ਕਾਂਗਰਸੀ ਆਗੂ ''ਤੇ ਫਾਇਰਿੰਗ, 3 ਖਿਲਾਫ ਕੇਸ ਦਰਜ
Wednesday, Dec 06, 2017 - 08:02 AM (IST)
ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)- ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਦੇ ਭਰਾ ਅਤੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਕਾਂਗਰਸੀ ਆਗੂ ਮੁਨੀਸ਼ ਕੁਮਾਰ ਉਰਫ ਮੋਨੂੰ ਚੀਮਾ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਨੇ 2 ਅਣਪਛਾਤਿਆਂ ਸਮੇਤ 3 ਲੋਕਾਂ ਵਿਰੁੱਧ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਨਾਮਜ਼ਦ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮੁਨੀਸ਼ ਕੁਮਾਰ ਉਰਫ ਮੋਨੂੰ ਚੀਮਾ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਚੀਮਾ ਕਲਾਂ ਹਾਲ ਵਾਸੀ ਅਟਾਰੀ ਰੋਡ ਅੱਡਾ ਝਬਾਲ ਨੇ ਦੱਸਿਆ ਕਿ ਉਹ ਬੀਤੀ 4 ਦਸੰਬਰ ਦੀ ਸ਼ਾਮ ਸਵਾ 5 ਵਜੇ ਗੁਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜੀਓਬਾਲਾ ਅਤੇ ਚੰਦਰ ਸ਼ੇਖਰ ਪੁੱਤਰ ਅਸ਼ੋਕ ਕੁਮਾਰ ਸੂਦ ਵਾਸੀ ਝਬਾਲ ਕਲਾਂ ਨਾਲ ਆਪਣੀ ਇਨੋਵਾ ਗੱਡੀ 'ਚ ਸਵਾਰ ਹੋ ਕੇ ਆਪਣੇ ਦਫ਼ਤਰ, ਖੇਡ ਸਟੇਡੀਅਮ ਅੱਡਾ ਝਬਾਲ ਨੂੰ ਆ ਰਹੇ ਸੀ, ਜਦੋਂ ਉਹ ਪਿੰਡ ਝਬਾਲ ਪੁਖਤਾ ਮੋੜ ਪੱਕਾ ਕਿਲਾ ਕੋਲ ਪੁੱਜੇ ਤਾਂ ਸਾਹਮਣਿਓਂ ਆਈ ਇਕ ਇੰਡੀਗੋ ਗੱਡੀ ਉਨ੍ਹਾਂ ਦੀ ਇਨੋਵਾ ਦੇ ਅੱਗੇ ਖੜ੍ਹੀ ਹੋ ਗਈ, ਜਿਸ ਨੂੰ ਗਗਨਦੀਪ ਉਰਫ ਗਗਨ ਨਾਮੀ ਨੌਜਵਾਨ ਚਲਾ ਰਿਹਾ ਸੀ। ਗੱਡੀ 'ਚ ਦੋ ਹੋਰ ਨੌਜਵਾਨ ਬੈਠੇ ਸਨ।
ਮੋਨੂੰ ਚੀਮਾ ਨੇ ਦੱਸਿਆ ਕਿ ਉਸ ਦੇ ਸਾਥੀ ਗੁਰਜੀਤ ਸਿੰਘ ਨੇ ਗੱਡੀ 'ਚੋਂ ਉਤਰ ਕੇ ਗਗਨਦੀਪ ਨੂੰ ਗੱਡੀ ਪਾਸੇ ਕਰਨ ਲਈ ਕਿਹਾ ਪਰ ਗਗਨ ਨੇ ਗੱਡੀ ਪਿੱਛੇ ਹਟਾਉਣ ਦੀ ਜਗ੍ਹਾ ਉਸ 'ਤੇ ਰੋਅਬ ਪਾਉਣਾ ਸ਼ੁਰੂ ਕਰ ਦਿੱਤਾ। ਇੰਨੇ ਨੂੰ ਰੌਲਾ ਸੁਣ ਕੇ ਜਦੋਂ ਉਹ ਗੱਡੀ 'ਚੋਂ ਹੇਠਾਂ ਉਤਰਿਆ ਤਾਂ ਉਸ ਨੂੰ ਵੇਖਦਿਆਂ ਹੀ ਕਥਿਤ ਦੋਸ਼ੀ ਗਗਨ ਗੁੱਸੇ 'ਚ ਆ ਗਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਉਸ ਨਾਲ ਹੱਥੋਪਾਈ ਹੋ ਪਿਆ। ਮੋਨੂੰ ਚੀਮਾ ਅਨੁਸਾਰ ਉਸ ਦੇ ਗਲ਼ 'ਚ ਪਾਈ ਹੋਈ 5 ਤੋਲੇ ਦੀ ਸੋਨੇ ਦੀ ਚੇਨ ਵੀ ਗਗਨ ਨੇ ਖਿੱਚ ਕੇ ਆਪਣੀ ਗੱਡੀ 'ਚ ਸੁੱਟ ਲਈ ਅਤੇ ਗੱਡੀ 'ਚੋਂ 12 ਬੋਰ ਦੀ ਰਾਈਫਲ ਕੱਢ ਕੇ ਉਸ ਉਪਰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ ਪਰ ਉਹ ਹੁਸ਼ਿਆਰੀ ਨਾਲ ਹੇਠਾਂ ਬੈਠ ਗਿਆ। ਇੰਨੇ ਨੂੰ ਦੋਸ਼ੀ ਦੂਜਾ ਫਾਇਰ ਕਰਦਾ ਕਿ ਉਸ ਦੇ ਸਾਥੀ ਗੁਰਜੀਤ ਸਿੰਘ ਵੱਲੋਂ ਰਾਈਫਲ ਅੱਗੋਂ ਫੜ ਕੇ ਉਪਰ ਨੂੰ ਕਰ ਦੇਣ ਕਾਰਨ ਗੋਲੀ ਹਵਾ 'ਚ ਚੱਲ ਗਈ। ਗਗਨ ਸਮੇਤ ਉਸ ਦੇ ਦੂਜੇ ਸਾਥੀ ਵੀ ਸਾਡੇ ਗਲ਼ ਪੈ ਗਏ। ਇਸ ਦੌਰਾਨ ਸਾਡੇ ਵੱਲੋਂ ਰੌਲਾ ਪਾਉਣ 'ਤੇ ਕਥਿਤ ਤਿੰਨੇ ਦੋਸ਼ੀ ਆਪਣੀ ਗੱਡੀ 'ਚ ਰਾਈਫਲ ਸਮੇਤ ਫਰਾਰ ਹੋ ਗਏ।
