ਸਬਜ਼ੀ ਮੰਡੀ ’ਚ ਖਾਲੀ ਕਰੇਟਾਂ ਨੂੰ ਲੱਗੀ ਅੱਗ, ਝੁੱਗੀ ਸੜੀ, ਸਿਲੰਡਰ ਬਲਾਸਟ

Monday, May 02, 2022 - 03:52 PM (IST)

ਸਬਜ਼ੀ ਮੰਡੀ ’ਚ ਖਾਲੀ ਕਰੇਟਾਂ ਨੂੰ ਲੱਗੀ ਅੱਗ, ਝੁੱਗੀ ਸੜੀ, ਸਿਲੰਡਰ ਬਲਾਸਟ

ਲੁਧਿਆਣਾ (ਰਾਜ) : ਬਹਾਦਰ ਕੇ ਰੋਡ ’ਤੇ ਸਥਿਤ ਸਬਜ਼ੀ ਮੰਡੀ ’ਚ ਬੀਤੀ ਸ਼ਾਮ ਨੂੰ ਅੱਗ ਲੱਗ ਗਈ। ਅੱਗ ਸਭ ਤੋਂ ਪਹਿਲਾਂ ਕਰੇਟਾਂ ਨੂੰ ਲੱਗੀ, ਜੋ ਕਿ ਫੈਲਦੇ ਹੋਏ ਝੁੱਗੀ ਤੱਕ ਪੁੱਜ ਗਈ ਅਤੇ ਅੱਗ ਦੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਲੈ ਲਿਆ, ਜਿਸ ਕਾਰਨ ਝੁੱਗੀ ਦੇ ਅੰਦਰ ਪਿਆ ਸਿਲੰਡਰ ਬਲਾਸਟ ਹੋ ਗਿਆ। ਧਮਾਕੇ ਨਾਲ ਨੇੜੇ ਦੇ ਇਲਾਕੇ ’ਚ ਦਹਿਸ਼ਤ ਫੈਲ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਮੌਕੇ ’ਤੇ ਪੁੱਜ ਗਈ। ਫਾਇਰ ਕਰਮਚਾਰੀਆਂ ਨੇ ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਅੱਗ ਲੱਗਣ ਨਾਲ ਲੱਖਾਂ ਦੇ ਕਰੇਟ, ਝੁੱਗੀ ’ਚ ਪਿਆ ਸਾਮਾਨ ਸੜ ਕੇ ਸਵਾਹ ਹੋ ਗਿਆ। ਇਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਮੰਡੀ ’ਚ ਕੂੜੇ ਦੇ ਡੰਪ ਨੂੰ ਭਿਆਨਕ ਅੱਗ ਲੱਗ ਗਈ ਸੀ। ਉਸ ਸਮੇਂ ਵੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਸੀ। 

ਮੰਡੀ ਵਿਚ ਪਏ ਕਰੇਟਾਂ ਨੂੰ ਅਚਾਨਕ ਅੱਗ ਲੱਗ ਗਈ। ਕਰੇਟਾਂ ਵਿਚ ਅੱਗ ਲੱਗਣ ਨਾਲ ਇਕਦਮ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਨਾਲ ਲਗਦੀ ਝੁੱਗੀ ਨੂੰ ਲਪੇਟ ਵਿਚ ਲੈ ਲਿਆ। ਝੁੱਗੀ ਅੰਦਰ ਬੈਠੇ ਵਰਕਰਾਂ ਨੇ ਭੱਜ ਕੇ ਜਾਨ ਬਚਾਈ। ਕੁਝ ਹੀ ਦੇਰ ਬਾਅਦ ਝੁੱਗੀ ਵਿਚ ਪਿਆ ਸਿਲੰਡਰ ਫਟ ਗਿਆ।

ਐਤਵਾਰ ਨੂੰ ਸਬਜ਼ੀ ਮੰਡੀ ਵਿਚ ਛੁੱਟੀ ਦਾ ਮਾਹੌਲ ਹੁੰਦਾ ਹੈ। ਇਸ ਲਈ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਕਿਵੇਂ ਲੱਗੀ ਇਸ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਪਹਿਲਾਂ ਬੁਝਾਉਣ ਦਾ ਯਤਨ ਕੀਤਾ ਸੀ ਪਰ ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸੀ ਕਿ ਲੋਕਾਂ ਤੋਂ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ ਬੁਝਾਈ।

ਉਧਰ ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਿਰਫ ਕਰੇਟ ਅਤੇ ਸਾਮਾਨ ਹੀ ਸੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰੇਟ ਲਗਾਉਣ ਤੋਂ ਮਨ੍ਹਾ ਕੀਤਾ ਹੋਇਆ ਹੈ, ਫਿਰ ਵੀ ਲੋਕ ਗੱਲ ਨਹੀਂ ਮੰਨਦੇ, ਜਿਨ੍ਹਾਂ ਲੋਕਾਂ ਦੇ ਇਸ ਤਰ੍ਹਾਂ ਖੁੱਲ੍ਹੇ ’ਚ ਕਰੇਟ ਪਏ ਹਨ, ਉਨਾਂ ਦੀ ਪਛਾਣ ਕਰ ਕੇ ਨੋਟਿਸ ਦਿੱਤਾ ਜਾਵੇਗਾ।


author

Anuradha

Content Editor

Related News