ਫਾਇਰ ਸੇਫਟੀ ਪੱਖੋਂ ਸੇਫ ਨਹੀਂ ਦਰਜਨਾਂ ਕੋਚਿੰਗ ਸੈਂਟਰ

05/27/2019 12:53:52 PM

ਪਟਿਆਲਾ/ਰੱਖੜਾ (ਬਲਜਿੰਦਰ, ਰਾਣਾ)—ਸੂਰਤ ਵਿਚ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਜਦੋਂ ਪਟਿਆਲਾ 'ਚ ਚੱਲ ਰਹੇ ਕੋਚਿੰਗ ਸੈਂਟਰਾਂ ਵੱਲ ਗੌਰ ਕੀਤਾ ਗਿਆ ਤਾਂ ਪਤਾ ਲੱਗਾ ਕਿ ਪਟਿਆਲਾ ਵਿਚ ਵੀ ਦਰਜਨਾਂ ਕੋÎਚਿੰਗ ਸੈਂਟਰ ਅਜਿਹੇ ਹਨ ਜਿਹੜੇ ਕਿ ਫਾਇਰ ਸੇਫਟੀ ਪੱਖੋਂ ਸੇਫ ਨਹੀਂ ਹਨ। ਕਈ ਤਾਂ ਅਜਿਹੀਆਂ ਬਹੁ-ਮੰਜ਼ਲੀ ਇਮਾਰਤਾਂ ਵਿਚ ਖੁੱਲ੍ਹੇ ਹੋਏ ਹਨ, ਜਿਥੇ ਕਈ ਮੰਜ਼ਲਾਂ ਨੂੰ ਸਿਰਫ ਇਕ 4 ਫੁੱਟ ਚੌੜੀ ਪੌੜੀ ਹੀ ਜੋੜਦੀ ਹੈ। ਉਥੇ ਕੋਈ ਐਮਰਜੈਂਸੀ ਐਗਜ਼ਿਟ ਨਹੀਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਦੀ ਕੋਈ ਚੈÎਕਿੰਗ ਨਹੀਂ ਕੀਤੀ ਜਾ ਰਹੀ। ਕਈ ਬਿਲਡਿੰਗਾਂ ਤਾਂ ਅਜਿਹੀਆਂ ਹਨ ਕਿ ਉੱਪਰਲੀਆਂ ਮੰਜ਼ਲਾਂ ਦੇ ਬਾਹਰ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਖੜ੍ਹੇ ਹਨ। ਜੇਕਰ ਹਾਦਸਾ ਹੋਣ ਦੀ ਸੂਰਤ ਵਿਚ ਕੋਈ ਪਹਿਲੀ ਮੰਜ਼ਲ ਤੋਂ ਛਾਲ ਵੀ ਮਾਰ ਜਾਵੇ ਤਾਂ ਸਿੱਧਾ ਜਾ ਕੇ ਬਿਜਲੀ ਦੀਆਂ ਤਾਰਾਂ ਵਿਚ ਫਸ ਜਾਵੇਗਾ।

ਦੂਜਾ ਇਨ੍ਹਾਂ ਬਹੁ-ਮੰਜ਼ਲੀ ਇਮਾਰਤਾਂ ਵਿਚ ਸਹੀ ਤਰੀਕੇ ਨਾਲ ਫਾਇਰ ਸੇਫਟੀ ਸਿਸਟਮ ਵੀ ਇੰਸਟਾਲ ਨਹੀਂ ਕੀਤੇ ਗਏ ਤਾਂ ਕਿ ਜ਼ਰੂਰਤ ਪੈਣ 'ਤੇ ਉਨ੍ਹਾਂ ਦਾ ਪ੍ਰਯੋਗ ਕੀਤਾ ਜਾ ਸਕੇ। ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ ਦਰਜਨਾਂ ਕੋਚਿੰਗ ਸੈਂਟਰ ਅਜਿਹੇ ਹਨ, ਜਿੱਥੇ ਕਿ ਫਾਇਰ ਸੇਫਟੀ ਪੱਖੋਂ ਸੇਫ ਨਹੀਂ ਹਨ। ਪਰਮਾਤਮਾ ਨਾ ਕਰੇ ਜੇਕਰ ਉਥੇ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਵੱਡੇ ਪੱਧਰ 'ਤੇ ਜ਼ਿੰਦਗੀਆਂ ਨੂੰ ਖਤਰਾ ਹੋ ਸਕਦਾ ਹੈ।

