ਵੱਡੀ ਖ਼ਬਰ : ਚੰਡੀਗੜ੍ਹ ''ਚ ਦੀਵਾਲੀ ''ਤੇ ਨਹੀਂ ਚੱਲਣਗੇ ''ਪਟਾਕੇ'', ਲਾਈ ਗਈ ਮੁਕੰਮਲ ਪਾਬੰਦੀ

Saturday, Nov 07, 2020 - 11:14 AM (IST)

ਵੱਡੀ ਖ਼ਬਰ : ਚੰਡੀਗੜ੍ਹ ''ਚ ਦੀਵਾਲੀ ''ਤੇ ਨਹੀਂ ਚੱਲਣਗੇ ''ਪਟਾਕੇ'', ਲਾਈ ਗਈ ਮੁਕੰਮਲ ਪਾਬੰਦੀ

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਸ ਤਹਿਤ ਅਗਲੇ ਹੁਕਮਾਂ ਤੱਕ ਪਟਾਕਿਆਂ ਨੂੰ ਚਲਾਉਣ ਅਤੇ ਵਿਕਰੀ ’ਤੇ ਰੋਕ ਰਹੇਗੀ। ਪ੍ਰਸ਼ਾਸਨ ਨੇ ਹੁਕਮ 'ਚ ਦੱਸਿਆ ਹੈ ਕਿ ਪਟਾਕਿਆਂ ਨਾਲ ਮਾਹੌਲ ਪ੍ਰਦੂਸ਼ਿਤ ਹੋਣ ਕਾਰਣ ਕੋਰੋਨਾ ਫੈਲਣ ਦਾ ਖ਼ਤਰਾ ਹੈ, ਜਿਸ ਕਾਰਣ ਹੀ ਸਲਾਹਕਾਰ ਮਨੋਜ ਪਰਿਦਾ ਨੇ ਇਸ ਸਬੰਧ 'ਚ ਹੁਕਮ ਜਾਰੀ ਕੀਤੇ ਹਨ। ਆਪਦਾ ਪ੍ਰਬੰਧਨ ਐਕਟ-2005 ਤਹਿਤ ਇਹ ਪਾਬੰਦੀ ਲਾਈ ਗਈ ਹੈ। ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਬੁੱਧਵਾਰ ਨੂੰ ਚੰਡੀਗੜ੍ਹ ਅਤੇ 18 ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਜਵਾਬ 'ਚ ਹੀ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਨੇ ਥਰਮਲਾਂ ਦੀਆਂ ਰੇਲ ਲਾਈਆਂ ਤੋਂ ਚੁੱਕੇ ਧਰਨੇ, ਕੋਲਾ ਸਪਲਾਈ ਬਹਾਲ ਹੋਣ ਦੀ ਸੰਭਾਵਨਾ

PunjabKesari
ਉਲੰਘਣਾ ’ਤੇ ਹੋਵੇਗੀ ਕਾਰਵਾਈ
ਹੁਕਮ ਅਨੁਸਾਰ ਇਸ ਵਾਰ ਸ਼ਹਿਰ ਵਾਸੀ ਈਕੋ-ਫਰੈਂਡਲੀ ਪਟਾਕੇ ਵੀ ਨਹੀਂ ਚਲਾ ਸਕਣਗੇ। ਅਜਿਹੇ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਸੋਮਵਾਰ ਤੋਂ ਹੀ ਪ੍ਰਸ਼ਾਸਨ ਨੇ ਪਟਾਕਿਆਂ ’ਤੇ ਰੋਕ ਲਾਉਣ ਸੰਬੰਧੀ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਸੋਮਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਾਰ ਪਟਾਕੇ ਨਾ ਚਲਾਉਣ। ਲੋਕਾਂ ਨੂੰ ਦੀਵਾਲੀ ਮੌਕੇ ਘਰ 'ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਇਕ ਸਿਹਤ ਸਲਾਹ ਵੀ ਜਾਰੀ ਕੀਤੀ ਅਤੇ ਵੱਖ-ਵੱਖ ਤੱਥਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਦਾ ਸੁਝਾਅ ਦਿੱਤਾ। ਪ੍ਰਸ਼ਾਸਨ ਨੇ ਕਿਹਾ ਕਿ ਸ਼ਹਿਰ 'ਚ ਕੋਰੋਨਾ ਦੇ ਮਾਮਲੇ ਖਤਮ ਨਹੀਂ ਹੋਏ ਹਨ। ਕਈ ਲੋਕ ਹਾਲੇ ਹਸਪਤਾਲ 'ਚ ਦਾਖ਼ਲ ਹਨ। ਵੱਖ-ਵੱਖ ਸੰਸਥਾਵਾਂ ਨੇ ਵੀ ਅਪੀਲ ਕੀਤੀ ਹੈ ਕਿ ਇਸ ਵਾਰ ਜੇਕਰ ਦੀਵਾਲੀ ’ਤੇ ਪਟਾਕੇ ਚਲਾਏ ਗਏ ਤਾਂ ਉਸ ਤੋਂ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆ ਕੋਰੋਨਾ ਦੇ ਮਰੀਜ਼ਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸਿਹਤ ਸਲਾਹ 'ਚ ਕਿਹਾ ਗਿਆ ਸੀ ਕਿ ਪਟਾਕਿਆਂ ਦਾ ਪ੍ਰਦੂਸ਼ਣ ਕੋਰੋਨਾ ਨਾਲ ਠੀਕ ਹੋ ਚੁੱਕੇ ਲੋਕਾਂ ਲਈ ਬੇਹੱਦ ਨੁਕਸਾਨਦਾਇਕ ਹੈ। ਪਟਾਕਿਆਂ ’ਤੇ ਰੋਕ ਲਾਉਣ ਲਈ ਬੁੱਧਵਾਰ ਨੂੰ ਐੱਨ. ਜੀ. ਟੀ. ਨੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ : ਦਰਦਨਾਕ : ਭਿਆਨਕ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਗੁਰਦਾਸਪੁਰ ਦਾ ਨੌਜਵਾਨ

