ਮਾਹਿਲਪੁਰ ’ਚ ਜਿਊਲਰਜ਼ ਦੀ ਦੁਕਾਨ ’ਤੇ ਫਾਇਰਿੰਗ
Tuesday, May 23, 2023 - 08:58 PM (IST)
ਮਾਹਿਲਪੁਰ (ਜਸਵੀਰ)-ਬੀਤੀ ਰਾਤ ਮਾਹਿਲਪੁਰ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਰੀਬ 10 ਵਜੇ ਫਗਵਾੜਾ ਰੋਡ ’ਤੇ ਅਣਪਛਾਤੇ ਵਿਅਕਤੀ ਇਕ ਜਿਊਲਰਜ਼ ਦੀ ਬੰਦ ਪਈ ਦੁਕਾਨ ਦੇ ਸ਼ਟਰ ’ਚ ਦੋ ਗੋਲੀਆਂ ਮਾਰ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਨਾਰਾਇਣ ਜਿਊਲਰਜ਼ ਦੇ ਮਾਲਕ ਅਵਿਨਾਸ਼ ਪੁੱਤਰ ਖੁਸ਼ੀ ਰਾਮ ਵਾਸੀ ਸੈਲਾ ਖੁਰਦ ਨੇ ਦੱਸਿਆ ਕਿ ਉਸ ਦੇ ਲੜਕੇ ਦਿਨੇਸ਼ ਤੇ ਰਾਹੁਲ ਬੀਤੀ ਰਾਤ ਕਰੀਬ 7 ਵਜੇ ਦੁਕਾਨ ਬੰਦ ਕਰ ਕੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਕਰੀਬ 10 ਵਜੇ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਕਿਸੇ ਨੇ ਫੋਨ ’ਤੇ ਦਿੱਤੀ।
ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੌਕੇ ਪਹੁੰਚ ਕੇ ਵੇਖਿਆ ਤਾਂ ਦੁਕਾਨ ’ਤੇ ਸ਼ਟਰ ’ਚ ਕਰੀਬ ਦੋ ਗੋਲੀਆਂ ਦੇ ਨਿਸ਼ਾਨ ਸਨ । ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੁਕਾਨ ਖੋਲ੍ਹ ਕੇ ਵੇਖੀ ਤਾਂ ਦੁਕਾਨ ਅੰਦਰ ਲੱਗੇ ਸ਼ੀਸ਼ੇ ’ਚ ਦੋ ਗੋਲੀਆਂ ਦੇ ਨਿਸ਼ਾਨ ਸਨ ਅਤੇ ਸ਼ੀਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ, ਜਿਸ ’ਚ ਤਿੰਨ ਮੂੰਹ ਬੰਨ੍ਹੇ ਵਿਅਕਤੀ ਦਿਖਾਈ ਦੇ ਰਹੇ ਹਨ। ਮੌਕੇ ’ਤੇ ਡੀ. ਐੱਸ. ਪੀ. ਦਲਜੀਤ ਖੱਖ ਗੜ੍ਹਸ਼ੰਕਰ, ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਅਤੇ ਥਾਣਾ ਸਦਰ ਦੇ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।