ਰੰਜ਼ਿਸ਼ ਕਾਰਨ ਨਿਖਿਲ ’ਤੇ ਚਲਾਈ ਗਈ ਸੀ ਗੋਲ਼ੀ, ਮੁਲਜ਼ਮਾਂ ’ਤੇ ਦਰਜ ਹੋਇਆ ਕੇਸ

Tuesday, Mar 07, 2023 - 06:21 PM (IST)

ਲੁਧਿਆਣਾ (ਰਾਜ) : ਚੰਡੀਗੜ੍ਹ ਰੋਡ ’ਤੇ ਨਿਖਿਲ ’ਤੇ ਗੋਲ਼ੀ ਚਲਾਉਣ ਵਾਲੇ ਮੁਲਜ਼ਮਾਂ ਦੀ ਪਛਾਣ ਫੋਕਲ ਪੁਆਇੰਟ ਦੀ ਪੁਲਸ ਨੇ ਕਰ ਲਈ ਹੈ। ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਰੰਜਿਸ਼ ਕਾਰਨ ਗੱਡੀ ’ਤੇ ਗੋਲੀ ਚਲਾਈ ਸੀ ਜੋ ਨਿਖਿਲ ਦੇ ਜਾ ਲੱਗੀ। ਹਸਪਤਾਲ ਵਿਚ ਜ਼ੇਰੇ ਇਲਾਜ ਨਿਖਿਲ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ਵਿਚ ਪੁਲਸ ਨੇ ਪਿਤਾ ਨਰੇਸ਼ ਦੇ ਬਿਆਨਾਂ ’ਤੇ ਆਕਾਸ਼ਦੀਪ ਉਰਫ ਸੰਜੂ, ਉਸ ਦੇ ਭਰਾ ਅਨਮੋਲ ਸਿੰਘ, ਪਿੰਡ ਮੁੰਡੀਆਂ ਖੁਰਦ ਦੇ ਗੁਰਵਿੰਦਰ ਸਿੰਘ ਅਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦੇ ਯਤਨ, ਆਰਮ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਏ.ਐੱਸ.ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਨਿਖਿਲ ਦੀ ਹਾਲਤ ਅਜੇ ਸਥਿਰ ਬਣੀ ਹੋਈ ਹੈ। ਉਸ ਦੇ ਬਿਆਨ ਦਰਜ ਨਹੀਂ ਹੋ ਸਕੇ। ਉਸ ਦਾ ਆਪ੍ਰੇਸ਼ਨ ਹੋਇਆ ਸੀ ਤਾਂ ਡਾਕਟਰਾਂ ਨੇ ਉਸ ਨੂੰ ਅਰਾਮ ਦੀ ਸਲਾਹ ਦਿੱਤੀ ਹੈ। ਮੁਲਜ਼ਮਾਂ ਦਾ ਪਤਾ ਤਾਂ ਲਗ ਚੁੱਕਾ ਹੈ ਪਰ ਅਜੇ ਸਾਰੇ ਮੁਲਜ਼ਮ ਫਰਾਰ ਹਨ। ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਨਿਖਿਲ ਆਪਣੇ ਦੋਸਤ ਬਲਰਾਜ ਦਿਵਾਂਸ਼ੂ ਅਤੇ ਜਸਮੀਤ ਦੇ ਨਾਲ ਕਾਰ ਵਿਚ ਸਵਾਰ ਹੋ ਕੇ ਕੋਹਾੜਾ ਸਥਿਤ ਰੇਸਤਰਾਂ ਵਿਚ ਖਾਣਾ ਖਾਣ ਲਈ ਗਿਆ ਸੀ। ਰਸਤੇ ਵਿਚ ਮੁਲਜ਼ਮਾਂ ਨੇ ਰੰਜਿਸ਼ ਕਾਰਨ ਗੋਲੀ ਚਲਾ ਦਿੱਤੀ ਜੋ ਸਿੱਧਾਂ ਨਿਖਿਲ ਦੇ ਸਿਰ ’ਤੇ ਜਾ ਲੱਗੀ ਅਤੇ ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਸੀ।


Gurminder Singh

Content Editor

Related News