ਪੈਸਿਆਂ ਦੇ ਲੈਣ-ਦੇਣ ਨੂੰ ਲੈ ਦੋ ਘਰਾਂ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ, 22 ਖ਼ਿਲਾਫ਼ ਮਾਮਲਾ ਦਰਜ

Saturday, Jul 13, 2024 - 11:27 AM (IST)

ਪੈਸਿਆਂ ਦੇ ਲੈਣ-ਦੇਣ ਨੂੰ ਲੈ ਦੋ ਘਰਾਂ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ, 22 ਖ਼ਿਲਾਫ਼ ਮਾਮਲਾ ਦਰਜ

ਤਰਨਤਾਰਨ (ਰਮਨ)-ਪੈਸਿਆਂ ਦੇ ਲੈਣ-ਦੇਣ ਨੂੰ ਲੈ ਦੋ ਘਰਾਂ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕਰਦੇ ਹੋਏ 22 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋ ਘਰਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਵਾਰਦਾਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ’ਚ ਕਾਫੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਮਹਿਲ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 4 ਵਜੇ ਜਦੋਂ ਉਹ ਅਤੇ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਤੀਰਥ ਸਿੰਘ ਵਾਸੀਆਨ ਮਾੜੀ ਮੇਘਾ ਆਪਣੀ ਗੱਡੀ ’ਚ ਭਿੱਖੀਵਿੰਡ ਵਾਲੀ ਸਾਈਡ ਤੋਂ ਆਪਣੇ ਘਰ ਵਾਪਸ ਆ ਰਹੇ ਸਨ ਤਾਂ ਉਸਦੇ ਘਰ ਅੱਗੇ ਕਾਫੀ ਗੱਡੀਆਂ ਅਤੇ ਲੋਕ ਖੜ੍ਹੇ ਹੋਏ ਸਨ ਅਤੇ ਉਸ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਬਾਹਰ ਨਿਕਲ ਕੇ ਵੇਖਿਆ ਕਿ ਜਗਰੂਪ ਸਿੰਘ ਉਰਫ ਜੂਪਾ ਪੁੱਤਰ ਸੁਖਵਿੰਦਰ ਸਿੰਘ ਤੋਂ ਇਲਾਵਾ 15 ਹੋਰ ਅਣਪਛਾਤੇ ਵਿਅਕਤੀ ਘਰ ’ਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਜਾਨ ਤੋਂ ਮਾਰਨ ਇਮਾਰਤ ਦੀ ਨੀਅਤ ਨਾਲ ਫਾਇਰਿੰਗ ਕਰ ਰਹੇ ਸਨ।

ਇਹ ਵੀ ਪੜ੍ਹੋ-  ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਇਸ ਸਥਿਤੀ ਨੂੰ ਵੇਖਦੇ ਹੋਏ ਉਸਨੇ ਜਦੋਂ ਰੌਲਾ ਪਾਇਆ ਤਾਂ ਹੋਰ ਲੋਕ ਇਕੱਠੇ ਹੋ ਗਏ, ਜਿਸ ਨੂੰ ਵੇਖ ਕੇ ਉਕਤ ਸਾਰੇ ਮੁਲਜ਼ਮ ਆਪਣੀਆਂ ਗੱਡੀਆਂ ’ਚ ਸਵਾਰ ਹੋ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਫਾਇਰਿੰਗ ਦੌਰਾਨ ਉਸਦੇ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਕੰਧਾਂ ’ਚ ਗੋਲੀਆਂ ਵੱਜੀਆਂ ਹੋਈਆਂ ਹਨ ਅਤੇ ਸ਼ੀਸ਼ੇ ਟੁੱਟ ਚੁੱਕੇ ਹਨ। ਮਹਿਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਬੜੀ ਮੁਸ਼ਕਿਲ ਨਾਲ ਲੁੱਕ ਕੇ ਹਮਲਾਵਰਾਂ ਕੋਲੋਂ ਜਾਨ ਬਚਾਈ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਉਸਦੇ ਲੜਕੇ ਰੋਬਿਨ ਪ੍ਰੀਤ ਸਿੰਘ ਨਾਲ ਜਗਰੂਪ ਸਿੰਘ ਉਰਫ ਜੂਪਾ ਦਾ ਕੋਈ ਪੈਸਿਆਂ ਦਾ ਲੈਣ-ਦੇਣ ਚੱਲਦਾ ਸੀ, ਜਿਸ ਕਰਕੇ ਇਹ ਹਮਲਾ ਕੀਤਾ ਗਿਆ ਹੈ।

ਓਧਰ ਦੂਸਰੇ ਮਾਮਲੇ ’ਚ ਸੁਖਵਿੰਦਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ 10 ਜੁਲਾਈ ਦੀ ਰਾਤ ਕਰੀਬ 10 ਵਜੇ ਜਦੋਂ ਘਰ ’ਚ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ ਤਾਂ ਕਰੀਬ 11.30 ਵਜੇ ਰੋਬਿਨ ਪ੍ਰੀਤ ਸਿੰਘ ਪੁੱਤਰ ਮਹਿਲ ਸਿੰਘ, ਨਿਸ਼ਾਨ ਸਿੰਘ ਪੁੱਤਰ ਮਹਿਲ ਸਿੰਘ ਅਤੇ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਮੇਘਾ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਪਿਸਤੌਲ ਅਤੇ 315 ਬੋਰ ਰਾਈਫਲ ਮੌਜੂਦ ਸੀ, ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧੇ ਘਰ ਉੱਪਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ। ਇਸ ਫਾਇਰਿੰਗ ਦੌਰਾਨ ਘਰ ਦੀ ਛੱਤ ਉੱਪਰ ਮੌਜੂਦ ਪਰਿਵਾਰਕ ਮੈਂਬਰਾਂ ਨੇ ਲੰਬੇ ਪੈ ਕੇ ਆਪਣੀ ਜਾਨ ਬਚਾਈ ਅਤੇ ਕੁਝ ਮੈਂਬਰ ਘਰ ਅੰਦਰ ਲੁਕ ਗਏ। ਇਸ ਫਾਇਰਿੰਗ ਦੌਰਾਨ ਘਰ ’ਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਉਸਦੇ ਲੜਕੇ ਜਗਰੂਪ ਸਿੰਘ ਨੇ ਰੋਬਿਨ ਪ੍ਰੀਤ ਸਿੰਘ ਪਰਸੋਂ 4 ਲੱਖ ਰੁਪਏ ਲੈਣੇ ਸਨ ਅਤੇ ਜਦੋਂ ਪੈਸੇ ਮੰਗੇ ਤਾਂ ਹਮਲਾਵਰਾਂ ਨੇ ਘਰ ਉੱਪਰ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ-  ਜੰਮੂ-ਕਸ਼ਮੀਰ ’ਚ ਦਿਨੋਂ-ਦਿਨ ਵੱਧ ਰਹੀ ਹੈ ਪੰਜਾਬੀ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 96 ਫੀਸਦੀ ਹੋਇਆ ਵਾਧਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮਾਮਲਿਆਂ ’ਚ ਆਪਸੀ ਪੈਸੇ ਦਾ ਲੈਣ-ਦੇਣ ਸੀ, ਜਿਸ ਕਾਰਨ ਇਕ ਦੂਸਰੇ ਦੇ ਘਰਾਂ ਉੱਪਰ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਵੱਲੋਂ ਕੁੱਲ 22 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News