ਮਾਛੀਵਾੜਾ ਦੇ ਨੇੜਲੇ ਪਿੰਡ ''ਚ ਰਾਤ ਨੂੰ ਚੱਲੀਆਂ ਗੋਲੀਆਂ, ਬੁਰੀ ਤਰ੍ਹਾਂ ਸਹਿਮੇ ਲੋਕ
Friday, Mar 06, 2020 - 01:24 PM (IST)
ਮਾਛੀਵਾੜਾ ਸਾਹਿਬ (ਜਗਰੂਪ, ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਕਾਰਨ 2 ਘਰਾਂ ਦੇ ਦਰਵਾਜ਼ਿਆਂ 'ਤੇ ਗੋਲੀ ਦਾਗਣ ਦੀ ਖਬਰ ਮਿਲੀ ਹੈ, ਜਿਸ ਤੋਂ ਬਾਅਦ ਪੁਲਸ ਵਲੋਂ ਪਿੰਡ ਦੇ ਹੀ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਬਲੀਏਵਾਲ ਵਾਸੀ ਸੁੱਚਾ ਰਾਮ ਨੇ ਥਾਣਾ ਕੂੰਮਕਲਾਂ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 23 ਫਰਵਰੀ ਨੂੰ ਉਸ ਦੀ ਪਤਨੀ ਨਾਲ ਪਿੰਡ ਵਾਸੀ ਗੁਰਜੰਟ ਸਿੰਘ, ਕੁਲਦੀਪ ਸਿੰਘ ਤੇ ਹੋਰ ਲੋਕਾਂ ਨੇ ਕੁੱਟਮਾਰ ਕੀਤੀ, ਜਿਸ ਸਬੰਧੀ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਸੀ।ਸ਼ੀਆਂ ਨੇ ਅਦਾਲਤ 'ਚੋਂ ਪੇਸ਼ਗੀ ਜ਼ਮਾਨਤ ਕਰਵਾ ਲਈ, ਜਿਸ ਕਾਰਨ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ। ਬੀਤੀ ਰਾਤ 10.30 ਵਜੇ ਦੇ ਕਰੀਬ ਜਦੋਂ ਉਸ ਦਾ ਪਰਿਵਾਰ ਸੌਂ ਰਿਹਾ ਸੀ ਤਾਂ ਇੱਕ ਫਾਇਰ ਦੀ ਅਵਾਜ਼ ਆਈ, ਜਿਸ ਕਾਰਨ ਪਰਿਵਾਰ ਸਹਿਮ ਗਿਆ ਅਤੇ ਜਦੋਂ ਸੁੱਚਾ ਰਾਮ ਨੇ ਘਰ ਦੇ ਬਾਹਰ ਜਾ ਕੇ ਲੋਹੇ ਦੇ ਮੇਨ ਗੇਟ ਵੱਲ ਦੇਖਿਆ ਤਾਂ ਉਥੇ ਗੋਲੀ ਦੇ ਨਿਸ਼ਾਨ ਨਾਲ ਛੇਕ ਹੋਇਆ ਸੀ। ਬਿਆਨ ਕਰਤਾ ਸੁੱਚਾ ਰਾਮ ਮੁਤਾਬਕ ਉਸ ਨੂੰ ਪੂਰਾ ਯਕੀਨ ਹੈ ਕਿ ਇਹ ਫਾਇਰ ਗੁਰਜੰਟ ਸਿੰਘ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕੀਤਾ ਹੈ ਕਿਉਂਕਿ ਇਹ ਵਿਅਕਤੀ ਉਸ ਦੇ ਪਰਿਵਾਰ ਨੂੰ ਧਮਕੀਆਂ ਦਿੰਦੇ ਸਨ।
ਇਸ ਤੋਂ ਇਲਾਵਾ ਪਿੰਡ ਦੇ ਹੀ ਵਾਸੀ ਭਜਨ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਉਸ ਦੇ ਘਰ ਬਾਹਰ ਵੀ ਇੱਕ ਪਟਾਕਾ ਚੱਲਣ ਦੀ ਅਵਾਜ਼ ਆਈ। ਉਸ ਸਮੇਂ ਪਰਿਵਾਰ ਨੇ ਸੋਚਿਆ ਕਿ ਘਰ ਦੇ ਬਾਹਰ ਕੋਈ ਟਾਇਰ ਫਟਿਆ ਹੋਵੇਗਾ ਪਰ ਜਦੋਂ ਸਵੇਰੇ ਉਸ ਨੇ ਉੱਠ ਕੇ ਦੇਖਿਆ ਤਾਂ ਪੌੜੀਆਂ 'ਤੇ ਗੋਲੀ ਲੱਗਣ ਦੇ ਨਿਸ਼ਾਨ ਸਨ।
ਪਿੰਡ 'ਚ ਦਹਿਸ਼ਤ ਦਾ ਮਾਹੌਲ, ਪੁਲਸ ਖਿਲਾਫ਼ ਨਾਅਰੇਬਾਜ਼ੀ
ਪਿੰਡ 'ਚ ਦੋ ਥਾਵਾਂ 'ਤੇ ਗੋਲੀ ਚੱਲਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ, ਜਿਸ 'ਤੇ ਪਿੰਡ ਵਾਸੀਆਂ ਨੇ ਕੂੰਮਕਲਾਂ ਪੁਲਸ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇੱਥੇ ਕੁੱਝ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ ਨੂੰ ਪੁਲਸ ਨੱਥ ਪਾਉਣ 'ਚ ਨਾਕਾਮ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਕੋਈ ਸਖਤ ਕਾਰਵਾਈ ਨਾ ਹੋਈ ਤਾਂ ਉਹ ਇਕੱਠੇ ਹੋ ਕੇ ਪੁਲਸ ਪ੍ਰਸਾਸ਼ਨ ਖਿਲਾਫ਼ ਧਰਨਾ ਲਾਉਣ ਲਈ ਮਜ਼ਬੂਰ ਹੋ ਜਾਣਗੇ। ਦੂਜੇ ਪਾਸੇ ਜਦੋਂ ਇਸ ਸਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਹੱਥ 'ਚ ਲੈਣ ਵਾਲਿਆਂ ਅਤੇ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ। ਫਿਲਹਾਲ ਇੱਕ ਘਰ 'ਤੇ ਗੋਲੀ ਚਲਾਉਣ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੂਜੇ ਘਰ 'ਤੇ ਗੋਲੀ ਚੱਲਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।