ਮੇਲ ਵਾਲੀ ਰਾਤ ਲਾੜੇ ਦੇ ਦੋਸਤ ਹੋਏ ਟੱਲੀ, ਕੀਤੀ ਘਟੀਆ ਕਰਤੂਤ
Tuesday, Mar 13, 2018 - 11:19 AM (IST)

ਮਾਜਰੀ (ਪਾਬਲਾ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਗੋਚਰ ਵਿਖੇ ਇਕ ਵਿਆਹ ਸਮਾਗਮ ਵਿਚ ਕੁਝ ਸ਼ਰਾਬੀ ਨੌਜਵਾਨਾਂ ਵੱਲੋਂ ਵਿਆਹ ਵਿਚ ਆਏ ਰਿਸ਼ਤੇਦਾਰਾਂ ਨਾਲ ਧੱਕਾ-ਮੁੱਕੀ ਕਰਨ ਅਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗੋਚਰ ਦੇ ਵਸਨੀਕ ਰਾਮਕਰਨ ਦੇ ਲੜਕੇ ਦਾ ਵਿਆਹ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਮੇਲ ਵਾਲੀ ਰਾਤ ਨੂੰ ਪਾਰਟੀ ਰੱਖੀ ਹੋਈ ਸੀ, ਜਿਸ ਵਿਚ ਸ਼ਾਮਲ ਹੋਣ ਲਈ ਲਾੜੇ ਨੇ ਨੇੜਲੇ ਪਿੰਡ ਦੇ ਆਪਣੇ ਦੋ ਦੋਸਤਾਂ ਨੂੰ ਕਾਰਡ ਦਿੱਤੇ ਸਨ ਪਰ ਉਹ ਆਪਣੇ ਨਾਲ ਕੁਝ ਹੋਰ ਨੌਜਵਾਨਾਂ ਨੂੰ ਲੈ ਕੇ ਸਮਾਗਮ ਵਿਚ ਸ਼ਾਮਲ ਹੋਏ ਅਤੇ ਸ਼ਰਾਬ ਪੀਣ ਲੱਗੇ। ਇਸ ਦੌਰਾਨ ਉਹ ਰਾਮਕਰਨ ਦੇ ਰਿਸ਼ਤੇਦਾਰਾਂ ਨਾਲ ਧੱਕਾ-ਮੁੱਕੀ ਤੇ ਗਾਲੀ-ਗਲੋਚ ਕਰਨ ਲੱਗੇ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਇਸ ਉਪਰੰਤ ਉਹ ਇੰਡੋ ਗਲੋਬਲ ਕਾਲਜ ਨੇੜੇ ਆਪਣੀ ਕਾਰ ਰੋਕ ਕੇ ਖੜ੍ਹੇ ਹੋ ਗਏ ਤੇ ਪਾਰਟੀ ਵਿਚੋਂ ਘਰ ਨੂੰ ਵਾਪਸ ਜਾ ਰਹੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਨੂੰ ਗਾਲੀ-ਗਲੋਚ ਕਰਨ ਲੱਗੇ। ਰਿਸ਼ਤੇਦਾਰਾਂ ਨੇ ਜਦੋਂ ਇਸ ਸਬੰਧੀ ਰਾਮਕਰਨ ਨੂੰ ਸੂਚਿਤ ਕੀਤਾ ਤਾਂ ਰਾਮਕਰਨ ਸਮੇਤ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਸ਼ਰਾਬੀ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਪਰ ਉਨ੍ਹਾਂ ਨੌਜਵਾਨਾਂ ਵਿਚੋਂ ਇਕ ਨੇ ਗੋਲੀ ਚਲਾ ਦਿੱਤੀ ਤੇ ਗੱਡੀ ਛੱਡ ਕੇ ਭੱਜ ਗਏ। ਇਸ ਸਬੰਧੀ ਰਾਮਕਰਨ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਡੀ. ਐੱਸ. ਪੀ. ਖਰੜ ਤੇ ਪੁਲਸ ਥਾਣਾ ਮਾਜਰੀ ਵਿਖੇ ਸੂਚਿਤ ਕੀਤਾ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੋਲੀਆਂ ਦੇ 3 ਖੋਲ, 1 ਜ਼ਿੰਦਾ ਕਾਰਤੂਸ ਅਤੇ ਕਾਰ ਕਬਜ਼ੇ ਵਿਚ ਲੈ ਲਈ।
ਕੀ ਕਹਿੰਦੇ ਹਨ ਐੱਸ. ਐੱਚ. ਓ. ਮਾਜਰੀ
ਇਸ ਸਬੰਧੀ ਐੱਸ. ਐੱਚ. ਓ. ਮਾਜਰੀ ਜਗਦੀਪ ਸਿੰਘ ਬਰਾੜ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਦਈ (ਰਾਮਕਰਨ) ਵਗੈਰਾ ਆਪਣੇ ਲੜਕੇ ਦੇ ਵਿਆਹ 'ਤੇ ਗਏ ਹੋਏ ਹਨ, ਜਦਂੋ ਉਹ ਵਿਆਹ ਤੋਂ ਵਾਪਸ ਆ ਕੇ ਬਿਆਨ ਲਿਖਵਾਉਣਗੇ ਤਾਂ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਾਵੇਗਾ।