ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

Tuesday, Jul 21, 2020 - 12:40 AM (IST)

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਦਸੂਹਾ,(ਝਾਵਰ)-ਅੱਜ ਸ਼ਾਮ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਦਫਤਰ ਮਾਰਕੀਟ ਕਮੇਟੀ ਦਸੂਹਾ ਦੇ ਸਾਹਮਣੇ ਦਾਣਾ ਮੰਡੀ ਵਿਖੇ ਸੈਣੀ ਮੋਟਰਜ਼ ਪ੍ਰਾਪਰਟੀ ਡੀਲਰਜ਼ 'ਤੇ ਸੇਲ-ਪ੍ਰਚੇਜ ਦਾ ਕੰਮ ਕਰਨ ਵਾਲੇ ਵਿਅਕਤੀ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਸੈਣੀ ਮੋਟਰਜ਼ ਪ੍ਰਾਪਰਟੀ ਡੀਲਰਜ਼ 'ਤੇ ਸੇਲ-ਪ੍ਰਚੇਜ ਦਾ ਕੰਮ ਕਰਨ ਵਾਲੇ ਪਰਮਜੀਤ ਸਿੰਘ ਸੈਣੀ ਪੁੱਤਰ ਕੁਲਵੰਤ ਸਿੰਘ ਸੈਣੀ ਵਾਸੀ ਪਿੰਡ ਦੇਵੀਦਾਸ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਕੇ ਅਣਪਛਾਤੇ ਮੋਟਰਸਾਈਕਲ ਸਵਾਰ ਭਂੱਜਣ ਵਿਚ ਸਫਲ ਹੋ ਗਏ। ਜਦ ਕਿ ਪਰਮਜੀਤ ਸਿੰਘ ਦੇ ਇਕ ਪੱਟ ਵਿਚ ਗੋਲੀ ਲੱਗੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਜ਼ਿਆਦਾ ਖੂਨ ਵਗਣ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਦੋਂ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਤਾਂ ਦਾਣਾ ਮੰਡੀ ਦੇ ਆਲੇ-ਦੁਆਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਭਗਦੜ ਮਚ ਗਈ। ਮੌਕੇ 'ਤੇ ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ ਅਤੇ ਥਾਣਾ ਮੁਖੀ ਗੁਰਦੇਵ ਸਿੰਘ ਪੁਲਸ ਫੋਰਸ ਨਾਲ ਪਹੁੰਚੇ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਅਨਿਲ ਭਨੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਪਾਰਟੀਆਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰ ਰਹੀਆਂ ਹਨ। ਥਾਣਾ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਗੋਲੀਆਂ ਚੱਲੀਆਂ, ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਬਾਰੀਕੀ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ।


author

Deepak Kumar

Content Editor

Related News