ਸ਼ਰਾਬ ਦੀਆਂ 1740 ਬੋਤਲਾਂ ਸਮੇਤ ਪੰਜ ਗ੍ਰਿਫਤਾਰ

02/22/2018 10:05:04 AM

ਪਟਿਆਲਾ (ਬਲਜਿੰਦਰ)-ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਸ਼ਰਾਬ ਸਮੱਗਲਰਾਂ ਦੇ ਖਿਲਾਫ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਤਿੰਨ ਵੱਖ-ਵੱਖ ਕੇਸਾਂ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਡਾ. ਐੱਸ. ਭੁਪਤੀ ਨੇ ਦੱਸਿਆ ਕਿ ਸ਼ਰਾਬ ਸਮੱਗਲਰਾਂ ਦੇ ਪਟਿਆਲਾ ਪੁਲਸ ਵੱਲੋਂ ਵਿਸ਼ੇਸ਼ ਕਾਰਵਾਈ ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਅਤੇ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਚਲਾਈ ਗਈ, ਜਿਸ ਵਿਚ ਤਿੰਨ ਵੱਖ ਵੱਖ ਕੇਸਾਂ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਤੋਂ ਸ਼ਰਾਬ ਦੀਆਂ 1740 ਬੋਤਲਾਂ ਬਰਾਮਦ ਕੀਤੀਆਂ। ਐੱਸ. ਐੱਸ. ਪੀ. ਡਾ. ਐੱਸ. ਭੁਪਤੀ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਧਰੇੜੀ ਜੱਟਾਂ ਰਾਜਪੁਰਾ ਪਟਿਆਲਾ ਰੋਡ ਵਿਖੇ ਮੌਜੂਦ ਸੀ ਤਾਂ ਉਥੇ ਮਿਲੀ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਸ਼ਰਮਾ ਸਿੰਘ ਉਰਫ ਕਾਕਾ ਵਾਸੀ ਪਿੰਡ ਸ਼ੇਰਪੁਰ ਜ਼ਿਲਾ ਸੰਗਰੂਰ ਅਤੇ ਬਾਰਾ ਸਿੰਘ ਵਾਸੀ ਕਾਂਤਰੋਂ ਥਾਣਾ ਸ਼ੇਰਪੁਰ ਜ਼ਿਲਾ ਸੰਗਰੂਰ ਨੂੰ ਗ੍ਰਿਫਤਾਰ ਕਰ ਕੇ  ਕਾਰ ਦੀ ਤਲਾਸ਼ੀ ਲੈਣ 'ਤੇ 600 ਬੋਤਲਾਂ ਸ਼ਰਾਬ ਠੇਕਾ ਦੇਸੀ ਸੰਤਰਾ ਚੰਡੀਗੜ੍ਹ ਮਾਰਕਾ ਬਰਾਮਦ ਕੀਤੀਆਂ ਗਈਆਂ। ਦੋਵਾਂ ਦੇ ਖਿਲਾਫ ਥਾਣਾ ਸਦਰ ਪਟਿਆਲਾ ਵਿਚ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਦੁਜੇ ਕੇਸ ਵਿਚ ਏ. ਐੱਸ. ਆਈ. ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਖਲੀਫੇਵਾਲ ਤੋ ਚਲੈਲਾ ਰੋਡ ਨੇੜੇ ਬੱਸ ਅੱਡਾ ਸਰਹੰਦ ਰੋਡ ਮੌਜੂਦ ਸੀ ਤਾਂ ਨਾਕਾਬੰਦੀ ਦੌਰਾਨ ਆਉਣ ਤੇ ਜਾਣ ਵਾਲੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ, ਇਸ ਦੌਰਾਨ ਕੀਤੀ ਗਈ ਨਾਕਾਬੰਦੀ ਵਿਚ ਨਵਦੀਪ ਸਿੰਘ ਉਰਫ ਬੱਬੂ ਵਾਸੀ ਰਾਮਗੜ੍ਹ ਸਰਦਾਰਾਂ ਥਾਣਾ ਮਲੋਦ ਜ਼ਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ਵਾਲੀ ਇਨੋਵਾ ਗੱਡੀ ਵਿਚੋਂ 540 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ, ਜਿਸ ਦੇ ਖਿਲਾਫ ਥਾਣਾ ਤ੍ਰਿਪੜੀ ਵਿਖੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਤੀਜੇ ਕੇਸ ਵਿਚ ਏ. ਐੱਸ. ਆਈ. ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਡਕਾਲਾ ਚੁੰਗੀ ਨੇੜੇ ਸੀਸ ਮਹਿਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਨੇ ਮਿਲੀ ਸੂਚਨਾ ਦੇ ਅਧਾਰ 'ਤੇ ਰੋਸ਼ਨ ਸਿੰਘ ਉਰਫ ਜੋਧਾ ਵਾਸੀ ਰਾਜਗੜ੍ਹ ਰੋਡ ਕੋਠੇ ਰਜਿੰਦਰਪੁਰਾ ਥਾਣਾ ਧਨੋਲਾ ਜ਼ਿਲਾ ਬਰਨਾਲਾ ਅਤੇ ਅਮਰੀਕ ਸਿੰਘ ਉਰਫ ਅਮਰੀਕਾ ਵਾਸੀ ਕਾਹਨਗੜ੍ਹ ਥਾਣਾ ਧਨੋਲਾ ਜ਼ਿਲਾ ਬਰਨਾਲਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕਬਜ਼ੇ ਵਾਲੀ ਕਾਰ ਵਿਚੋਂ ਤਲਾਸ਼ੀ ਲੈਣ 'ਤੇ 600 ਬੋਤਲਾਂ ਸ਼ਰਾਬ ਠੇਕਾ ਦੇਸੀ ਚੰਡੀਗੜ੍ਹ ਮਾਰਕਾ ਬਰਾਮਦ ਕੀਤੀਆਂ ਗਈਆਂ। ਦੋਵਾਂ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।


Related News