ਫਾਇਰਿੰਗ ਅਤੇ ਦਾਤਰ ਮਾਰ ਲੁਟੇਰਿਆਂ ਨੇ ਨੌਜਵਾਨਾਂ ਤੋਂ ਖੋਹਿਆ ਮੋਟਰਸਾਈਕਲ, ਮੌਕੇ ਤੋਂ ਹੋਏ ਫ਼ਰਾਰ

Monday, Mar 07, 2022 - 11:36 AM (IST)

ਫਾਇਰਿੰਗ ਅਤੇ ਦਾਤਰ ਮਾਰ ਲੁਟੇਰਿਆਂ ਨੇ ਨੌਜਵਾਨਾਂ ਤੋਂ ਖੋਹਿਆ ਮੋਟਰਸਾਈਕਲ, ਮੌਕੇ ਤੋਂ ਹੋਏ ਫ਼ਰਾਰ

ਤਰਨਤਾਰਨ (ਰਾਜੂ, ਬਲਵਿੰਦਰ ਕੌਰ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੱਕ ਮਹਿਰ ਵਿਖੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਵੱਲੋਂ ਇਕ ਨੌਜਵਾਨ ਨੂੰ ਗੋਲੀ ਅਤੇ ਦੂਸਰੇ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਗੁਰਨਿਸ਼ਾਨ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਦਿਲਾਵਰਪੁਰ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਵਿਜੈ ਸਿੰਘ ਪੁੱਤਰ ਨਿਰਵੈਲ ਸਿੰਘ ਨਾਲ ਮੇਲਾ ਵੇਖਣ ਲਈ ਫਤਿਆਬਾਦ ਗਏ ਸੀ। ਮੇਲਾ ਵੇਖਣ ਤੋਂ ਬਾਅਦ ਉਹ ਦੋਵੇਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਪਿੰਡ ਨੂੰ ਆ ਰਹੇ ਸੀ। ਇਸ ਦੌਰਾਨ ਜਦੋਂ ਉਹ ਰਾਤ ਕਰੀਬ 9 ਵਜੇ ਪੁਲ ਨਹਿਰ ਚੱਕ ਮਹਿਰ ਕੋਲ ਪੁੱਜੇ ਤਾਂ ਪਿੱਛੋਂ 3 ਨੌਜਵਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਇਕਦਮ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। 

ਇਸ ਦੌਰਾਨ ਇਕ ਨੌਜਵਾਨ ਨੇ ਆਪਣੇ ਪਿਸਟਲ ਨਾਲ ਉਸ ਦੇ ਦੋਸਤ ਵਿਜੈ ਸਿੰਘ ਦੀ ਸੱਜੀ ਬਾਂਹ ਉਪਰ ਗੋਲੀ ਮਾਰ ਦਿੱਤੀ, ਜਦਕਿ ਮੋਟਰਸਾਈਕਲ ਦੇ ਵਿਚਕਾਰ ਬੈਠੇ ਨੌਜਵਾਨ ਨੇ ਦਾਤਰ ਨਾਲ ਉਸ ਦੇ ਸਿਰ ਉਪਰ ਵਾਰ ਕੀਤਾ, ਜਿਸ ਨਾਲ ਉਹ ਦੋਵੇਂ ਜ਼ਖ਼ਮੀ ਹੋ ਗਏ। ਉਕਤ ਮੁਲਜ਼ਮ ਉਸ ਦਾ ਮੋਟਰਸਾਈਕਲ ਭਜਾ ਕੇ ਲੈ ਗਏ। ਉਸ ਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਸ ਦੇ ਦੋਸਤ ਦੇ ਪਿਤਾ ਨਿਰਵੈਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਦਾਖਲ ਕਰਵਾਇਆ ਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News