ਪਹਿਲਾਂ ਔਰਤ ਨੂੰ ਲਾਇਆ ਸਰਕਾਰੀ ਨੌਕਰੀ ਦਾ ਲਾਰਾ, ਫਿਰ ਨਸ਼ੀਲੀ ਕੋਲਡ ਡਰਿੰਕ ਪਿਆ ਕੇ ਬਣਾਈ ਅਸ਼ਲੀਲ ਵੀਡੀਓ

Tuesday, Aug 20, 2024 - 04:43 AM (IST)

ਜ਼ੀਰਕਪੁਰ (ਅਸ਼ਵਨੀ) : ਤਲਾਕਸ਼ੁਦਾ ਔਰਤ ਨੂੰ ਸਰਕਾਰੀ ਨੌਕਰੀ ਦਿਵਾਉਣ, ਵਿਆਹ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਤੇ ਹੋਟਲ ’ਚ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇਣ ਵਾਲੇ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਮਨ ਰਾਜਪੂਤ ਵਾਸੀ ਸੈਕਟਰ-24 ਚੰਡੀਗੜ੍ਹ ਵਜੋਂ ਹੋਈ ਹੈ। ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮਾਮਲਾ 20 ਜੁਲਾਈ ਦਾ ਹੈ। ਸ਼ਿਕਾਇਤ ਪੰਚਕੂਲਾ ਪੁਲਸ ਕੋਲ ਦਰਜ ਕਰਵਾਈ ਗਈ ਸੀ ਤੇ ਇਸ ਦੀ ਜ਼ੀਰੋ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਜ਼ੀਰਕਪੁਰ ਥਾਣੇ ’ਚ ਭੇਜ ਦਿੱਤਾ ਗਿਆ।

ਡੇਟਿੰਗ ਐਪ ’ਤੇ ਹੋਈ ਸੀ ਮੁਲਾਕਾਤ, ਖ਼ੁਦ ਨੂੰ ਦੱਸਦਾ ਸੀ ਹਾਈ ਕੋਰਟ ਦਾ ਮੁਲਾਜ਼ਮ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਦੁਬਾਰਾ ਵਿਆਹ ਕਰਨ ਲਈ ਆਨਲਾਈਨ ਡੇਟਿੰਗ ਐਪ ’ਤੇ ਪ੍ਰੋਫਾਈਲ ਬਣਾਈ ਤੇ ਉਸ ਦੀ ਮੁਲਾਕਾਤ ਅਮਨ ਰਾਜਪੂਤ ਨਾਲ ਹੋਈ। ਉਸ ਨੇ ਦੱਸਿਆ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸਰਕਾਰੀ ਨੌਕਰੀ ਕਰਦਾ ਹੈ, ਜਿਸ ਤੋਂ ਬਾਅਦ ਦੋਹਾਂ ’ਚ ਗੱਲਬਾਤ ਸ਼ੁਰੂ ਹੋ ਗਈ। ਚੰਗੀ ਦੋਸਤੀ ਤੋਂ ਬਾਅਦ ਮੁਲਾਕਾਤ ਹੋਣੀ ਸ਼ੁਰੂ ਹੋ ਗਈ। ਮੁਲਜ਼ਮ ਅਮਨ ਨੇ ਸ਼ਿਕਾਇਤਕਰਤਾ ਨੂੰ ਸਰਕਾਰੀ ਨੌਕਰੀ ’ਤੇ ਲਗਾਉਣ ਦੀ ਗੱਲ ਕਹੀ, ਜਿਸ ਦੀਆਂ ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਤੋਂ ਕਰੀਬ ਸਵਾ 3 ਲੱਖ ਰੁਪਏ ਦੀ ਰਕਮ ਲੈ ਲਈ। 

ਇਸ ਤੋਂ ਬਾਅਦ 20 ਜੁਲਾਈ ਨੂੰ ਮੁਲਜ਼ਮ ਅਮਨ ਨੇ ਉਸ ਨੂੰ ਬਲਟਾਣਾ ਦੇ ਹੋਟਲ ’ਚ ਬੁਲਾਇਆ, ਜਿੱਥੇ ਉਸ ਨੂੰ ਸਰਕਾਰੀ ਨੌਕਰੀ ਦਾ ਜੁਆਇਨਿੰਗ ਲੈਟਰ ਦੇਣ ਲਈ ਕਿਹਾ ਪਰ ਜਿਸ ਹੋਟਲ ਦੇ ਕਮਰੇ ’ਚ ਉਸ ਨੂੰ ਜੁਆਇਨਿੰਗ ਲੈਟਰ ਦੇਣ ਵਾਲੇ ਲੋਕਾਂ ਨੂੰ ਮਿਲਣ ਲਈ ਕਿਹਾ ਸੀ, ਉਸ ’ਚ ਕੋਈ ਨਹੀਂ ਸੀ। ਮੁਲਜ਼ਮ ਨੇ ਉਸ ਨੂੰ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਮੁਲਜ਼ਮ ਨੇ ਉਸ ਨੂੰ ਕੋਲਡ ਡਰਿੰਕ ’ਚ ਨਸ਼ੀਲੀ ਚੀਜ਼ ਪਿਲਾ ਦਿੱਤੀ ਤੇ ਮੋਬਾਈਲ ’ਚ ਅਸ਼ਲੀਲ ਵੀਡੀਓ ਬਣਾ ਲਈ।

ਕੋਲਡ ਡਰਿੰਕ ਦਾ ਨਸ਼ਾ ਉਤਰਣ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਪੰਚਕੂਲਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੰਚਕੂਲਾ ਪੁਲਸ ਨੇ ਮੋਹਾਲੀ ਨਾਲ ਸਬੰਧਤ ਕੇਸ ਬਣਾ ਕੇ ਜ਼ੀਰਕਪੁਰ ਦੀ ਬਲਟਾਣਾ ਪੁਲਸ ਚੌਕੀ ’ਚ ਤਬਦੀਲ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 


Sandeep Kumar

Content Editor

Related News