ਉੱਚਾ ਬਣਾਈ ਰੱਖਣ ਅਤੇ ਇਲਾਕੇ 'ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਵਤੰਤਰਤਾ ਦਿਵਸ ਦਾ ਗੁਰਦਾਸਪੁਰ 'ਚ ਰਾਜ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਗੁਰਦਾਸਪੁਰ ਦੇ ਇਤਿਹਾਸ 'ਚ ਪਹਿਲੀ ਵਾਰ ਸੂਬਾ ਪੱਧਰ ਦਾ ਸਵਤੰਤਰਤਾ ਦਿਵਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਲਈ ਸਰਗਰਮੀ ਵਰਤੀ ਜਾ ਰਹੀ ਹੈ।


Related News