ਲੁਧਿਆਣਾ ''ਚ ਗੁਰਦੁਆਰਾ ਸਾਹਿਬ ''ਤੇ ਕਬਜ਼ੇ ਦੀ ਕੋਸ਼ਿਸ਼, ਨਿਹੰਗ ਸਿੰਘ ਨੇ ਚਲਾਈ ਗੋਲੀ
Sunday, Jul 02, 2023 - 04:13 PM (IST)
ਲੁਧਿਆਣਾ (ਰਾਜ) : ਇੱਥੇ ਪਿੰਡ ਜਰਖ਼ੜ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਉਸ ਵੇਲੇ ਝਗੜਾ ਹੋ ਗਿਆ, ਜਦੋਂ ਕੁੱਝ ਲੋਕਾਂ ਨੇ ਅੰਦਰ ਆ ਕੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਤਾਲੇ ਤੋੜ ਦਿੱਤੇ ਅਤੇ ਨਵੇਂ ਤਾਲੇ ਜੜ ਦਿੱਤੇ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ 'ਤੇ ਗੋਲੀ ਚਲਾ ਦਿੱਤੀ, ਜੋ ਕਿ ਵਾਲ-ਵਾਲ ਬਚ ਗਏ। ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਹੈ। ਦੋਸ਼ੀਆਂ ਨੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਉਖਾੜ ਦਿੱਤਾ। ਲੋਕਾਂ ਦੇ ਇਕੱਠਾ ਹੋਣ 'ਤੇ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ਮਗਰੋ ਥਾਣਾ ਡੇਹਲੋਂ ਦੀ ਪੁਲਸ ਮੌਕੇ 'ਤੇ ਪੁੱਜੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਇੰਚਾਰਜ! ਹਰੀਸ਼ ਚੌਧਰੀ ਨੇ ਅਹੁਦਾ ਛੱਡਣ ਦੀ ਕੀਤੀ ਪੇਸ਼ਕਸ਼
ਪੁਲਸ ਨੇ ਜੋਰਾਵਰ ਸਿੰਘ ਦੇ ਬਿਆਨਾਂ 'ਤੇ 2 ਦਰਜਨ ਦੇ ਕਰੀਬ ਦੋਸ਼ੀਆਂ 'ਤੇ ਕੇਸ ਦਰਜ ਕੀਤਾ। ਦੋਸ਼ੀ ਸਰੂਪ ਸਿੰਘ, ਪਾਲ ਸਿੰਘ, ਗਗਨਦੀਪ ਸਿੰਘ, ਹਰਬੰਸ ਸਿੰਘ, ਅਜੇਪਾਲ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਸ਼ਿੰਦੀ, ਬਲਜੀਤ ਸਿੰਘ ਅਤੇ 12 ਅਣਪਛਾਤੇ ਲੋਕ ਹਨ। ਪਿੰਡ ਜਰਖ਼ੜ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਜੋਰਾਵਰ ਸਿੰਘ ਬਤੌਰ ਹੈੱਡ ਗ੍ਰੰਥੀ ਹਨ, ਜਦੋਂ ਕਿ ਜਰਨੈਲ ਸਿੰਘ ਜਰਨਲ ਸਕੱਤਰ ਦੇ ਤੌਰ 'ਤੇ ਕੰਮ ਕਰਦੇ ਹਨ। ਸ਼ਨੀਵਾਰ ਦੀ ਦੁਪਹਿਰ ਨੂੰ ਉਹ ਗੁਰਦੁਆਰਾ ਸਾਹਿਬ 'ਚ ਬੈਠੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਆਉਣ ਦਾ ਖ਼ਤਰਾ! ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)
ਇਸ ਦੌਰਾਨ ਉਕਤ ਦੋਸ਼ੀ ਗੁਰਦੁਆਰਾ ਸਾਹਿਬ 'ਚ ਆ ਗਏ। ਆਉਂਦੇ ਹੀ ਦੋਸ਼ੀਆਂ ਨੇ ਅੰਦਰ ਪਈ ਗੋਲਕ ਦੇ ਤਾਲੇ ਤੋੜ ਦਿੱਤੇ ਅਤੇ ਆਪਣੇ ਨਵੇਂ ਤਾਲੇ ਲਾ ਦਿੱਤੇ। ਦੋਸ਼ੀਆਂ ਨੇ ਦਫ਼ਤਰ 'ਚ ਵੀ ਆਪਣੇ ਤਾਲੇ ਲਾ ਦਿੱਤੇ। ਅਜਿਹਾ ਕਰਕੇ ਦੋਸ਼ੀਆਂ ਨੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਹੈੱਡ ਗ੍ਰੰਥੀ ਤੇ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਦੋਸ਼ੀ ਨੇ ਜਰਨੈਲ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਉਸ ਦਾ ਬਚਾਅ ਹੋ ਗਿਆ। ਦੋਸ਼ੀ ਨੇ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰ ਵੀ ਕੀਤੇ। ਫਿਲਹਾਲ ਪੁਲਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਨ ਦੀ ਗੱਲ ਕਹੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