ਸ੍ਰੀ ਮੁਕਤਸਰ ਸਾਹਿਬ ਵਿਖੇ ਪਟਾਕਾ ਸੇਲ ਲਾਇਸੈਂਸਾਂ ਲਈ ਮਾਰੋ ਮਾਰ ਤਾਂ ਗਿੱਦੜਬਾਹਾ ਦੇ ਪਟਾਕਾ ਵਿਕਰੇਤਾ ਚੁੱਪ

10/31/2021 12:26:45 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ) - ਦੀਵਾਲੀ ਦਾ ਸਬੰਧ ਜਿੰਨਾ ਮਿਠਿਆਈਆਂ ਨਾਲ ਹੈ ਉਂਨਾ ਹੀ ਸਬੰਧ ਪਟਾਕਿਆਂ ਨਾਲ ਹੈ। ਇਸ ਵਾਰ ਜ਼ਿਲ੍ਹੇ ਵਿਚ 616 ਵਿਅਕਤੀਆਂ ਨੇ ਪਟਾਕਿਆਂ ਦੇ ਲਾਇਸੈਂਸ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਅਰਜ਼ੀ ਦਿੱਤੀ। ਜਿੰਨ੍ਹਾ ਵਿਚੋਂ 27 ਲਾਇਸੈਂਸ ਦਿੱਤੇ ਗਏ। ਵੱਡੀ ਗੱਲ ਇਹ ਰਹੀ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸ਼ਹਿਰ ਗਿੱਦੜਬਾਹਾ ਵਿਚ ਇੱਕ ਵੀ ਵਿਅਕਤੀ ਵੱਲੋਂ ਪਟਾਕਿਆਂ ਦੇ ਲਾਇਸੈਂਸ ਲਈ ਅਰਜ਼ੀ ਨਹੀਂ ਦਿੱਤੀ ਗਈ। ਹੁਣ ਇਸ ਦਾ ਮਤਲਬ ਕਦਾਚਿਤ ਇਹ ਤਾਂ ਨਹੀਂ ਕਿ ਗਿੱਦੜਬਾਹਾ ਵਿਚ ਪਟਾਕਾ ਸਟਾਲ ਹੀ ਨਾ ਲੱਗਣਗੀਆਂ ਅਤੇ ਨਾਂ ਹੀ ਇਸਦਾ ਮਤਲਬ ਇਹ ਹੈ ਕਿ ਗਿੱਦੜਬਾਹਾ ਵਾਸੀ ਪਟਾਕੇ ਖਰੀਦਣ ਲਈ ਸ੍ਰੀ ਮੁਕਤਸਰ ਸਾਹਿਬ ਜਾਂ ਮਲੋਟ ਆਉਣਗੇ। ਗਿੱਦੜਬਾਹਾ ਦੇ ਇੱਕ ਵੀ ਪਟਾਕਾ ਵਿਕਰੇਤਾ ਵੱਲੋਂ ਲਾਇਸੈਂਸ ਦੀ ਅਰਜ਼ੀ ਨਾ ਦੇਣ ਦੀ ਚਰਚਾ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਾਕੀ ਪਟਾਕਾ ਵਿਕਰੇਤਾਵਾਂ ਨੂੰ ਚਿੰਤਾਵਾਂ ਵਿਚ ਪਾ ਦਿੱਤਾ। ਇਸ ਗੱਲ ਦੀ ਚਰਚਾ ਪੂਰੀ ਜ਼ੋਰ 'ਤੇ ਹੈ ਕਿ ਕਥਿਤ ਤੌਰ 'ਤੇ ਬਾਕੀ ਜ਼ਿਲ੍ਹੇ ਵਾਂਗ ਪਟਾਕਾ ਸਟਾਲਾਂ ਤਾਂ ਗਿੱਦੜਬਾਹਾ ਵਿਖੇ ਵੀ ਲੱਗਣਗੀਆਂ ਪਰ ਉੱਥੋਂ ਦੇ ਪਟਾਕਾ ਵਿਕਰੇਤਾਵਾਂ ਨੇ ਏਕਾ ਕਰਕੇ ਇੱਕ ਵੀ ਅਰਜ਼ੀ ਨਹੀਂ ਦਿੱਤੀ ਗਈ ਜਾਂ ਫਿਰ ਉਨ੍ਹਾਂ ਕੋਲ ਅਜਿਹੀ ਕਿਹੜੀ ਗਿੱਦੜਸਿੰਘੀ ਹੈ ਜਿਸ ਨਾਲ ਉਹ ਬਿਨਾਂ ਲਾਇਸੰਸ ਲਏ ਹੀ ਪਟਾਕੇ ਵੇਚ ਜਾਣਗੇ। ਹੁਣ ਦੂਜੇ ਪਾਸੇ ਗੁਆਂਢੀ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦਾ ਆਰਜੀ ਪਟਾਕਾ ਸੇਲ ਲਾਇਸੈਂਸ ਮਾਮਲੇ ਵਿਚ ਹਾਲ ਇਹ ਹੈ ਕਿ ਇੱਥੇ ਪਟਾਕਾ ਵਿਕਰੇਤਾਵਾਂ ਦੀ ਹਾਲਤ ਇੱਕ ਅਨਾਰ ਸੋ ਬਿਮਾਰ ਵਾਲੀ ਹੋਈ ਪਈ ਹੈ। ਸ਼ਹਿਰ ਵਿਚ ਕੁਲ 10 ਲਾਇਸੈਂਸ ਨਿਕਲੇ ਹਨ ਜਿੰਨ੍ਹਾ ਵਿਅਕਤੀਆਂ ਨੂੰ ਜ਼ਿਆਦਾਤਾਰ ਲਾਇਸੈਂਸ ਨਿਕਲੇ ਹਨ ਉਨ੍ਹਾਂ ਦਾ ਪਟਾਕਾ ਸੇਲ ਕਾਰੋਬਾਰ ਨਾਲ ਦੂਰ-ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ। ਜੋ ਲੋਕ ਲੰਮੇ ਸਮੇਂ ਤੋਂ ਪਟਾਕਾ ਕਾਰੋਬਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਵਿਚੋਂ ਬਹੁਤਿਆਂ ਨੂੰ ਲਾਇਸੈਂਸ ਹੀ ਨਹੀਂ ਨਿਕਲੇ। ਇਸ ਸਬੰਧੀ ਬੀਤੇ ਦਿਨੀਂ ਵਪਾਰ ਮੰਡਲ ਨੇ ਨਾਅਰੇਬਾਜ਼ੀ ਵੀ ਕੀਤੀ ਪਰ ਮਸਲਾ ਜਿਉਂ ਦਾ ਤਿਉਂ ਹੈ। ਪਟਾਕਾ ਕਾਰੋਬਾਰ ਅਜਿਹਾ ਹੈ ਕਿ ਇਸ ਵਿਚ ਪਟਾਕਾ ਦੀਵਾਲੀ ਤੋਂ ਕਰੀਬ 3 ਮਹੀਨੇ ਪਹਿਲਾ ਹੋਲਸੇਲਰਾਂ ਕੋਲ ਆ ਜਾਂਦਾ ਹੈ ਅਤੇ ਹੁਣ ਸ਼ਹਿਰ ਵਿਚ ਕੁਝ ਕੁ ਹੋਲਸੇਲਰਾਂ ਦੀ ਹਾਲਤ ਵੀ ਅਜਿਹੀ ਹੋ ਚੁੱਕੀ ਹੈ ਕਿ ਉਨ੍ਹਾਂ ਕੋਲ ਪਟਾਕਾ ਸਟਾਕ ਤਾਂ ਹੈ ਪਰ ਲਾਇਸੈਂਸ ਨਹੀਂ ਜਿਸ ਕਾਰਨ ਪਟਾਕਾ ਸੇਲ ਕਰਨਾ ਉਨ੍ਹਾਂ ਲਈ ਤਾਂ ਇੱਕ ਹਿਸਾਬ ਨਾਲ ਗੈਰ ਕਾਨੂੰਨੀ ਹੋ ਗਿਆ ਹੈ ਪਰ ਦੂਜੇ ਪਾਸੇ ਇਸ ਸਭ ਵਿਚ ਗਿੱਦੜਬਾਹਾ ਦੇ ਪਟਾਕਾ ਹੋਲਸੇਲਰ ਅਤੇ ਰਿਟੇਲਰ ਚੁੱਪ ਚਾਪ ਦੀਵਾਲੀ ਵਾਲੇ ਦਿਨ ਦਾ ਇੰਤਜਾਰ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਹੁਣ ਜਦੋਂ ਦੀਵਾਲੀ ਵਿਚ ਗਿਣਤੀ ਦੇ ਦਿਨ ਰਹਿ ਗਏ ਹਨ ਤਾਂ ਕੀ ਗਿੱਦੜਬਾਹਾ ਵਿਚ ਪਟਾਕੇ ਨਹੀਂ ਵਿਕਦੇ ਜਾਂ ਫਿਰ ਗਿੱਦੜਬਾਹਾ ਵਿਚ ਕਾਨੂੰਨ ਅਲੱਗ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਅਲੱਗ ਕੰਮ ਕਰੇਗਾ।

ਇਹ ਵੀ ਪੜ੍ਹੋ - ਸਿੱਧੂ ਨੇ ਟਾਈਟਲਰ ਦੀ ਕੁਲੀਨ ਪੈਨਲ 'ਚ ਨਿਯੁਕਤੀ 'ਤੇ ਇਤਰਾਜ਼ ਕਿਉਂ ਨਹੀਂ ਜਤਾਇਆ: ਪਰਮਬੰਸ ਸਿੰਘ ਰੋਮਾਣਾ

ਆਰਜੀ ਪਟਾਕਾ ਲਾਇਸੈਂਸਾਂ ਦੀ ਖਰੀਦੋ ਫਰੋਖ਼ਤ ਵੀ ਚਰਚਾਵਾਂ ਵਿਚ
ਇਹ ਸਭ ਦੇ ਸਾਹਮਣੇ ਹੈ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਪਟਾਕਾ ਕਾਰੋਬਾਰ ਨਾਲ ਜੁੜੇ 8 ਤੋਂ 10 ਫਰਮਾਂ ਹੀ ਹਨ ਪਰ ਜਦ ਆਰਜੀ ਪਟਾਕਾ ਲਾਇਸੈਂਸ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਤਾਂ ਇਕੱਲੇ ਸ੍ਰੀ ਮੁਕਤਸਰ ਸਾਹਿਬ ਵਿਚੋਂ ਹੀ ਕਰੀਬ 350 ਵਿਅਕਤੀਆਂ ਨੇ ਅਰਜ਼ੀ ਪਾਈ। ਹੁਣ ਪ੍ਰਸਾਸ਼ਨ ਵੱਲੋਂ ਪੂਰੇ ਪਾਰਦਰਸ਼ੀ ਢੰਗ ਨਾਲ ਇਨ੍ਹਾਂ ਅਰਜ਼ੀਆਂ ਵਿਚੋਂ ਲਾਟਰੀ ਸਿਸਟਮ ਰਾਹੀ ਲਾਇਸੈਂਸ ਜਾਰੀ ਕੀਤੇ ਗਏ ਪਰ ਜਮੀਨੀ ਸੱਚਾਈ ਇਹ ਵੀ ਹੈ ਕਿ ਕਰੀਬ 10 ਪ੍ਰਤੀਸ਼ਤ ਲਾਇਸੈਂਸ ਹੀ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਹਿੱਸੇ ਆਏ ਅਤੇ ਬਾਕੀ ਜਿੰਨ੍ਹਾ ਨੂੰ ਲਾਇਸੈਂਸ ਮਿਲੇ ਉਹ ਹੁਣ ਇਨ੍ਹਾਂ ਲਾਇਸੈਂਸਾਂ ਦੀ ਕਥਿਤ ਖਰੀਦੋ ਫਰੋਖ਼ਤ ਵਿਚ ਲੱਗ ਗਏ। ਭਾਵੇ ਇਸ ਸਬੰਧੀ ਸੱਚਾਈ ਤਾਂ ਉਸ ਦਿਨ ਹੀ ਸਾਹਮਣੇ ਆਵੇਗੀ ਜਿਸ ਦਿਨ ਇਹ ਪਟਾਕਾ ਆਰਜੀ ਸਟਾਲਾਂ ਲੱਗਣਗੀਆਂ ਕਿ ਕਿੰਨੇ ਲਾਇਸੈਂਸ ਧਾਰਕ ਖੁਦ ਪਟਾਕਾ ਵਿਕਰੇਤਾ ਹਨ ਪਰ ਫਿਲਹਾਲ ਲਾਇਸੈਂਸਾਂ ਦੀ ਖਰੀਦ ਫਰੋਖ਼ਤ ਸਬੰਧੀ ਚਰਚਾਵਾਂ ਦਾ ਬਜ਼ਾਰ ਗਰਮ ਹੈ।

