ਪਤਨੀ ਦਾ ਕਤਲ ਕਰ ਕੇ ਲਾਸ਼ ਨਹਿਰ ''ਚ ਸੁੱਟਣ ਵਾਲੇ 5 ਮੁਲਜ਼ਮ ਗ੍ਰਿਫਤਾਰ

Monday, Jun 19, 2017 - 06:43 AM (IST)

ਪਤਨੀ ਦਾ ਕਤਲ ਕਰ ਕੇ ਲਾਸ਼ ਨਹਿਰ ''ਚ ਸੁੱਟਣ ਵਾਲੇ 5 ਮੁਲਜ਼ਮ ਗ੍ਰਿਫਤਾਰ

ਖੰਨਾ, (ਸੁਨੀਲ)- ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਬੀਤੇ ਦਿਨੀਂ ਪਿੰਡ ਬੁਰਜ ਕੱਚਾ ਥਾਣਾ ਮਾਛੀਵਾੜਾ ਸਾਹਿਬ ਦੀ ਵਸਨੀਕ ਬਲਵਿੰਦਰ ਕੌਰ ਪਤਨੀ ਅਜਮੇਰ ਸਿੰਘ ਦੀ ਗੁਮਸ਼ੁਦਗੀ ਦੇ ਕੇਸ ਨੂੰ ਹੱਲ ਕਰਦੇ ਹੋਏ ਇਸ ਕੇਸ 'ਚ ਲੋੜੀਂਦੇ ਕਥਿਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਉਪਰੋਕਤ ਪਿੰਡ ਦੇ ਵਸਨੀਕ ਅਜਮੇਰ ਸਿੰਘ ਨੇ ਉਸਦੀ ਪਤਨੀ ਬਲਵਿੰਦਰ ਕੌਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਇਸ ਕੇਸ ਸਬੰਧੀ ਬਲਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਦੱਸਿਆ ਸੀ ਕਿ ਬਲਵਿੰਦਰ ਕੌਰ ਦਾ ਪਤੀ ਉਸਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਇਸੇ ਕਾਰਨ ਹੀ ਉਸਨੇ ਉਸਦਾ ਕਤਲ ਕੀਤਾ ਹੋਵੇਗਾ।
ਪੁਲਸ ਨੇ ਵੱਖ-ਵੱਖ ਥਿਉਰੀਆਂ 'ਤੇ ਕੰਮ ਕਰਦੇ ਹੋਏ ਕਥਿਤ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਰਣਨੀਤੀ ਬਣਾਉਂਦੇ ਹੋਏ ਪੁਲਸ ਪਾਰਟੀ ਜਿਸ 'ਚ ਇੰਸਪੈਟਰ ਭੁਪਿੰਦਰ ਸਿੰਘ ਆਪਣੀ ਟੀਮ ਦੇ ਨਾਲ ਸਥਾਨਕ ਗੜ੍ਹੀ ਨਹਿਰ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਮੌਜੂਦ ਸਨ ਤਾਂ ਪੁਲਸ ਪਾਰਟੀ ਨੇ ਇਕ ਇੰਡੀਕਾ ਕਾਰ ਨੂੰ ਰੋਕਦੇ ਹੋਏ ਜਦੋਂ ਉਸ 'ਚ ਸਵਾਰ ਵਿਅਕਤੀ ਦੀ ਪਛਾਣ ਕੀਤੀ ਤਾਂ ਕਾਰ 'ਚ ਸਵਾਰ 5 ਵਿਅਕਤੀ ਸਵਾਰ ਸਨ। ਮੁਲਜ਼ਮਾਂ ਦੀ ਪਛਾਣ ਅਜਮੇਰ ਸਿੰਘ, ਜਸਵੰਤ ਸਿੰਘ ਪੁੱਤਰ ਰਾਮ ਕ੍ਰਿਸ਼ਨ, ਹਿੰਮਤ ਸਿੰਘ ਪੁੱਤਰ ਕ੍ਰਿਸ਼ਨ, ਪੁਸ਼ਪਿੰਦਰ ਸਿੰਘ ਪੁੱਤਰ ਅਜਮੇਰ ਸਿੰਘ, ਬਿੱਕਰ ਸਿੰਘ ਪੁੱਤਰ ਜਸਵੰਤ ਸਿੰਘ ਵਜੋਂ ਹੋਈ। 
ਪੁਲਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਦੇ ਹੋਏ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਉਕਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ 13 ਜੂਨ 2017 ਦੀ ਅੱਧੀ ਰਾਤ ਨੂੰ ਬਲਵਿੰਦਰ ਕੌਰ ਨਾਲ ਕੁੱਟਮਾਰ ਕਰਦੇ ਹੋਏ ਉਸਦੇ ਸਿਰ 'ਚ ਕਹੀ ਅਤੇ ਡੰਡੇ ਨਾਲ ਕਈ ਵਾਰ ਕਰਦੇ ਹੋਏ ਉਸਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਉਕਤ ਕਾਰ 'ਚ ਪਾ ਕੇ ਨਹਿਰ 'ਚ ਸੁੱਟ ਦਿੱਤਾ ਸੀ। ਪੁਲਸ ਵਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਜਾਂਚ ਜਾਰੀ ਹੈ।


Related News