ਪਟਿਆਲਾ ਸ਼ੁਰੂ ਤੋਂ ਹੀ ਸਿੱਖਿਆ ਦਾ ਹੱਬ ਰਿਹਾ ਹੈ। ਇਥੇ ਕਈ ਦਰਜਨ ਕੋਚਿੰਗ ਸੈਂਟਰ ਹਨ। ਪਟਿਆਲਾ ਮਾਲਵਾ ਰੀਜਨ ਲਈ ਚੰਡੀਗੜ੍ਹ ਤੋਂ ਬਾਅਦ ਹੁਣ ਦੂਜਾ ਵੱਡਾ ਐਜੂਕੇਸ਼ਨ ਦਾ ਹੱਬ ਕਿਹਾ ਜਾ ਸਕਦਾ ਹੈ। ਪਟਿਆਲਾ ਵਿਚ ਲੀਲਾ ਭਵਨ, 22 ਨੰਬਰ ਫਾਟਕ, ਰਾਜਬਾਹਾ ਰੋਡ, 21 ਤੋਂ 22 ਨੰਬਰ ਫਾਟਕ ਅਤੇ ਅਰਬਨ ਅਸਟੇਟ ਆਦਿ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਕੋਚਿੰਗ ਸੈਂਟਰ ਹਨ। ਕਈ ਸੈਂਟਰ ਬਹੁ-ਮੰਜ਼ਲੀ ਇਮਾਰਤਾਂ ਵਿਚ ਬਣੇ ਹੋਏ ਹਨ। ਕਈ ਕੋਚਿੰਗ ਸੈਂਟਰ ਬਹੁਮੰਜ਼ਲੀ ਇਮਾਰਤਾਂ ਵਿਚ ਬਣੇ ਹੋਏ ਹਨ। ਉਨ੍ਹਾਂ ਨੂੰ ਜਾਣ ਲਈ ਸਿਰਫ ਇਕ ਹੀ ਰਸਤਾ ਹੈ। ਕੋਈ ਐਮਰਜੈਂਸੀ ਐਗਜ਼ਿਟ ਨਹੀਂ ਹੈ। ਇਸ ਤੋਂ ਇਲਾਵਾ ਕੋਈ ਕੋਚਿੰਗ ਸੈਂਟਰ ਤਾਂ ਬੇਸਮੈਂਟ ਵਿਚ ਵੀ ਬਣੇ ਹੋਏ ਹਨ। ਇਹ ਸਿੱਧੇ ਤੌਰ 'ਤੇ ਗੈਰ-ਕਾਨੂੰਨੀ ਕਹੇ ਜਾ ਸਕਦੇ ਹਨ। ਨੈਸ਼ਨਲ ਬਿਲਡਿੰਗ ਕੋਡ ਆਫ ਇੰਡੀਆ ਦਾ ਦਿੱਲੀ ਫਾਇਰ ਪ੍ਰੀਵੈਨਸ਼ਨ ਅਤੇ ਫਾਇਰ ਸੇਫਟੀ ਐਕਟ 1986 ਅਧੀਨ ਪ੍ਰੋਵੀਜ਼ਨਾਂ ਅਨੁਸਾਰ ਕਾਨੂੰਨ ਬਣਿਆ ਹੋਇਆ ਹੈ, ਜੋ ਕਿ ਬਾਕੀ ਸਟੇਟਾਂ 'ਤੇ ਵੀ ਲਾਗੂ ਹੁੰਦਾ ਹੈ। ਇਸ ਤਹਿਤ ਬੇਸਮੈਂਟ ਵਿਚ ਕੋਈ ਵੀ ਵਿਦਿਅਕ ਅਦਾਰਾ, ਕੋਚਿੰਗ ਸੈਂਟਰ ਅਤੇ ਆਈਲੈਟਸ ਸੈਂਟਰ ਨਹੀਂ ਚਲਾਇਆ ਜਾ ਸਕਦਾ।

ਬਹੁਤਿਆਂ ਕੋਲ ਫਾਇਰ ਸੇਫਟੀ ਸਰਟੀਫਿਕੇਟ ਵੀ ਨਹੀਂ
ਸ਼ਹਿਰ ਵਿਚ ਬਹੁਤੇ ਕੋਚਿੰਗ ਸੈਂਟਰ ਤਾਂ ਅਜਿਹੇ ਚੱਲ ਰਹੇ ਹਨ, ਜਿਨ੍ਹਾਂ ਕੋਲ ਨਗਰ ਨਿਗਮ ਦਾ ਫਾਇਰ ਸੇਫਟੀ ਸਰਟੀਫਿਕੇਟ ਵੀ ਨਹੀਂ ਹੈ। ਇਹ ਸੈਂਟਰ ਫਾਇਰ ਸੇਫਟੀ ਦੇ ਨਿਯਮਾਂ ਨੂੰ ਪੂਰਾ ਨਹੀਂ ਕਰਦੇ। ਇਨ੍ਹਾਂ ਵੱਲੋਂ ਫਾਇਰ ਸੇਫਟੀ ਲਈ ਅਪਲਾਈ ਹੀ ਨਹੀਂ ਕੀਤਾ ਜਾਂਦਾ। ਬਿਨਾਂ ਫਾਇਰ ਸੇਫਟੀ ਸਰਟੀਫਿਕੇਟ ਦੇ ਹੀ ਕੋਚਿੰਗ ਸੈਂਟਰ ਚਲਾਏ ਜਾ ਰਹੇ ਹਨ।

