ਪੁਲਸ ਪਾਰਟੀ ਤੇ ਕਾਰ ਸਵਾਰਾਂ ਵਿਚਾਲੇ ਹੋਈ ਫਾਇਰਿੰਗ, ਪਿਸਟਲ ਸਣੇ ਇਹ ਸਾਮਾਨ ਕੀਤਾ ਬਰਾਮਦ
Friday, Jul 07, 2023 - 08:50 PM (IST)

ਮੋਹਾਲੀ (ਪਰਦੀਪ)-ਦੇਰ ਰਾਤ ਫੇਜ਼-3ਏ ਦੇ ਮਾਈਕ੍ਰੋ ਟਾਵਰ ਨੇੜੇ ਨਾਕਾ ਲਗਾ ਕੇ ਖੜ੍ਹੀ ਪੁਲਸ ਪਾਰਟੀ ’ਤੇ ਚੰਡੀਗੜ੍ਹ ਵੱਲੋਂ ਆ ਰਹੀ ਇਕ ਫੋਰਡ ਫੀਗੋ ਕਾਰ ’ਚ ਸਵਾਰ ਤਿੰਨ ਵਿਅਕਤੀਆਂ ਨੇ ਗੋਲ਼ੀ ਚਲਾ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵੱਲੋਂ ਜਵਾਬੀ ਗੋਲ਼ੀਬਾਰੀ ਕਰਦਿਆਂ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਐੱਸ. ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਵੱਲੋਂ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਦੀਆਂ ਹਿਦਾਇਤਾਂ ’ਤੇ ਥਾਂ-ਥਾਂ ’ਤੇ ਨਾਕੇਬੰਦੀ ਕਰਕੇ ਸ਼ੱਕੀ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਬੀਤੀ ਦੇਰ ਰਾਤ ਥਾਣਾ ਮਟੌਰ ਦੇ ਮੁੱਖ ਅਫਸਰ ਇੰਸਪੈਕਟਰ ਗੰਬਰ ਸਿੰਘ ਦੀ ਅਗਵਾਈ ਹੇਠ ਮਾਈਕਰੋ ਟਾਵਰ ਫੇਜ਼-3 ਏ ਨੇੜੇ ਨਾਕੇਬੰਦੀ ਕੀਤੀ ਗਈ ਸੀ, ਜਿਸ ਦੌਰਾਨ ਦੇਰ ਰਾਤ (ਤਕਰੀਬਨ 12:45 ਵਜੇ) ਚੰਡੀਗੜ੍ਹ ਸਾਇਡ ਤੋਂ ਇਕ ਫੋਰਡ ਫੀਗੋ ਕਾਰ ਆਈ, ਜਿਸ ਦੇ ਡਰਾਈਵਰ ਨੇ ਪੁਲਸ ਪਾਰਟੀ ਨੂੰ ਖੜ੍ਹਾ ਦੇਖ ਕੇ ਕਾਰ ਰੋਕ ਲਈ ਅਤੇ ਪਿਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਸੜਕ ’ਤੇ ਟਰੈਫਿਕ ਹੋਣ ਕਰਕੇ ਗੱਡੀ ਪਿੱਛੇ ਨਹੀਂ ਮੁੜ ਸਕੀ।
ਇਹ ਖ਼ਬਰ ਵੀ ਪੜ੍ਹੋ : ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜੀ ਪਤਨੀ, ਖੁਦ ਦੇ ਪਹੁੰਚਣ ’ਤੇ ਫੇਰੀਆਂ ਅੱਖਾਂ ਤੇ ਕਰ ’ਤਾ ਉਹ ਜੋ ਸੋਚਿਆ ਨਹੀਂ ਸੀ
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਤਾਹਿਨਾਤ ਇੰਪੈਕਟਰ ਗੰਬਰ ਸਿੰਘ ਅਤੇ ਪੁਲਸ ਕਰਮਚਾਰੀ ਗੱਡੀ ਵੱਲ ਵਧੇ ਤਾਂ ਕਾਰ ਸਵਾਰ ਵਿਅਕਤੀ ਨੇ ਕਾਰ ਵਿਚੋਂ ਨਿਕਲ ਕੇ ਪੁਲਸ ਪਾਰਟੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੇ ਜਵਾਬ ਵਿਚ ਇੰਸਪੈਕਟਰ ਵੱਲੋਂ ਆਪਣਾ ਅਤੇ ਪੁਲਸ ਪਾਰਟੀ ਦਾ ਬਚਾਅ ਕਰਦੇ ਹੋਏ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਉਪਰੰਤ ਕਾਰ ’ਚੋਂ ਦੋ ਸਰਦਾਰ ਲੜਕੇ ਨਿਕਲ ਕੇ ਪਾਰਕ ਵੱਲ ਨੂੰ ਭੱਜੇ ਅਤੇ ਡਰਾਈਵਰ ਕਾਰ ਕੋਲ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪਾਰਕ ਵੱਲ ਭੱਜ ਰਹੇ ਲੜਕਿਆਂ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਕਾਰ ਦੇ ਦੂਜੇ ਪਾਸ ਡਿੱਗੇ ਡਰਾਈਵਰ (ਜਿਸ ਦੀ ਖੱਬੀ ਲੱਤ ਅਤੇ ਗੋਡੇ ਤੋਂ ਹੇਠਾਂ ਗੋਲ਼ੀ ਵੱਜਣ ਕਰਕੇ ਕਾਫੀ ਖੂਨ ਵਹਿ ਰਿਹਾ ਸੀ) ਨੂੰ ਸਰਕਾਰੀ ਗੱਡੀ ਵਿਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਫੇਜ਼-6 ਮੋਹਾਲੀ ਦਾਖਲ ਕਰਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਕੈਂਟਰ ਵਿਚਾਲੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ
ਉਨ੍ਹਾਂ ਦੱਸਿਆ ਕਿ ਡਰਾਈਵਰ ਦਾ ਨਾਂ ਗੁਰਮੁਖ ਸਿੰਘ ਉਰਫ ਸੈਂਟੀ ਹੈ ਅਤੇ ਢੁਹ ਪਿੰਡ ਅਲਾਦਾਦਪੁਰ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ। ਉਸ ਕੋਲੋਂ ਇਕ ਪਿਸਟਲ 32 ਬੋਰ, 2 ਜ਼ਿੰਦਾ ਰੌਂਦ ਅਤੇ ਇਕ ਖੋਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਕਾਰ ਵਿਚੋਂ ਨਿਕਲ ਕੇ ਪਾਰਕ ਵੱਲ ਭੱਜੇ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਕਰਨ ਸਿੰਘ ਵਾਸੀ ਪਿੰਡ ਘੁੱਲੂ ਮਾਜਰਾ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਇਕ ਦੇਸੀ ਕੱਟਾ 315 ਬੋਰ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਸ ਵੱਲੋਂ ਆਈ. ਪੀ. ਸੀ. ਦੀ ਧਾਰਾ-307, 186, 353, 34 ਆਈ. ਪੀ. ਸੀ. ਅਤੇ 25 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਅਕਤੀਆਂ ਤੋਂ ਬਰਾਮਦ ਹੋਈ ਕਾਰ ਇਨ੍ਹਾਂ ਵੱਲੋਂ 5-6 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੈਸ਼ਨੂੰ ਮਾਤਾ ਮੰਦਰ ਫੇਜ਼-3ਬੀ1 ਨੇੜੇ ਤੋਂ ਖੋਹ ਕੀਤੀ ਗਈ ਸੀ। ਇਸ ਸਬੰਧੀ ਪੁਲਸ ਵੱਲੋਂ ਆਈ. ਪੀ. ਸੀ. ਦੀ ਧਾਰਾ-392, 506 ਅਤੇ ਆਰਮਜ਼ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗੁਰਮੁੱਖ ਸਿੰਘ ਉਰਫ ਮੌਂਟੀ ਦੀ ਲੱਤ ਵਿਚ ਗੋਲ਼ੀ ਵੱਜਣ ਕਰਕੇ ਉਸ ਦਾ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਕਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।