ਪੰਜਾਬ ’ਚ ਮੌਜੂਦਾ ਤੇ ਸਾਬਕਾ ਵਿਧਾਇਕਾਂ ’ਤੇ 12 FIRs ਦਰਜ, ਕਰ ਰਹੇ ਅਦਾਲਤੀ ਕਾਰਵਾਈ ਦਾ ਸਾਹਮਣਾ
Thursday, Apr 27, 2023 - 11:15 AM (IST)
ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ 'ਚ ਦਰਜਨ ਤੋਂ ਜ਼ਿਆਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਵੱਖ-ਵੱਖ ਮਾਮਲਿਆਂ 'ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਮਾਮਲੇ ਭ੍ਰਿਸ਼ਟਾਚਾਰ ਨਾਲ ਜੁੜੇ ਹਨ। ਕੁੱਝ ਜ਼ਮਾਨਤ ’ਤੇ ਹਨ, ਤਾਂ ਕਈ ਜਾਂਚ ਦਾ ਸਾਹਮਣਾ ਕਰ ਰਹੇ ਹਨ। ਵੈਸੇ ਪੰਜਾਬ ’ਚ 7 ਦਰਜਨ ਤੋਂ ਜ਼ਿਆਦਾ ਵਿਧਾਇਕਾਂ, ਸਾਬਕਾ ਵਿਧਾਇਕਾਂ ’ਤੇ ਕੇਸ ਚੱਲ ਰਹੇ ਹਨ ਪਰ ਪੰਜਾਬ ਸਰਕਾਰ ਨੇ ਹਾਈਕੋਰਟ ’ਚ 12 ਕੇਸਾਂ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਨ੍ਹਾਂ ਮਾਮਲਿਆਂ ਦੀ ਪੂਰੀ ਸੂਚੀ ਅਤੇ ਮੌਜੂਦਾ ਸਥਿਤੀ ਦਾ ਬਿਓਰਾ ਦਿੱਤਾ ਹੈ।
ਸਭ ਤੋਂ ਅਹਿਮ ਕੇਸ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ
ਮਜੀਠੀਆ ’ਤੇ ਡਰੱਗ ਮਾਮਲੇ 'ਚ ਸਾਬਕਾ ਚੰਨੀ ਸਰਕਾਰ ਦੇ ਸਮੇਂ ਕੇਸ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦਾ ਨਾਂ ਵਿਰੋਧੀ ਪਾਰਟੀਆਂ ਵਲੋਂ ਕਰੀਬ ਇਕ ਦਹਾਕੇ ਤੋਂ ਭੋਲਾ ਡਰੱਗ ਰੈਕੇਟ ਨਾਲ ਜੋੜਿਆ ਜਾ ਰਿਹਾ ਸੀ ਪਰ ਕਦੇ ਉਨ੍ਹਾਂ ’ਤੇ ਮਾਮਲਾ ਦਰਜ ਨਹੀਂ ਕੀਤਾ ਗਿਆ। ਚੰਨੀ ਸਰਕਾਰ ਦੇ ਸਮੇਂ ਜਦੋਂ ਦਸੰਬਰ, 2021 ’ਚ ਐੱਨ. ਡੀ. ਪੀ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ, ਉਦੋਂ ਇਹੀ ਚਰਚਾ ਸੀ ਕਿ ਤਤਕਾਲੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ’ਚ ਉਹ ਕੇਸ ਦਰਜ ਕੀਤਾ ਗਿਆ। ਮਜੀਠੀਆ ਨੇ ਹਾਈਕੋਰਟ 'ਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਚੋਣਾਂ 'ਚ ਲਾਭ ਲੈਣ ਲਈ ਸਿਆਸੀ ਰੰਜ਼ਿਸ਼ ਕਾਰਨ ਉਨ੍ਹਾਂ ਨੂੰ ਝੂਠੇ ਮਾਮਲੇ 'ਚ ਫਸਾਇਆ ਗਿਆ ਹੈ। ਹਾਈਕੋਰਟ ਤੋਂ ਉਹ ਜ਼ਮਾਨਤ ’ਤੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਮਰਹੂਮ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ਪੰਜਾਬ-ਚੰਡੀਗੜ੍ਹ ’ਚ ਅੱਜ ਛੁੱਟੀ, ਬਾਦਲ ਪਿੰਡ ਜਾਣਗੇ CM ਮਾਨ!