ਇਹ ਵੀ ਪੜ੍ਹੋ - CM ਚੰਨੀ ਨੇ ਨਰਮਾ ਉਤਪਾਦਕਾਂ ਨੂੰ ਨਿਗੂਣਾ ਤੇ ਅੰਸ਼ਿਕ ਮੁਆਵਜ਼ਾ ਦੇ ਕੇ ਕਿਸਾਨਾਂ ਨਾਲ ਕੀਤਾ ਧੋਖਾ: ਅਕਾਲੀ ਦਲ

ਪਟਾਕਾ ਸੇਲ ਸਬੰਧੀ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਹੋਵੇਗੀ ਪਾਲਣਾ- ਡਿਪਟੀ ਕਮਿਸ਼ਨਰ
ਜਦ ਇਸ ਪੂਰੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਟਾਕਾ ਵੇਚਣ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ। ਗਿੱਦੜਬਾਹਾ ਵਿਚ ਜੇਕਰ ਕਿਸੇ ਵਿਅਕਤੀ ਨੇ ਲਾਇਸੈਂਸ ਲਈ ਅਰਜ਼ੀ ਹੀ ਨਹੀਂ ਦਿੱਤੀ ਅਤੇ ਲਾਇਸੈਂਸ ਨਹੀਂ ਲਿਆ ਤਾਂ ਉੱਥੇ ਪਟਾਕਿਆਂ ਦੀ ਵਿਕਰੀ ਨਹੀਂ ਹੋਵੇਗੀ। ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਸ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹੀ ਕੰਮ ਕਰਨਗੇ। ਆਰਜੀ ਪਟਾਕਾ ਲਾਇਸੈਂਸ ਦੀ ਖਰੀਦੋ ਫਰੋਖ਼ਤ ਦੀਆਂ ਚਰਚਾਵਾਂ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਮੌਕੇ ਵਿਸ਼ੇਸ਼ ਚੈਕਿੰਗ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਬੀਤੇ ਦਿਨ ਖਾਣ-ਪੀਣ ਦੀਆਂ ਵਸਤਾਂ ਸਬੰਧੀ ਵਿਸ਼ੇਸ਼ ਚੈਕਿੰਗ ਹੋਈ ਅਤੇ ਇਸੇ ਤਰ੍ਹਾਂ ਟੀਮਾਂ ਬਣਾ ਕੇ ਪਟਾਕਿਆਂ ਸਬੰਧੀ ਵੀ ਸਮੇਂ-ਸਮੇਂ ਚੈਕਿੰਗ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News