ਕਪੂਰਥਲਾ: ਪਲਾਂ ''ਚ ਸੜੇ ਆਸ਼ਿਆਨਿਆਂ ਨੂੰ ਵੇਖ ਕੇ ਬੋਲੇ ਪੀੜਤ ਮਜ਼ਦੂਰ, ‘‘ਬਾਬੂ ਜੀ, ਸਭ ਕੁਝ ਤਬਾਹ ਹੋ ਗਿਆ’
Thursday, May 27, 2021 - 09:04 PM (IST)
ਕਪੂਰਥਲਾ ( ਮੱਲ੍ਹੀ ) : ਸੁਲਤਾਨਪੁਰ ਲੋਧੀ ਰੋਡ ਕਪੂਰਥਲਾ ਸਾਹਮਣੇ ਸਥਿਤ ਆਰ. ਸੀ. ਐੱਫ. ਸਾਹਮਣੇ ਵਸੀਆਂ ਹੋਈਆਂ 400 ਤੋਂ ਵੱਧ ਝੁੱਗੀਆਂ ਦੇ ਅੱਗ ਨਾਲ ਸੜ ਕੇ ਸਵਾਹ ਹੋਣ ਦੀ ਦੁੱਖਦਾਈ ਘਟਨਾ ਵਾਪਰੀ ਸੀ। ਭਾਂਵੇਂ ਉਕਤ ਅਗਨੀ ਕਾਂਡ ਵਿਚ ਕਿਸੇ ਵੀ ਮਜ਼ਦੂਰ ਪਰਿਵਾਰ ਦੇ ਜੀਅ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਮੌਕੇ ’ਤੇ ਹਾਜ਼ਰ ਪੁਲਸ ਚੌਂਕੀ ਭੁਲਾਣਾ ਦੇ ਇੰਚਾਰਜ ਅਤੇ ਹੋਰ ਮੁਲਾਜ਼ਮਾਂ ਨੇ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ। ਕੁੱਝ ਪੀੜਤ ਪ੍ਰਵਾਸੀ ਭਾਰਤੀ ਮਜਦੂਰਾਂ ਨੇ ਦੱਸਿਆ ਕਿ ਇਕ ਝੁੱਗੀ ਵਿਚ ਦੁਪਹਿਰ ਵੇਲੇ ਇਕ ਜਨਾਨੀ ਖਾਣਾ ਬਣਾਉਣ ਲਈ ਚੁੱਲ੍ਹਾ ਬਾਲ ਰਹੀ ਸੀ। ਸ਼ਾਇਦ ਇਸ ਬਲਦੇ ਚੁੱਲ੍ਹੇ ਵਿਚੋਂ ਕੋਈ ਚਿੰਗਾੜੀ ਭੜ੍ਹਕੀ ਜਿਸ ਨੇ ਭਾਂਬੜ ਦਾ ਰੂਪ ਧਾਰਨ ਕੀਤਾ ਅਤੇ ਪਲਾਂ ’ਚ ਅੱਗ ਨੇ ਸੈਂਕੜੇ ਝੁੱਗੀਆਂ ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਸਵਾਹ ਬਣਾ ਦਿੱਤਾ।
ਬਾਬੂ ਜੀ, ਸਭ ਕੁਝ ਤਬਾਹ ਹੋ ਗਿਆ
ਉਕਤ ਝੁੱਗੀ ਝੌਂਪੜੀ ਅਗਨੀ ਕਾਂਡ ਤੋਂ ਪੀੜਤ ਪ੍ਰਵਾਸੀ ਭਾਰਤੀ ਮਜ਼ਦੂਰ ਅਰੁਣ ਕੁਮਾਰ, ਸੁਨੀਲ ਕੁਮਾਰ, ਪ੍ਰਕਾਸ਼ ਰਾਮ, ਜਯੋਤੀ ਕੁਮਾਰੀ, ਸੁਬੋਧ, ਆਰਤੀ, ਮਾਇਆ ਮੀਲੂ, ਬਿਪਨ ਚੰਦਰ, ਗੋਪਾਲ ਕੁਮਾਰ, ਲਕਸ਼ਮੀ ਦੇਵੀ, ਨੀਰਾ ਦੇਵੀ, ਵਿਦਿਆ ਕੁਮਾਰੀ,ਬਿਰਜੂ ਬਿੰਦ, ਬੁਜੀਆ ਦੇਵੀ, ਮਹਤੋ ਦੇਵ, ਸਲੋਚਨਾ ਦੇਵੀ ਅਤੇ ਗੀਤਾ ਰਾਣੀ ਆਦਿ ਨੇ ਭੁੱਬਾਂ ਮਾਰ-ਮਾਰ ਰੋਂਦਿਆਂ ਦੱਸਿਆ ਕਿ ਕੀ ਦੱਸੀਏ ਬਾਬੂ ਜੀ, ਦੇਖਦੇ ਹੀ ਦੇਖਦੇ ਸਭ ਕੁਝ ਸਵਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਖਾਣ ਵਾਲਾ ਰਾਸ਼ਨ (ਕਣਕ/ਚੌਲ), ਪਾਉਣ ਵਾਲੇ ਕਪੜੇ, ਨਗਦੀ, ਸਾਈਕਲ, ਮੰਜੇ, ਆਲੂ, ਆਦਿ ਝੌਂਪੜੀ ’ਚ ਪਿਆ ਸਾਰਾ ਸਮਾਨ ਅੱਗ ਦੀ ਭੇਂਟ ਚੜ੍ਹ ਗਿਆ।
ਪੀੜਤ ਪ੍ਰਵਾਸੀ ਭਾਰਤੀ ਮਜਦੂਰਾਂ ਨੂੰ ਮੁੜ ਵਸੇਬੇ ਲਈ ਮੁਆਵਜਾ ਦੇਣ ਦੀ ਕੀਤੀ ਮੰਗ
ਉਕਤ ਝੁੱਗੀ ਝੌਂਪੜੀ ਅਗਨੀ ਕਾਂਡ ਵਿਚ ਪੀੜਤ ਲੋਕਾਂ ਦੀ ਮਦਦ ਕਰਨ ਅਤੇ ਅੱਗ ਬੁਝਾਉਣ ਪਹੁੰਚੇ ਸਮਾਜ ਸੇਵਕ ਸਤਵੇਲ ਸਿੰਘ ਭੁੱਲਰ, ਪ੍ਰਬੋਧ ਕੁਮਾਰ, ਦਵਿੰਦਰਪਾਲ ਸਿੰਘ ਹੰਸਪਾਲ , ਵਿਨੋਦ ਕੁਮਾਰ ਮਨਚੰਦਾ, ਸਰਵਜੀਤ ਸਿੰਘ, ਜੀਤ ਸਿੰਘ ਆਦਿ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅੱਗ ’ਤੇ ਕਾਬੂ ਪਾਉਣ ਲਈ ਆਪਣਾ ਯੋਗਦਾਨ ਪਾਇਆ ਅਤੇ ਉਕਤ ਝੁੱਗੀ ਝੌਂਪੜੀ ਅਗਨੀ ਕਾਂਡ ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਪਾਸੋਂ ਯੋਗ ਮੁਆਵਜ਼ੇ ਦੀ ਮੰਗ ਵੀ ਕੀਤੀ।