ਦਲਬੀਰ ਸਿੰਘ ’ਤੇ ਕੋਵਿਡ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਕੇਸ
‘ਆਪ’ ਵਿਧਾਇਕ ਦਲਬੀਰ ਸਿੰਘ ਖ਼ਿਲਾਫ਼ ਤਰਨਤਾਰਨ 'ਚ ਮਾਮਲਾ ਦਰਜ ਹੋਇਆ ਸੀ। ਕੋਵਿਡ ਹੁਕਮਾਂ ਦਾ ਪਾਲਣ ਨਾ ਕਰਨ ’ਤੇ ਮਾਮਲਾ ਦਰਜ ਹੋਇਆ ਸੀ, ਜਦੋਂ ਉਹ ਹੋਰ ਨੇਤਾਵਾਂ ਨਾਲ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੂੰ ਸਥਾਨਕ ਅਦਾਲਤ ਭਗੌੜਾ ਵੀ ਐਲਾਨ ਕਰ ਚੁੱਕੀ ਸੀ ਪਰ ਬਾਅਦ 'ਚ ਉਹ ਜਾਂਚ 'ਚ ਸ਼ਾਮਲ ਹੋ ਗਏ ਸਨ। ਸੁਣਵਾਈ 25 ਮਈ ਨੂੰ ਹੈ।
ਵਿਧਾਇਕ ਹਰਦਿਆਲ ਸਿੰਘ ਕੰਬੋਜ
ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ’ਤੇ ਨਵੰਬਰ, 2022 'ਚ ਇੱਕ ਵਿਅਕਤੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਹੋਇਆ ਸੀ। ਇਕ ਸਥਾਨਕ ਨਿਵਾਸੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਕੰਬੋਜ ਅਤੇ ਉਨ੍ਹਾਂ ਦੇ ਬੇਟੇ ਸਮੇਤ ਕਈ ਲੋਕਾਂ ’ਤੇ ਦੋਸ਼ ਲਾਇਆ ਸੀ। ਪੰਜਾਬ ਪੁਲਸ ਵਲੋਂ ਕੰਬੋਜ ਖ਼ਿਲਾਫ਼ ਲੁਕਆਊਟ ਸਰਕੂਲਰ ਤੱਕ ਜਾਰੀ ਕੀਤਾ ਜਾ ਚੁੱਕਿਆ ਸੀ। ਬਾਅਦ 'ਚ ਉਹ ਜਾਂਚ ਵਿਚ ਸ਼ਾਮਲ ਹੋਏ।
ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਫਸੇ ਹਨ ਧਰਮਸੌਤ ਅਤੇ ਗਿਲਜੀਆ
ਕੋਟਕਪੂਰਾ ਪੁਲਸ ਥਾਣੇ 'ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਸੁਖਬੀਰ ਬਾਦਲ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 307, 323, 148, 149 ਤਹਿਤ ਮਾਮਲਾ ਦਰਜ ਹੋਇਆ ਸੀ। ਮਾਮਲੇ 'ਚ ਪਹਿਲਾ ਚਲਾਨ ਐੱਸ. ਆਈ. ਟੀ. ਪੇਸ਼ ਕਰ ਚੁੱਕੀ ਹੈ। ਅੱਗੇ ਮਾਮਲੇ ਦੀ ਜਾਂਚ ਜਾਰੀ ਹੈ। ਜੂਨ, 2022 ਅਤੇ ਅਕਤੂਬਰ, 2022 'ਚ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਸੰਗਤ ਸਿੰਘ ਗਿਲਜੀਆ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ ਕੇਸ ਦਰਜ ਕੀਤੇ ਗਏ ਸਨ। ਮੋਹਾਲੀ 'ਚ ਵਿਜੀਲੈਂਸ ਬਿਊਰੋ ਫਲਾਇੰਗ ਸਕੁਵੈਡ-1 ਥਾਣੇ 'ਚ ਦਰਜ ਇਨ੍ਹਾਂ ਮਾਮਲਿਆਂ ਦੀ ਜਾਂਚ ਜਾਰੀ ਹੈ। ਫਰਵਰੀ, 2023 'ਚ ਮੋਹਾਲੀ 'ਚ ਹੀ ਧਰਮਸੌਤ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਸਿਆਸਤ ਦੇ ਬਾਬਾ ਬੋਹੜ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੇ ਆਗੂ, ਦੇਖੋ ਗਮਗੀਨ ਮਾਹੌਲ ਦੀਆਂ ਤਸਵੀਰਾਂ
ਅਮਿਤ ਰਤਨ ਅਤੇ ਜਲਾਲਪੁਰ ’ਤੇ ਵੀ ਦਰਜ ਹਨ ਮਾਮਲੇ
‘ਆਪ’ ਵਿਧਾਇਕ ਅਮਿਤ ਰਤਨ ਖ਼ਿਲਾਫ਼ ਇਸ ਸਾਲ ਫਰਵਰੀ 'ਚ ਬਠਿੰਡਾ ’ਚ ਕੇਸ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਮਈ 'ਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ’ਤੇ ਪੰਚਾਇਤੀ ਜ਼ਮੀਨ ਘਪਲੇ 'ਚ ਕੇਸ ਦਰਜ ਹੋਇਆ ਸੀ। ਉਹ ਜ਼ਮਾਨਤ ’ਤੇ ਹਨ। ਪਿਛਲੇ ਮਹੀਨੇ ਸਾਬਕਾ ਕਾਂਗਰਸ ਵਿਧਾਇਕ ਕੁਲਦੀਪ ਵੈਦ ’ਤੇ ਐਕਸਾਈਜ਼ ਐਕਟ ਤਹਿਤ ਲੁਧਿਆਣਾ 'ਚ ਕੇਸ ਦਰਜ ਹੋਇਆ ਹੈ। ਉਹ ਵੀ ਜ਼ਮਾਨਤ ’ਤੇ ਹਨ। ‘ਆਪ’ ਵਿਧਾਇਕ ਬਲਜਿੰਦਰ ਕੌਰ ’ਤੇ ਅਗਸਤ, 2020 'ਚ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਸੰਗਰੂਰ 'ਚ ਕੇਸ ਦਰਜ ਹੋਇਆ ਸੀ। ਸੰਗਰੂਰ ਦੇ ਸੀ. ਜੇ. ਐੱਮ. ਨੇ ਇਸ ਸਾਲ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ। ਸ਼ੀਤਲ ਅੰਗੁਰਾਲ ’ਤੇ 2021 'ਚ 420, 120ਬੀ, 307 ਅਤੇ ਐਕਸਾਈਜ਼ ਐਕਟ 'ਚ ਕੇਸ ਦਰਜ ਹੋਇਆ ਸੀ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਜਾਂਚ ’ਤੇ ਸਟੇ ਲਗਾ ਦਿੱਤਾ ਸੀ। ਪੰਜਾਬ ਸਰਕਾਰ ਸਟੇਅ ਨੂੰ ਚੁਣੌਤੀ ਦੇਣ ਲਈ ਇਸ ਨੂੰ ਕਾਨੂੰਨੀ ਤੌਰ ’ਤੇ ਜਾਂਚ ਰਹੀ ਹੈ।
ਇਹ ਵੀ ਪੜ੍ਹੋ : ਇਸ ਟਰੈਕਟਰ-ਟਰਾਲੀ 'ਚ ਹੋਵੇਗੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ, ਦੇਖੋ ਹਵੇਲੀ ਤੋਂ ਸਿੱਧੀ ਵੀਡੀਓ