PunjabKesari
ਵੱਖ-ਵੱਖ ਸੰਸਥਾਵਾਂ ਨੇ 30 ਨਵੰਬਰ ਤੱਕ ਰੋਕ ਦੀ ਮੰਗ ਕੀਤੀ ਸੀ
ਵੱਖ-ਵੱਖ ਸਮੂਹਾਂ ਵਲੋਂ ਦਰਜ ਪਟੀਸ਼ਨਾਂ 'ਚ 30 ਨਵੰਬਰ ਤੱਕ ਪਟਾਕਿਆਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਐੱਨ. ਜੀ. ਟੀ. ਨੇ ਇਸ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦਾ ਦਾਇਰਾ ਐੱਨ. ਸੀ. ਆਰ. ਤੋਂ ਵਧਾ ਦਿੱਤਾ ਅਤੇ ਚੰਡੀਗੜ੍ਹ ਸਮੇਤ ਹੋਰ ਰਾਜਾਂ ਨੂੰ ਨੋਟਿਸ ਜਾਰੀ ਕੀਤਾ। ਬੈਂਚ ਨੇ ਕਿਹਾ ਕਿ ਸਾਰੇ ਸਬੰਧਤ ਰਾਜ ਅਤੇ ਯੂ. ਟੀ., ਜਿੱਥੇ ਹਵਾ ਗੁਣਵੱਤਾ ਤਸੱਲੀ ਬਖਸ਼ ਨਹੀਂ ਹੈ, ਉਹ ਓੜੀਸਾ ਅਤੇ ਰਾਜਸਥਾਨ ਦੀ ਤਰ੍ਹਾਂ ਪਟਾਕਿਆਂ ਦੀ ਖਰੀਦ ਅਤੇ ਵਿਕਰੀ ’ਤੇ ਕਦਮ ਚੁੱਕਣ ’ਤੇ ਵਿਚਾਰ ਕਰ ਸਕਦੇ ਹਨ। ਇਸ ਤੋਂ ਬਾਅਦ ਵੀਰਵਾਰ ਨੂੰ ਦਿੱਲੀ ਸਮੇਤ ਕਈ ਰਾਜਾਂ ਨੇ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਰੋਕ ਲਾ ਦਿੱਤੀ। ਦਿੱਲੀ ਦੇ ਫ਼ੈਸਲੇ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਚੰਡੀਗੜ੍ਹ ਨੇ ਵੀ ਰੋਕ ਲਾਉਣ ਦਾ ਫ਼ੈਸਲਾ ਲੈ ਲਿਆ।

ਇਹ ਵੀ ਪੜ੍ਹੋ : ਅਜਨਾਲਾ 'ਚ ਖ਼ੌਫਨਾਕ ਵਾਰਦਾਤ, ਸਾਬਕਾ ਅਕਾਲੀ ਸਰਪੰਚ ਦਾ ਕਤਲ
ਤੁਗਲਕੀ ਫ਼ੈਸਲਾ, ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ ?
ਪਟਾਕਿਆਂ ’ਤੇ ਪਾਬੰਦੀ ਦਾ ਕਈ ਸੰਗਠਨਾਂ ਨੇ ਵਿਰੋਧ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਉਦਯੋਗ ਵਪਾਰ ਮੰਡਲ ਦੇ ਕਨਵੀਨਰ ਕੈਲਾਸ਼ ਚੰਦ ਜੈਨ ਨੇ ਕਿਹਾ ਹੈ ਕਿ ਪ੍ਰਸ਼ਾਸਨ ਦਾ ਇਹ ਫ਼ੈਸਲਾ ਇਕ ਤਰ੍ਹਾਂ ਨਾਲ ਤੁਗਲਕੀ ਫ਼ੈਸਲਾ ਹੈ, ਜੋ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਸ ਫੈਸਲੇ ਨਾਲ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਚੁੱਕਣਾ ਪਵੇਗਾ, ਜਿਨ੍ਹਾਂ ਦੁਕਾਨਦਾਰਾਂ ਨੇ ਪਹਿਲਾਂ ਹੀ ਮਾਲ ਖਰੀਦਿਆ ਹੋਇਆ ਹੈ ਜਾਂ ਆਰਡਰ ਦਿੱਤਾ ਹੋਇਆ ਹੈ ਉਨ੍ਹਾਂ ਲਈ ਤਾਂ ਇਹ ਫ਼ੈਸਲਾ ਆਫ਼ਤ ਬਣ ਗਿਆ ਹੈ। ਉਨ੍ਹਾਂ ਨੂੰ ਭਾਰੀ ਨੁਕਸਾਨ ਚੁੱਕਣਾ ਪਵੇਗਾ। ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ? ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਸੀ ਅਤੇ ਸਮੇਂ ’ਤੇ ਇਸ ਸਬੰਧਿਤ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਸਨ। ਉਨ੍ਹਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਪਟਾਕੇ ਵੇਚਣ ਦੀ ਮਨਜ਼ੂਰੀ ਦੇਣ।

 


author

Babita

Content Editor

Related News