ਰਿਵਾਲਵਰ 'ਚ ਗੋਲੀਆਂ ਲੋਡ ਕੀਤੀਆਂ, ਦੋਸਤ ਨੇ ਸ਼ੌਂਕ ਪੂਰਾ ਕਰਨ ਲਈ ਕੀਤੇ ਹਵਾਈ ਫਾਇਰ

Monday, Jul 24, 2023 - 01:41 PM (IST)

ਲੁਧਿਆਣਾ (ਰਾਜ) : ਪੰਜਾਬ ’ਚ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਪੁਲਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸਨ। ਹਥਿਆਰਾਂ ਦੇ ਲਾਇਸੈਂਸ ਬਣਾਉਣ ਤੱਕ ਵੀ ਰੋਕ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਵੀ ਸੋਸ਼ਲ ਮੀਡੀਆ ’ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਲਈ ਫੋਟੋ, ਵੀਡੀਓ ਅਪਲੋਡ ਕਰਦਾ ਹੈ ਜਾਂ ਵਿਆਹ, ਪਾਰਟੀ ਸਮਾਗਮ ’ਚ ਹਵਾਈ ਫਾਇਰ ਕਰਦਾ ਹੈ ਤਾਂ ਉਸ ’ਕੇ ਕੇਸ ਦਰਜ ਕਰਨ ਤੱਕ ਦੇ ਹੁਕਮ ਦਿੱਤੇ ਗਏ ਸਨ ਪਰ ਲੱਗਦਾ ਹੈ ਕਿ ਇਹ ਹੁਕਮ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ। ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ ਕਈ ਲੋਕ ਅੱਜ ਵੀ ਗੰਨ ਕਲਚਰ ਨੂੰ ਪ੍ਰਮੋਟ ਕਰ ਰਹੇ ਹਨ ਪਰ ਕਾਰਵਾਈ ਕੁੱਝ ਵੀ ਨਹੀਂ। ਇਨ੍ਹਾਂ ਦਿਨਾਂ ’ਚ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਖ਼ੁਦ ਨੂੰ ਸਮਾਜਸੇਵੀ ਦੱਸਣ ਵਾਲੇ ਨੌਜਵਾਨ ਦੀ ਹੈ। ਉਹ ਆਪਣੀ ਲਾਇਸੈਂਸੀ ਰਿਵਾਲਵਰ ’ਚ ਗੋਲੀਆਂ ਲੋਡ ਕਰ ਦਿੰਦਾ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ਨੇੜਿਓਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੇ ਜਾਣ ਦਾ ਸ਼ੱਕ

ਫਿਰ ਉਸ ਦਾ ਇਕ ਦੋਸਤ ਉਸ ਦੀ ਰਿਵਾਲਵਰ ਫੜ੍ਹ ਕੇ ਹਵਾ ’ਚ ਫਾਇਰ ਕਰਨੇ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਉਸ ਸਮੇਂ ਪਾਰਟੀ ’ਚ ਮਿਊਜ਼ਿਕ ਲਾਊਡ ਹੋਣ ਕਾਰਨ ਗੋਲੀ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ। ਇਸ ਲਈ ਆਂਢ-ਗੁਆਂਢ ਦੇ ਕੰਨਾਂ ਤੱਕ ਨਹੀਂ ਪੁੱਜੀ। ਇਸ ਲਈ ਇਸ ਦੀ ਸ਼ਿਕਾਇਤ ਵੀ ਪੁਲਸ ਤੱਕ ਨਹੀਂ ਪੁੱਜ ਸਕੀ। ਅਸਲ ’ਚ ਇਹ ਵੀਡੀਓ 2 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਵੀਡੀਓ ’ਚ ਇਕ ਟਿੱਬਾ ਰੋਡ ਦੇ ਇਲਾਕੇ ’ਚ ਰਹਿਣ ਵਾਲਾ ਸਮਾਜ ਸੇਵੀ ਬੈਠਾ ਨਜ਼ਰ ਆ ਰਿਹਾ ਹੈ, ਜੋ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਹੈ, ਜਿੱਥੇ ਹੁੱਕਾ ਸ਼ਰਾਬ ਖੁੱਲ੍ਹ ਕੇ ਚੱਲ ਰਹੇ ਸਨ। ਇਸੇ ਦੌਰਾਨ ਸਮਾਜ ਸੇਵੀ ਨੇ ਆਪਣੀ ਡੱਬ ’ਚੋਂ ਆਪਣੀ ਲਾਇਸੈਂਸੀ ਰਿਵਾਲਵਰ ਕੱਢੀ ਅਤੇ ਉਸ ਦੇ ਅੰਦਰ ਗੋਲੀਆਂ ਲੋਡ ਕਰ ਦਿੱਤੀਆਂ। ਉਸ ਦੇ ਸਾਹਮਣੇ ਬੈਠੇ ਦੋਸਤ ਨੇ ਉਸ ਦੀ ਲਾਇਸੈਂਸੀ ਰਿਵਾਲਵਰ ਲਈ ਅਤੇ ਆਪਣਾ ਸ਼ੌਂਕ ਪੂਰਾ ਕਰਨ ਲਈ ਉਕਤ ਰਿਵਾਲਵਰ ’ਚੋਂ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਕਾਨੂੰਨ ਮੁਤਾਬਕ ਦੇਖਿਆ ਜਾਵੇ ਤਾਂ ਹਵਾਈ ਫਾਇਰ ਕਰਨ ’ਤੇ ਵੀ ਕੇਸ ਦਰਜ ਹੁੰਦਾ ਹੈ ਪਰ ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਖਦੇ ਹਾਂ ਕਿ ਪੁਲਸ ਇਸ ਵਿਚ ਕੀ ਕਾਰਵਾਈ ਕਰਦੀ ਹੈ। ਇੱਥੇ ਦੱਸ ਦੇਈਏ ਕਿ ਥੋੜ੍ਹੇ ਦਿਨ ਪਹਿਲਾਂ ਵੀ ਡਾਬਾ ਦੇ ਇਲਾਕੇ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਦੋਵੇਂ ਹੱਥਾਂ ’ਚ ਹਥਿਆਰ ਫੜ੍ਹ ਕੇ ਸੋਸ਼ਲ ਮੀਡੀਆ ’ਤੇ ਫੋਟੋ ਅਪਲੋਡ ਕੀਤੀ ਸੀ। ਉਸ ਦੇ ਇਕ ਹੱਥ ’ਚ ਦੇਸੀ ਕੱਟਾ ਫੜ੍ਹਿਆ ਸੀ, ਜਦੋਂ ਕਿ ਦੂਜੇ ਹੱਥ ’ਚ ਪਿਸਤੌਲ ਸੀ। ਪੁਲਸ ਦੇ ਧਿਆਨ ’ਚ ਆਉਣ ਤੋਂ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਦੋਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਜਵਾਨ ਦੇ ਹੱਥ ’ਚ ਫੜ੍ਹੇ ਦੋਵੇਂ ਹਥਿਆਰ ਨਾਜਾਇਜ਼ ਸਨ। ਜੇਕਰ ਪੁਲਸ ਉਸ ’ਤੇ ਕਾਰਵਾਈ ਕਰਦੀ ਤਾਂ ਨਾਜਾਇਜ਼ ਹਥਿਆਰ ਬਰਾਮਦ ਹੋ ਜਾਂਦੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News