ਚੰਡੀਗੜ੍ਹ 'ਚ ਵੀ ਦਰਜ ਹਨ ਕਈਆਂ ਖ਼ਿਲਾਫ਼ ਕੇਸ
ਚੰਡੀਗੜ੍ਹ ਪੁਲਸ ਨੇ ਵੀ ਕਈ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਖ਼ਿਲਾਫ਼ ਵੱਖ-ਵੱਖ ਮਾਮਲਿਆਂ 'ਚ ਕੇਸ ਦਰਜ ਕੀਤੇ ਹੋਏ ਹਨ। ਇਨ੍ਹਾਂ 'ਚ ਜ਼ਿਆਦਾਤਰ ਮਾਮੂਲੀ ਧਾਰਾਵਾਂ ਦੇ ਕੇਸ ਹਨ। ਸਾਬਕਾ ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਕੰਵਰ ਸਿੰਘ ਰੋਜ਼ੀ ਬਰਕੰਦੀ, ਪਵਨ ਟੀਨੂੰ, ਸੁਰਜੀਤ ਸਿੰਘ ਰੱਖੜਾ, ਐੱਨ. ਕੇ. ਸ਼ਰਮਾ, ਸਾਬਕਾ ਸੰਸਦ ਮੈਂਬਰ ਵਿਜੈ ਸਾਂਪਲਾ, ਸਾਬਕਾ ਵਿਧਾਇਕ ਅਰੁਣ ਨਾਰੰਗ, ਮਾਸਟਰ ਮੋਹਨ ਲਾਲ, ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਸੁਰਜੀਤ ਕੁਮਾਰ ਜ਼ਿਆਣੀ, ਸਾਬਕਾ ਸੰਸਦ ਮੈਂਬਰ , ਬਲਵਿੰਦਰ ਸਿੰਘ ਭੂੰਦੜ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ ਆਦਿ ’ਤੇ ਕੇਸ ਦਰਜ ਹਨ। ਪਿਛਲੇ ਸਾਲ 9 ਜੂਨ ਨੂੰ ਕਾਂਗਰਸ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪਰਗਟ ਸਿੰਘ, ਸੁਖਵਿੰਦਰ ਸਿੰਘ, ਰਾਜਾ ਵੜਿੰਗ, ਬਰਿੰਦਰ ਮੀਤ ਸਿੰਘ ਪਾਹੜਾ, ਅਵਤਾਰ ਜੂਨੀਅਰ, ਵਿਕਰਮਜੀਤ ਚੌਧਰੀ, ਸੁਖਜਿੰਦਰ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਦਰਸ਼ਨ ਸਿੰਘ ਬਰਾੜ, ਵਿਜੈਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਪ੍ਰਤਾਪ ਬਾਜਵਾ, ਹਰਪ੍ਰਤਾਪ ਅਜਨਾਲਾ, ਇੰਦਰਬੀਰ ਸਿੰਘ ਬੁਲਾਰੀਆ, ਰਮਨਦੀਪ ਸਿੰਘ, ਮਦਨ ਲਾਲ ਜਲਾਲਪੁਰ, ਕੁਲਬੀਰ ਜੀਰਾ, ਰਾਣਾ ਕੇ. ਪੀ. ਸਿੰਘ ’ਤੇ ਕੇਸ ਦਰਜ ਹੋਇਆ ਸੀ। ਇਸ ਦੀ ਸੀਨੀਅਰ ਅਫ਼ਸਰਾਂ ਤੋਂ ਮਨਜ਼ੂਰੀ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਚੰਡੀਗੜ੍ਹ ਪੁਲਸ ਅਦਾਲਤ 'ਚ ਪੇਸ਼ ਕਰ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