ਨਿਗਮ ਨੇ ਕਦੇ ਵੀ ਚੈੱਕ ਨਹੀਂ ਕੀਤੇ ਸਰਟੀਫਿਕੇਟ
ਨਗਰ ਨਿਗਮ ਵੱਲੋਂ ਵੀ ਕਦੇ ਵੀ ਫਾਇਰ ਸੇਫਟੀ ਸਰਟੀਫਿਕੇਟ ਚੈੱਕ ਨਹੀਂ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਅਜਿਹੇ ਇੰਸਟੀਚਿਊਟ ਖਿਲਾਫ ਕਾਰਵਾਈ ਨਹੀਂ ਕੀਤੀ, ਜਿਸ ਕੋਲ ਫਾਇਰ ਸੇਫਟੀ ਸਰਟੀਫਿਕੇਟ ਨਹੀਂ ਹੁੰਦਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਕਈ ਕੋਚਿੰਗ ਸੈਂਟਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਫਾਇਰ ਸੇਫਟੀ ਸਰਟੀਫਿਕੇਟ ਵੀ ਲੈਣਾ ਹੁੰਦਾ ਹੈ।

ਵੱਡੀਆਂ ਬਿਲਡਿੰਗਾਂ, ਕੰਪਲੈਕਸਾਂ 'ਚ ਵੀ ਫਾਇਰ ਸੇਫਟੀ ਦਾ ਬੁਰਾ ਹਾਲ
ਕੋਚਿੰਗ ਸੈਟਰਾਂ ਹੀ ਨਹੀਂ ਸਗੋਂ ਵੱਡੀਆਂ ਸਰਕਾਰੀ ਬਿਲਡਿੰਗਾਂ, ਕੰਪਲੈਕਸਾਂ ਅਤੇ ਹੋਰ ਅਦਾਰਿਆਂ ਦਾ ਵੀ ਫਾਇਰ ਸੇਫਟੀ ਪੱਖੋਂ ਬੁਰਾ ਹਾਲ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਜ਼ਿਆਦਾਤਰ ਵਿਚ ਫਾਇਰ ਸੇਫਟੀ ਸਿਸਟਮ ਇੰਸਟਾਲ ਹੀ ਨਹੀਂ ਕੀਤਾ ਗਿਆ। ਜਿੱਥੇ ਪਹਿਲਾਂ ਇੰਸਟਾਲ ਕੀਤਾ ਵੀ ਗਿਆ ਹੈ, ਉਥੇ ਖਸਤਾ ਹਾਲਤ ਵਿਚ ਹੈ। ਕਿਤੇ ਹੌਜ਼ ਪਾਈਪਾਂ ਨਹੀਂ ਹਨ। ਕਿਤੇ ਅੱਗ-ਬੁਝਾਊ ਯੰਤਰ ਹੀ ਆਪਣੀ ਮਿਆਦ ਪੁਗਾ ਚੁੱਕੇ ਹਨ। ਨਾ ਹੀ ਫਾਇਰ ਡਿਟੈਕਟਰ ਲੱਗੇ ਹੋਏ ਹਨ ਅਤੇ ਨਾ ਹੀ ਅਲਾਰਮ ਮਸ਼ੀਨਾਂ ਕੰਮ ਕਰ ਰਹੀਆਂ ਹਨ। ਬਿਲਡਿੰਗਾਂ ਵਿਚ ਇਲੈਕਟਰੀਸਿਟੀ ਸਿਸਟਮ ਦੀ ਹਾਲਤ ਖਸਤਾ ਹੈ, ਜਿਨ੍ਹਾਂ ਨੂੰ ਕਵਰ ਨਹੀਂ ਕਰ ਕੇ ਰੱਖਿਆ ਗਿਆ ਅਤੇ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ।


Shyna

Content Editor

Related News