ਪਹਿਲੀ ਵਾਰ ਦਲਿਤ ਵਰਗ ਨੇ ਕੀਤੀ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ

Monday, Mar 29, 2021 - 08:56 AM (IST)

ਪਹਿਲੀ ਵਾਰ ਦਲਿਤ ਵਰਗ ਨੇ ਕੀਤੀ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ

ਲੁਧਿਆਣਾ (ਖੁਰਾਣਾ) - ਦਾਣਾ ਮੰਡੀ ’ਚ ਕਿਰਤੀ ਮਜ਼ਦੂਰਾਂ ਅਤੇ ਕਿਸਾਨਾਂ ਦਾ ਵਿਸ਼ਾਲ ਇਕੱਠ ਹੋਇਆ, ਜਿਸ ਵਿਚ ਪਹਿਲੀ ਵਾਰ ਦਲਿਤ ਵਰਗ ਨੇ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ। ਇਸ ਇਕੱਠ ’ਚ ਪੂਰੇ ਪੰਜਾਬ ’ਚੋਂ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਜਨਾਨੀਆਂ ਦੀ ਵੱਡੀ ਸ਼ਮੂਲੀਅਤ ਨੇ ਅੰਦੋਲਨ ਨੂੰ ਇਕ ਵੱਖਰੀ ਹੀ ਦਿੱਖ ਦੇ ਦਿੱਤੀ। ਮੁਸਲਮਾਨ, ਕੂਕੇ, ਨਿਹੰਗ ਸਿੰਘ, ਸਾਬਕਾ ਫੌਜੀ ਅਫ਼ਸਰ ਅਤੇ ਸੇਵਾ ਮੁਕਤ ਸੀਨੀਅਰ ਅਧਿਕਾਰੀਆਂ ਨੇ ਸਮਾਗਮ ਨੂੰ ਨਵੇਕਲਾ ਬਣਾ ਦਿੱਤਾ ਅਤੇ ਇਹ ਸੰਦੇਸ਼ ਦਿੱਤਾ ਕਿ ਇਹ ਅੰਦੋਲਨ ਹੁਣ ਕਿਸਾਨ ਅੰਦੋਲਨ ਨਾ ਰਹਿ ਕੇ ਜਨ ਅੰਦੋਲਨ ਬਣ ਗਿਆ ਹੈ। ਸੇਵਾ-ਮੁਕਤ ਅਧਿਕਾਰੀ ਸਮਾਗਮ ਦੀ ਦੇਖ-ਰੇਖ ਕਰਦੇ ਦੇਖੇ ਗਏ।

‘ਕਿਰਤੀ ਬਚਾਓ, ਕਿਸਾਨ ਬਚਾਓ ਅਤੇ ਸੰਵਿਧਾਨ ਬਚਾਓ’ ਮਹਾਪੰਚਾਇਤ ਦੇ ਆਯੋਜਕ ਐੱਰ. ਐੱਸ. ਲੱਧੜ, ਸੇਵਾ ਮੁਕਤ ਆਈ. ਏ. ਐੱਸ. ਨੇ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਸਮਾਜ ਕਿਸਾਨਾਂ ਦੀ ਪਿੱਠ ’ਤੇ ਹੈ। ਕਿਸਾਨੀ ਸਬੰਧੀ ਕਾਲੇ ਕਾਨੂੰਨ ਨਾ ਸਿਰਫ਼ ਕਿਸਾਨਾਂ ਦੇ ਖ਼ਿਲਾਫ਼ ਹਨ, ਸਗੋਂ ਪੂਰੀ 135 ਕਰੋੜ ਭਾਰਤ ਦੀ ਅਬਾਦੀ ਦੇ ਖ਼ਿਲਾਫ਼ ਹਨ। ਕਿਸਾਨ ਸਾਡੇ ਸਾਰਿਆਂ ਦੀ ਲੜਾਈ ਲੜ ਰਿਹਾ ਹੈ।

ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ, ਜੋ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆ ਨੂੰ ਵੇਚੇ ਹਨ, ਉਸ ਨਾਲ ਲੱਖਾਂ ਮੁਲਾਜ਼ਮ ਬੇਰੋਜ਼ਗਾਰ ਹੋ ਗਏ ਹਨ। ਭਾਰਤ ਸਰਕਾਰ ਨੇ ਰੇਲਵੇ, ਏਅਰ-ਪੋਰਟ, ਲਾਲ ਕਿਲ੍ਹਾ ਅਤੇ ਹੋਰ ਬੰਦਰਗਾਹਾਂ ਆਦਿ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਕੇ ਆਪਣੀ ਦੋਸਤੀ ਨਿਭਾਈ ਹੈ। ਲੱਖਾਂ ਲੋਕਾਂ ਨੂੰ ਬੇਰੋਜ਼ਗਾਰ ਕਰ ਕੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਮੂੰਹ ਮੋੜਿਆ ਹੈ। ਸ਼੍ਰੀ ਲੱਧੜ, ਜਗਜੀਤ ਸਿੰਘ, ਪ੍ਰੋ. ਮਨਜੀਤ ਸਿੰਘ ਨੇ ਇਕਸੁਰ ’ਚ ਭਾਈਚਾਰਕ ਸਾਂਝ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਕਾਲੇ ਕਾਨੂੰਨ ਵਾਪਸ ਹੋਣੇ ਤੈਅ ਹਨ, ਸਿਰਫ਼ ਸਮੇਂ ਦੀ ਗੱਲ ਹੈ ਕਿ ਛੇਤੀ ਹੁੰਦੇ ਹਨ ਜਾਂ ਦੇਰ ਨਾਲ।

ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਇੱਜ਼ਤ ਦੀ ਰੋਟੀ, ਬੇਰੋਜ਼ਗਾਰਾਂ ਨੂੰ ਰੋਜ਼ਗਾਰ, ਬੱਚਿਆਂ ਨੂੰ ਪੜ੍ਹਾਈ ਅਤੇ ਬੀਮਾਰਾਂ ਲਈ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਲਟਾ ਪੰਜਾਬ ਸਰਕਾਰ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਹੋਰ ਕਰਜ਼ਾਈ ਕਰ ਰਹੀ ਹੈ। ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਸੰਬੋਧਨ ’ਚ ਕਿਹਾ ਕਿ ਅਸੀਂ ਬਾਬਾ ਨਾਨਕ ਦੀ ਵਿਚਾਰਧਾਰਾ ’ਚ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਜਿੱਥੇ ਕਿਸਾਨ ਦੀ ਗੱਲ ਕਰਾਂਗੇ, ਉਥੇ ਕਿਰਤੀ ਦੀ ਗੱਲ ਅਤੇ ਉਨ੍ਹਾਂ ਦੇ ਹੱਕਾਂ ਦੀ ਪਹਿਲਾਂ ਗੱਲ ਕਰਾਂਗੇ, ਕਿਉਂਕਿ ਦੋਵਾਂ ਦੇ ਹਿੱਤ ਸਾਂਝੇ ਹਨ। ਅਸੀਂ ਕਿਰਤੀ, ਮਜ਼ਦੂਰ ਅਤੇ ਦਲਿਤ ਵਰਗ ਦੇ ਸੰਵਿਧਾਨਿਕ ਹੱਕਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਾਂਗੇ।

ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ, ਉਹ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਸ ਨਾਲ ਕਿਸੇ ਵੀ ਕਿਰਤੀ, ਕਾਮੇ ਦੇ ਦਿਲ ਨੂੰ ਠੇਸ ਪਹੁੰਚੇ। ਮਹਾਪੰਚਾਇਤ ਨੂੰ ਜਗਤਾਰ ਸਿੰਘ ਸੇਵਾ ਮੁਕਤ ਆਈ. ਆਰ. ਐੱਸ., ਕੈਪ. ਗੁਰਮੀਤ ਸਿੰਘ (ਨੇਵੀ), ਕੈਪਟਨ ਚੰਨਣ ਸਿੰਘ ਸਿੱਧੂ, ਕਰਨਲ ਵਿਰਕ, ਬੀਬੀ ਸੁਖਵਿੰਦਰ ਕੌਰ, ਤਰਨਜੀਤ ਸਿੰਘ ਨਿਮਾਣਾ, ਕਰਮਜੀਤ ਸਿੰਘ ਨਾਰੰਗਵਾਲ ਅਤੇ ਰਣਜੀਤ ਸਿੰਘ ਲੱਧੜ (ਲੈਕਚਰਾਰ) ਨੇ ਵੀ ਸੰਬੋਧਨ ਕੀਤਾ।


author

rajwinder kaur

Content Editor

Related News