ਪਿੰਡ ਔਲਖ ’ਚ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਕੁਲਵਿੰਦਰ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ
Saturday, Feb 03, 2024 - 04:25 PM (IST)
ਮਲੋਟ (ਸ਼ਾਮ ਜੁਨੇਜਾ) : 26 ਜਨਵਰੀ ਨੂੰ ਪਿੰਡ ਔਲਖ ਵਿਖੇ ਰੇਤੇ ਦੇ ਪੈਸੇ ਲੈਣ ਨੂੰ ਲੈ ਕੇ ਹੋਏ ਵਿਵਾਦ ਵਿਚ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਇਆ ਪਿੰਡ ਔਲਖ ਦਾ ਕੁਲਵਿੰਦਰ ਸਿੰਘ 7 ਦਿਨਾਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਿਆ ਹੈ। ਇਸ ਮਾਮਲੇ ਵਿਚ ਸਦਰ ਮਲੋਟ ਪੁਲਸ ਨੇ ਇਰਾਦਾ ਕਤਲ ਮਾਮਲੇ ਨੂੰ ਕਤਲ ਦੇ ਦੋਸ਼ਾਂ ਵਿਚ ਤਬਦੀਲ ਕਰ ਦਿੱਤਾ ਹੈ। ਪੁਲਸ ਨੇ ਮਾਮਲੇ ਵਿਚ ਸ਼ਾਮਲ ਦੋਸ਼ੀ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ ਮਲੋਟ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਔਲਖ ਵੱਲੋਂ ਪਿੰਡ ਔਲਖ ਅੱਡੇ ’ਤੇ ਰੇਤਾ ਸੀਮੈਂਟ ਦੀ ਦੁਕਾਨ ਕਰਦੇ ਮੁਨੀਸ਼ ਕੁਮਾਰ ਅਤੇ ਉਸਦੇ ਭਰਾ ਹਰੀਸ਼ ਕੁਮਾਰ ਤੋਂ ਰੇਤੇ ਦੇ 18 ਹਜ਼ਾਰ ਰੁਪਏ ਦੇ ਕਰੀਬ ਬਕਾਇਆ ਪੈਸੇ ਲੈਣੇ ਸਨ ਜਦ ਉਹ ਦੁਕਾਨ ’ਤੇ ਪੈਸੇ ਲੈਣ ਗਿਆ ਤਾਂ ਉਥੇ ਹੋਏ ਝਗੜੇ ਦੌਰਾਨ ਮਨੀਸ਼ ਕੁਮਾਰ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ।
ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਢਾਣੀ ਭਲਾਈਆਨਾ ਦੇ ਬਿਆਨਾਂ ਵਿਚ ਦੱਸਿਆ ਸੀ ਕਿ ਉਸਦੇ ਮਾਮੇ ਸਹੁਰੇ ਕੁਲਵਿੰਦਰ ਸਿੰਘ ਜਿਸ ਦੇ ਕਰੀਬ 18 ਹਜ਼ਾਰ ਰੁਪਏ ਬਕਾਇਆ ਲੈਣੇ ਸਨ। ਕੁਲਵਿੰਦਰ ਸਿੰਘ 26 ਜਨਵਰੀ ਨੂੰ ਪੈਸੇ ਲੈਣ ਗਿਆ ਤਾਂ ਮੁਨੀਸ਼ ਕੁਮਾਰ ਤੇ ਹਰੀਸ਼ ਕੁਮਾਰ ਨੇ ਉਸ ’ਤੇ ਹਮਲਾ ਕਰ ਦਿੱਤਾ। ਮੁਨੀਸ਼ ਕੁਮਾਰ ਨੇ ਡੱਬ ਵਿਚੋਂ ਆਪਣਾ ਰਿਵਾਲਵਰ ਕੱਢ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਜਿਹੜੀਆਂ ਕੁਲਵਿੰਦਰ ਸਿੰਘ ਦੇ ਸਿਰ ਅਤੇ ਪੇਟ ਵਿਚ ਲੱਗੀਆਂ। ਗੋਲੀਆਂ ਚਲਾਉਣ ਤੋਂ ਬਾਅਦ ਮਨੀਸ਼ ਕੁਮਾਰ ਤੇ ਹਰੀਸ਼ ਕੁਮਾਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਕੁਲਵਿੰਦਰ ਸਿੰਘ ਨੂੰ ਪਹਿਲਾਂ ਮਲੋਟ ਦੇ ਸਰਕਾਰੀ ਹਸਪਤਾਲ ਅਤੇ ਫਿਰ ਫਰੀਦਕੋਟ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਗਿਆ। ਜਿੱਥੇ ਉਹ ਦਮ ਤੋੜ ਗਿਆ।
ਇਸ ਮਾਮਲੇ ’ਤੇ ਸਦਰ ਮਲੋਟ ਪੁਲਸ ਨੇ ਮਨੀਸ਼ ਕੁਮਾਰ ਛਾਬੜਾ ਅਤੇ ਹਰੀਸ਼ ਕੁਮਾਰ ਪੁਤਰਾਨ ਰਾਜ ਕੁਮਾਰ ਵਾਸੀ ਨੇੜੇ ਬਹਾਦੁਰ ਚੰਦ ਫੈਕਟਰੀ ਮਲੋਟ ਵਿਰੁੱਧ ਐੱਫ. ਆਈ. ਆਰ. ਨੰਬਰ 12 ਮਿਤੀ 27 /1 /24 ਅ/ਧ 323, 307,506,34ਆਈ ਪੀ ਸੀ, 25/27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਸ ਨੇ ਇਸ ਵਿਚ ਕਤਲ ਦੋ ਧਾਰਾ ਜੋੜ ਦਿੱਤੀਆਂ ਹਨ। ਡੀ. ਐੱਸ. ਪੀ. ਮਲੋਟ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਮੁਨੀਸ਼ ਕੁਮਾਰ ਛਾਬੜਾ ਸਾਬਕਾ ਡਿਪਟੀ ਸਪੀਕਰ ਦੇ ਸਪੁੱਤਰ ਨਾਲ 5 ਸਾਲ ਨਿੱਜੀ ਸਹਾਇਕ ਵਜੋਂ ਕੰਮ ਕਰਦਾ ਰਿਹਾ ਹੈ ਅਤੇ ਇਸ ਤੋਂ ਬਾਅਦ ਉਸਨੇ ਭਾਜਪਾ ਵਿਚ ਸ਼ਮੂਲੀਅਤ ਕਰ ਲਈ ਸੀ। ਭਾਜਪਾ ਵੱਲੋਂ ਉਸਨੂੰ ਬਲਾਕ ਮਲੋਟ ਦੇ ਯੁਵਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਹੋਇਆ ਹੈ।